Latest News
ਬੰਗਾਲ 'ਚ ਭਰਵੀਂ ਤੇ ਬਿਹਾਰ 'ਚ ਦਰਮਿਆਨੀ ਪੋਲਿੰਗ

Published on 18 Apr, 2019 11:40 AM.


ਨਵੀਂ ਦਿੱਲੀ : ਪੱਛਮੀ ਬੰਗਾਲ ਤੇ ਮਣੀਪੁਰ ਵਿਚ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਵੀਰਵਾਰ ਲੋਕ ਸਭਾ ਚੋਣਾਂ ਦੇ ਦੂਜੇ ਗੇੜ ਦੀ ਪੋਲਿੰਗ ਅਮਨ-ਅਮਾਨ ਨਾਲ ਨੇਪਰੇ ਚੜ੍ਹੀ। ਕੁਲ 95 ਸੀਟਾਂ ਲਈ ਵੋਟਾਂ ਪਈਆਂ।
ਪੱਛਮੀ ਬੰਗਾਲ ਵਿਚ ਲਗਪਗ 76 ਫੀਸਦੀ, ਪੁੱਡੂਚੇਰੀ ਵਿਚ 73.3 ਫੀਸਦੀ, ਕਰਨਾਟਕ ਵਿਚ 61.8 ਫੀਸਦੀ, ਛੱਤੀਸਗੜ੍ਹ ਵਿਚ 72 ਫੀਸਦੀ, ਆਸਾਮ ਵਿਚ 73 ਫੀਸਦੀ, ਜੰਮੂ-ਕਸ਼ਮੀਰ ਵਿਚ 43.3 ਫੀਸਦੀ, ਯੂ.ਪੀ. ਵਿਚ 58.6 ਫੀਸਦੀ, ਬਿਹਾਰ ਵਿਚ 56.2 ਫੀਸਦੀ ਤੇ ਮਹਾਰਾਸ਼ਟਰ ਵਿਚ 57.2 ਫੀਸਦੀ ਪੋਲਿੰਗ ਦੀਆਂ ਰਿਪੋਰਟਾਂ ਸਨ। ਚੋਣ ਕਮਿਸ਼ਨ ਨੇ ਕਿਹਾ ਕਿ ਸੁਰਖਿਆ ਬਲਾਂ ਦੀ ਮੁਸਤੈਦੀ ਨਾਲ ਛੱਤੀਸਗੜ੍ਹ ਵਿਚ ਕਿਸੇ ਮਾੜੀ ਘਟਨਾ ਤੋ ਬਚਾਅ ਰਿਹਾ। ਜੰਮੂ-ਕਸ਼ਮੀਰ ਦੇ ਊਧਮਪੁਰ ਹਲਕੇ ਵਿਚ ਕਰੀਬ 65 ਫੀਸਦੀ ਵੋਟਾਂ ਪਈਆਂ ਜਦਕਿ ਸ਼੍ਰੀਨਗਰ ਵਿਚ ਕਰੀਬ 15 ਫੀਸਦੀ ਪੋਲਿੰਗ ਹੋਈ। ਸ਼੍ਰੀਨਗਰ ਵਿਚ ਦਹਿਸ਼ਤਗਰਦਾਂ ਦੀਆਂ ਧਮਕੀਆਂ ਹੇਠ ਵੋਟਾਂ ਪਈਆਂ ਪਰ ਕੋਈ ਮਾੜੀ ਘਟਨਾ ਨਹੀਂ ਵਾਪਰੀ। ਊਧਮਪੁਰ ਵਿਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਅਤੇ ਸ਼੍ਰੀਨਗਰ ਵਿਚ ਫਾਰੂਕ ਅਬਦੁੱਲਾ ਮੈਦਾਨ ਵਿਚ ਹਨ। ਸਤ ਗੇੜਾਂ ਵਿਚ ਹੋ ਰਹੀਆਂ ਚੋਣਾਂ ਦੇ ਦੂਜੇ ਗੇੜ ਵਿਚ 21629 ਉਮੀਦਵਾਰ ਸਨ। ਕੁਝ ਥਾਵਾਂ ਉਤੇ ਈ. ਵੀ. ਐਮ. ਵਿਚ ਖਰਾਬੀ ਦੀਆਂ ਰਿਪੋਰਟਾਂ ਵੀ ਆਈਆਂ।
ਸੀ ਪੀ ਐੱਮ ਨੇਤਾ ਸਲੀਮ ਦੀ ਕਾਰ 'ਤੇ ਹਮਲਾ : ਪੱਛਮੀ ਬੰਗਾਲ ਦੇ ਰਾਏਗੰਜ 'ਚ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਨੇ ਜੰਮ ਕੇ ਹੰਗਾਮਾ ਕੀਤਾ। ਰਾਏਗੰਜ 'ਚ ਵੋਟਾਂ ਸਮੇਂ ਭਾਜਪਾ-ਟੀ ਐੱਮ ਸੀ ਵਰਕਰਾਂ ਵਿਚਕਾਰ ਹੋਈ ਹਿੰਸਾ ਨੂੰ ਲੈ ਕੇ ਚੋਣ ਕਮਿਸ਼ਨ ਨੇ ਸੰਬੰਧਤ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ। ਚੋਣ ਕਮਿਸ਼ਨ ਨੇ ਅਧਿਕਾਰੀਆਂ ਤੋਂ ਇਸ ਦੇ ਫੁਟੇਜ਼ ਦੇਣ ਨੂੰ ਵੀ ਕਿਹਾ ਹੈ। ਉਧਰ ਸੀ ਪੀ ਐੱਮ ਉਮੀਦਵਾਰ ਮੁਹੰਮਦ ਸਲੀਮ ਦੀ ਗੱਡੀ 'ਤੇ ਇਸਲਾਮਪੁਰ ਇਲਾਕੇ 'ਚ ਪਥਰਾਅ ਕੀਤਾ ਗਿਆ। ਸੀ ਪੀ ਐੱਮ ਨੇ ਹਮਲੇ ਦੇ ਪਿੱਛੇ ਟੀ ਐੱਮ ਸੀ ਦਾ ਹੱਥ ਦੱਸਿਆ ਹੈ। ਸਲੀਮ ਦੀ ਗੱਡੀ 'ਤੇ ਪਥਰਾਅ ਅਤੇ ਕਥਿਤ ਰੂਪ 'ਚ ਹੋਈ ਫਾਇਰਿੰਗ 'ਚ ਕਾਰ ਦੇ ਸ਼ੀਸ਼ੇ ਟੁੱਟ ਗਏ। ਘਟਨਾ ਦੀ ਜਾਣਕਾਰੀ ਤੋਂ ਬਾਅਦ ਜਲਦੀ 'ਚ ਉਮੀਦਵਾਰ ਦੀ ਸੁਰੱਖਿਆ ਦੇ ਮੱਦੇਨਜ਼ਰ ਮੌਕੇ 'ਤੇ ਪੁਲਸ ਦੀ ਇੱਕ ਟੀਮ ਪਹੁੰਚੀ।
ਗੜਬੜੀ ਦੀ ਸੂਚਨਾ ਮਿਲਣ ਤੋਂ ਬਾਅਦ ਮੁਹੰਮਦ ਸਲੀਮ ਖੁਦ ਮੌਕੇ 'ਤੇ ਜਾ ਰਹੇ ਸਨ। ਇਸੇ ਦੌਰਾਨ ਉਨ੍ਹਾ ਕਾਫ਼ਿਲੇ 'ਤੇ ਹਮਲਾ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਸਲੀਮ ਨੇ ਹਮਲਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਦਿਲ ਦਾ ਦੌਰਾ ਪੈਣ ਕਾਰਨ ਪੋਲਿੰਗ ਅਫ਼ਸਰ ਦੀ ਮੌਤ : ਕਾਂਕੇਰ : ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ 'ਚ ਕਾਮਤਾ ਪੋਲਿੰਗ ਬੂਥ 'ਚ ਤਾਇਨਾਤ ਸਹਾਇਕ ਅਧਿਆਪਕ ਤੁਕਾਲੂ ਰਾਮ ਨਰੇਟੀ ਦੀ ਅੱਜ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

286 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper