Latest News
ਨਿਆਂਪਾਲਿਕਾ ਦੀ ਆਜ਼ਾਦੀ ਗੰਭੀਰ ਖ਼ਤਰੇ 'ਚ : ਰੰਜਨ ਗੋਗੋਈ

Published on 20 Apr, 2019 10:29 AM.


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਚੀਫ਼ ਜਸਟਿਸ ਆਫ਼ ਇੰਡੀਆ (ਸੀ ਜੇ ਆਈ) ਖਿਲਾਫ਼ ਇੱਕ ਔਰਤ ਦੁਆਰਾ ਲਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਤੇ ਸ਼ਨੀਵਾਰ ਨੂੰ ਸੁਪਰੀਮ ਕੋਰਟ 'ਚ ਵਿਸ਼ੇਸ਼ ਸੁਣਵਾਈ ਹੋਈ। ਸੀ ਜੇ ਆਈ ਰੰਜਨ ਗੋਗੋਈ, ਜਸਟਿਸ ਅਰੁਣ ਮਿਸ਼ਰਾ ਅਤੇ ਜਸਟਿਸ ਸੰਜੀਵ ਖੰਨਾ ਦੀ ਬੈਂਚ ਨੇ ਕਿਹਾ ਕਿ ਚੀਫ਼ ਜਸਟਿਸ ਦੇ ਖਿਲਾਫ਼ ਦੋਸ਼ਾਂ 'ਤੇ ਇੱਕ ਸਹੀ ਬੈਂਚ ਸੁਣਵਾਈ ਕਰੇਗਾ। ਅਦਾਲਤ ਨੇ ਕਿਹਾ ਕਿ ਨਿਆਂ ਪਾਲਿਕਾ ਦੀ ਆਜ਼ਾਦੀ ਬੇਹੱਦ ਗੰਭੀਰ ਖ਼ਤਰੇ 'ਚ ਹੈ। ਇਸ ਦੌਰਾਨ ਸੀ ਜੇ ਆਈ ਨੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਇਸ ਨੂੰ ਅਗਲੇ ਹਫ਼ਤੇ ਕੁਝ ਅਹਿਮ ਮਾਮਲਿਆ ਦੀ ਹੋਣ ਵਾਲੀ ਸੁਣਵਾਈ 'ਚ ਉਨ੍ਹਾ ਨੂੰ ਰੋਕਣ ਦੀ ਕੋਸ਼ਿਸ਼ ਕਰਾਰ ਦਿੱਤਾ।
ਵਿਸ਼ੇਸ਼ ਸੁਣਵਾਈ ਦਾ ਕਾਰਨ ਦੱਸਦੇ ਹੋਏ ਸੀ ਜੇ ਆਈ ਰੰਜਨ ਗੋਗੋਈ ਨੇ ਕਿਹਾ, ਮੈਂ ਅੱਜ ਅਦਾਲਤ 'ਚ ਬੈਠਣ ਦਾ ਆਮ ਅਤੇ ਅਸਥਾਰਨ ਕਦਮ ਚੁੱਕਿਆ ਹੈ, ਕਿਉਂਕਿ ਚੀਜ਼ਾਂ ਬਹੁਤ ਅੱਗੇ ਵਧ ਚੁੱਕੀਆਂ ਹਨ। ਨਿਆਂ ਪਾਲਿਕਾ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਸਕਦਾ ਹੈ।' ਸੁਣਵਾਈ ਦੌਰਾਨ ਸੀ ਜੇ ਆਈ ਨੇ ਕਿਹਾ ਕਿ ਦੋਸ਼ਾਂ ਦੇ ਪਿੱਛੇ ਕੋਈ ਵੱਡੀ ਤਾਕਤ ਹੋਵੇਗੀ, ਉਹ ਸੀ ਜੇ ਆਈ ਦੇ ਕਾਰਜਕਾਲ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਉਨ੍ਹਾ ਕਿਹਾ ਕਿ ਉਹ ਅਗਲੇ ਹਫ਼ਤੇ ਮਹੱਤਵਪੂਰਨ ਮਾਮਲਿਆਂ ਦੀ ਸੁਣਵਾਈ ਕਰਨ ਵਾਲੇ ਹਨ ਅਤੇ ਇਹ ਉਨ੍ਹਾ ਨੂੰ ਮਾਮਲਿਆਂ ਦੀ ਸੁਣਵਾਈ ਤੋਂ ਰੋਕਣ ਦੀ ਕੋਸ਼ਿਸ਼ ਹੈ। ਸੁਣਵਾਈ ਦੌਰਾਨ ਸੀ ਜੇ ਆਈ ਨੇ ਕਿਹਾ ਕਿ ਆਜ਼ਾਦ ਨਿਆਂ ਪਾਲਿਕਾ ਨੂੰ ਅਸਥਿਰ ਕਰਨ ਲਈ ਵੱਡੀ ਸਾਜ਼ਿਸ਼ ਕੀਤੀ ਗਈ ਹੈ। ਉਨ੍ਹਾ ਕਿਹਾ, 'ਮੈਂ ਇਸ ਕੁਰਸੀ 'ਤੇ ਬੈਠਾਂਗਾ ਅਤੇ ਬਿਨਾਂ ਕਿਸੇ ਡਰ ਦੇ ਨਿਆਂ ਪਲਿਕਾ ਨਾਲ ਜੁੜੇ ਆਪਣੇ ਫਰਜ਼ ਪੂਰੇ ਕਰਦਾ ਰਹਾਂਗਾ।' ਜ਼ਿਕਰਯੋਗ ਹੈ ਕਿ ਮੁੱਖ ਜੱਜ ਅਗਲੇ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ, ਰਾਹੁਲ ਗਾਂਧੀ ਖਿਲਾਫ਼ ਮਾਣਹਾਨੀ ਪਟੀਸ਼ਨ, ਤਾਮਿਲਨਾਡੂ 'ਚ ਵੋਟਰਾਂ ਨੂੰ ਕਥਿਤ ਤੌਰ 'ਤੇ ਰਿਸ਼ਵਤ ਦੇਣ ਦੇ ਕਾਰਨ ਉਥੇ ਚੋਣਾਂ ਮੁਲਤਵੀ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਕਰਨ ਵਾਲੇ ਹਨ। ਹਾਲਾਂਕਿ ਤਮਿਲਨਾਡੂ 'ਚ ਬੇਲੋਰ ਨੂੰ ਛੱਡ ਕੇ ਸਾਰੀਆਂ ਲੋਕ ਸਭਾ ਸੀਟਾਂ 'ਤੇ ਵੋਟਿੰਗ ਹੋ ਚੁੱਕੀ ਹੈ।
ਸੀ ਜੇ ਆਈ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਕਿਹਾ, 'ਇਹ ਵਿਸ਼ਵਾਸਯੋਗ ਨਹੀਂ। ਮੈਨੂੰ ਨਹੀਂ ਲੱਗਦਾ ਕਿ ਇਨ੍ਹਾਂ ਦੋਸ਼ਾਂ ਦਾ ਖੰਡਨ ਕਰਨ ਲਈ ਮੈਨੂੰ ਏਨਾ ਥੱਲੇ ਉਤਰਨਾ ਚਾਹੀਦਾ ਹੈ। ਜਸਟਿਸ ਦੇ ਤੌਰ 'ਤੇ 20 ਸਾਲ ਦੀ ਨਿਰਸਵਾਰਥ ਸੇਵਾ ਤੋਂ ਬਾਅਦ ਮੇਰਾ ਬੈਂਕ ਬੈਲੇਂਸ 6.80 ਲੱਖ ਰੁਪਏ ਹੈ। ਅਗਲੇ ਹਫ਼ਤੇ ਕਈ ਮਹੱਤਵਪੂਰਨ ਮਾਮਲਿਆਂ ਦੀ ਸੁਣਵਾਈ ਹੋਣੀ ਹੈ, ਇਸ ਲਈ ਜਾਣਬੁੱਝ ਕੇ ਇਸ ਤਰ੍ਹਾਂ ਦੇ ਦੋਸ਼ ਲਾਏ ਗਏ ਹਨ।' ਸੀ ਜੇ ਆਈ ਨੇ ਕਿਹਾ ਕਿ ਜਦ ਉਨ੍ਹਾ ਖਿਲਾਫ਼ ਕੁਝ ਨਹੀਂ ਮਿਲਿਆ ਤਾਂ ਮੇਰੇ ਖਿਲਾਫ ਦੋਸ਼ ਲਾਉਣ ਲਈ ਇੱਕ ਔਰਤ ਨੂੰ ਖੜਾ ਕੀਤਾ ਗਿਆ ਹੈ।
ਅਸਲ 'ਚ ਇੱਕ ਔਰਤ ਦੁਆਰਾ ਸੀ ਜੇ ਆਈ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਤੋਂ ਬਾਅਦ ਸੁਪਰੀਮ ਕੋਰਟ ਦੇ ਇੱਕ ਸਪੈਸ਼ਲ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ। ਸੀ ਜੇ ਆਈ ਨੇ ਕਿਹਾ ਕਿ ਕੁਝ ਮੀਡੀਆ ਸੰਸਥਾਵਾਂ ਨੇ ਇੱਕ ਔਰਤ ਦੁਆਰਾ ਲਾਏ ਗਏ ਦੋਸ਼ਾਂ ਨੂੰ ਪ੍ਰਕਾਸ਼ਤ ਕੀਤਾ। ਉਨ੍ਹਾ ਕਿਹਾ ਕਿ ਔਰਤ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਹ ਆਪਣੇ ਅਪਰਾਧਕ ਰਿਕਾਰਡ ਕਾਰਨ 4 ਦਿਨਾਂ ਤੱਕ ਜੇਲ੍ਹ 'ਚ ਰਹਿ ਚੁੱਕੀ ਹੈ। ਸੀ ਜੇ ਆਈ ਨੇ ਕਿਹਾ ਕਿ ਪੁਲਸ ਵੀ ਔਰਤ ਦੇ ਵਿਹਾਰ ਨੂੰ ਲੈ ਕੇ ਉਸ ਨੂੰ ਚੇਤਾਵਨੀ ਦੇ ਚੁੱਕੀ ਹੈ।

362 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper