Latest News
ਗ਼ਦਰ ਪਾਰਟੀ ਦੇ ਇਤਿਹਾਸ ਦਾ ਮੁਲੰਕਣ ਜ਼ਰੂਰੀ : ਡਾ. ਜੋਗਿੰਦਰ ਸਿੰਘ

Published on 21 Apr, 2019 11:12 AM.


ਜਲੰਧਰ (ਕੇਸਰ)
21 ਅਪ੍ਰੈਲ 1913 ਨੂੰ ਅਮਰੀਕਾ 'ਚ ਜੱਥੇਬੰਦ ਹੋਈ, ਆਜ਼ਾਦੀ ਦੀ ਜੱਦੋ-ਜਹਿਦ ਨੂੰ ਇਨਕਲਾਬੀ ਲੀਹਾਂ 'ਤੇ ਅੱਗੇ ਤੋਰਨ ਵਾਲੀ ਗ਼ਦਰ ਪਾਰਟੀ ਦਾ 106ਵਾਂ ਜਨਮ ਦਿਹਾੜਾ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਇਤਿਹਾਸ ਦੇ ਝਰੋਖੇ 'ਚੋਂ ਅਜੋਕੇ ਸਮੇਂ ਭਖ਼ਦੇ ਸੁਆਲਾਂ ਦੀ ਪ੍ਰਸੰਗਕਤਾ ਨੂੰ ਉਚਿਆਉਂਦਿਆਂ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਸਮਾਗਮ ਦਾ ਆਗਾਜ਼ ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ ਵੱਲੋਂ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਨਾਲ ਹੋਇਆ।
ਦੇਸ਼ ਭਗਤ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ, ਜਨਰਲ ਸਕੱਤਰ ਗੁਰਮੀਤ ਸਿੰਘ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਤੇ ਮੰਚ ਸੰਚਾਲਕ ਅਮੋਲਕ ਸਿੰਘ, ਕਮੇਟੀ ਮੈਂਬਰ ਚਰੰਜੀ ਲਾਲ ਕੰਗਣੀਵਾਲ ਅਤੇ ਸਮਾਗਮ ਦੇ ਮੁੱਖ ਵਕਤਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਮੁਖੀ, ਭਾਈ ਵੀਰ ਸਿੰਘ ਸਦਨ ਅੰਮ੍ਰਿਤਸਰ ਦੇ ਡਾਇਰੈਕਟਰ ਅਤੇ ਸਾਬਕਾ ਪ੍ਰੋ. ਨਾਮਧਾਰੀ ਚੇਅਰ ਡਾ. ਜੋਗਿੰਦਰ ਸਿੰਘ ਮੰਚ 'ਤੇ ਸੁਸ਼ੋਭਿਤ ਸਨ। ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਗ਼ਦਰ ਪਾਰਟੀ ਦੀ ਸਥਾਪਨਾ ਸਮੇਂ ਹੱਥ ਲਏ ਪ੍ਰੋਗਰਾਮ, ਉਦੇਸ਼ਾਂ ਦਾ ਜ਼ਿਕਰ ਕਰਦਿਆਂ ਜਿਥੇ ਜਲ੍ਹਿਆਂਵਾਲਾ ਬਾਗ਼ ਸਾਕੇ ਦੀ ਸ਼ਤਾਬਦੀ ਦੇ ਪ੍ਰਸੰਗ ਦਾ ਜ਼ਿਕਰ ਕਰਦਿਆਂ ਅਪ੍ਰੈਲ ਮਹੀਨੇ ਦੇ ਸਮੂਹ ਦੇਸ਼ ਭਗਤਾਂ ਦੇ ਸੰਗਰਾਮੀ ਜੀਵਨ 'ਤੇ ਝਾਤ ਪੁਆਈ, ਉਥੇ ਉਹਨਾਂ ਕਿਹਾ ਕਿ ਜਲ੍ਹਿਆਂਵਾਲਾ ਬਾਗ ਸ਼ਤਾਬਦੀ ਸਮਾਗਮਾਂ ਦੀਆਂ ਲੜੀ ਦਾ ਕਮੇਟੀ ਵੱਲੋਂ ਸਿਖ਼ਰ 1 ਨਵੰਬਰ ਨੂੰ ਮਨਾਇਆ ਜਾਣ ਵਾਲਾ 'ਮੇਲਾ ਗ਼ਦਰੀ ਬਾਬਿਆਂ ਦਾ' ਹੋਏਗਾ। ਚਰੰਜੀ ਲਾਲ ਕੰਗਣੀਵਾਲ ਨੇ ਗ਼ਦਰੀ ਝੰਡੇ, ਗ਼ਦਰ ਪਾਰਟੀ ਦੇ ਇਤਿਹਾਸਕ ਸਫ਼ਰ ਦੀਆਂ ਪੈੜਾਂ ਉਪਰ ਚੱਲਣ 'ਤੇ ਜ਼ੋਰ ਦਿੱਤਾ। ਉਹਨਾ ਵਿਸ਼ੇਸ਼ ਕਰਕੇ ਗ਼ਦਰ ਪਾਰਟੀ ਲਹਿਰ 'ਚ ਔਰਤਾਂ ਦੇ ਵਿਸ਼ੇਸ਼ ਯੋਗਦਾਨ ਅਤੇ ਕੁਰਬਾਨੀਆਂ ਦੇ ਮਹੱਤਵ ਉਪਰ ਰੌਸ਼ਨੀ ਪਾਈ। ਉਹਨਾ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਗ਼ਦਰ ਪਾਰਟੀ ਦੇ ਝੰਡੇ ਦਾ ਰੰਗ ਫਿੱਕਾ ਨਾ ਪੈਣ ਦਿੱਤਾ ਜਾਏ।
ਸਮਾਗਮ ਦੇ ਮੁੱਖ ਵਕਤਾ ਡਾ. ਜੋਗਿੰਦਰ ਸਿੰਘ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਸਾਕਾ ਭਾਈਚਾਰਕ ਸਾਂਝ ਅਤੇ ਸਾਂਝੇ ਲੋਕ ਸੰਗਰਾਮ ਦਾ ਇਤਿਹਾਸਕ ਚਿੰਨ੍ਹ ਹੈ। ਇਹ ਸਾਕਾ ਸਾਮਰਾਜ ਅਤੇ ਉਸ ਦੇ ਟੋਡੀਆਂ ਦੀ ਜਮਾਤ ਖਿਲਾਫ਼ ਜੂਝਣ ਦਾ ਰੌਸ਼ਨ ਮਿਨਾਰ ਹੈ। ਜਲ੍ਹਿਆਂਵਾਲਾ ਬਾਗ਼ ਸਾਕੇ ਮੌਕੇ ਕੁਝ ਅੰਗਰੇਜ਼ਪ੍ਰਸਤ ਤੰਗ ਨਜ਼ਰੀਏ ਵਾਲੇ ਹਿੰਦੂ, ਸਿੱਖ ਅਤੇ ਮੁਸਲਮਾਨ ਜਥੇਬੰਦੀਆਂ ਨੇ ਵੀ ਇਸ ਕਤਲੇਆਮ ਦੀ ਨਿੰਦਾ ਨਹੀਂ ਕੀਤੀ, ਸਗੋਂ ਵਿਸ਼ੇਸ਼ ਅਪੀਲਾਂ ਜਾਰੀ ਕਰਕੇ ਬਰਤਾਨਵੀ ਹਕੂਮਤ ਦੀ ਪਿੱਠ ਪੂਰਨ ਦੇ ਹੋਕਰੇ ਮਾਰਦੀਆਂ ਰਹੀਆਂ ਹਨ। ਉਹਨਾ ਕਿਹਾ ਕਿ ਜਲ੍ਹਿਆਂਵਾਲਾ ਬਾਗ਼ ਦੀ ਮਹਾਨ ਇਤਿਹਾਸਕਤਾ ਨੂੰ ਆਜ਼ਾਦੀ ਸੰਗਰਾਮ 'ਚ ਬਣਦਾ ਸਥਾਨ ਨਹੀਂ ਦਿੱਤਾ ਜਾ ਰਿਹਾ।
ਉਨ੍ਹਾ ਜ਼ੋਰ ਦੇ ਕੇ ਕਿਹਾ ਕਿ ਜਲ੍ਹਿਆਂਵਾਲੇ ਬਾਗ਼ ਕਤਲੇਆਮ ਦੇ ਸਾਕੇ ਦੀ ਪਿੱਠਭੂਮੀ 'ਚ ਉਸ ਵੇਲੇ ਦੀਆਂ ਇਤਿਹਾਸਕ ਘਟਨਾਵਾਂ ਅਤੇ ਉਸ ਵਿੱਚ ਸ਼ਾਮਿਲ ਲੋਕਾਂ ਦੇ ਜਮਾਤੀ ਪਿਛੋਕੜ ਦਾ ਵਿਸ਼ਲੇਸ਼ਣ ਕਰਨ ਦੀ ਜ਼ਰੂਰਤ ਹੈ। ਇਸੇ ਤੋਂ ਇਸ ਗੱਲ ਦੀ ਜਾਣਕਾਰੀ ਮਿਲੇਗੀ ਕਿ ਕਿਹੜੀਆਂ ਜਮਾਤਾਂ ਦੇ ਲੋਕ ਉਸ ਸਮੇਂ ਆਪ-ਮੁਹਾਰੇ ਸਿਆਸੀ ਸਰਗਰਮੀ ਵਿੱਚ ਸ਼ਾਮਲ ਹੋ ਰਹੇ ਸਨ।
ਉਪਰੰਤ ਪੀਪਲਜ਼ ਵਾਇਸ ਦੀ ਟੀਮ ਵੱਲੋਂ ਜਲ੍ਹਿਆਂਵਾਲਾ ਬਾਗ ਅਤੇ ਹਿੰਦੋਸਤਾਨ ਦੀ ਕਮਿਊਨਿਸਟ ਗ਼ਦਰ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਲਾਲ ਸਿੰਘ ਦੀ ਅਗਵਾਈ ਵਿਚ ਗ਼ਦਰ ਪਾਰਟੀ ਦੇ 100 ਸਾਲਾ ਇਤਿਹਾਸ ਸੰਬੰਧੀ, ਗ਼ਦਰੀਆਂ ਦਾ ਕਾਰਜ ਅਤੇ ਅਜੋਕੇ ਸਮੇਂ ਵਿਚ ਉਨ੍ਹਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦਾ ਹੋਕਾ ਦਿੰਦੀ ਦਸਤਾਵੇਜ਼ੀ ਫਿਲਮ 'ਗ਼ਦਰੀਆਂ ਦੀ ਪੁਕਾਰ-ਇਨਕਲਾਬ' ਦਿਖਾਈ ਗਈ।
ਅੰਤ ਵਿਚ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਨੇ ਕਿਹਾ ਕਿ ਗ਼ਦਰ ਪਾਰਟੀ ਦੇ ਉਦੇਸ਼ਾਂ, ਕੁਰਬਾਨੀ, ਤਿਆਗ ਦੀ ਭਾਵਨਾ ਤੋਂ ਅਜੋਕੀ ਪੀੜ੍ਹੀ ਨੂੰ ਪ੍ਰੇਰਨਾ ਲੈ ਕੇ ਅੱਗੇ ਤੁਰਨ ਦੀ ਲੋੜ ਹੈ। ਸਮਾਗਮ 'ਚ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ ਸਿੰਘ, ਸੀਨੀਅਰ ਟਰੱਸਟੀ ਨੌਨਿਹਾਲ ਸਿੰਘ, ਸੁਰਿੰਦਰ ਕੁਮਾਰੀ ਕੋਛੜ, ਕੁਲਬੀਰ ਸਿੰਘ ਸੰਘੇੜਾ, ਸੀਤਲ ਸਿੰਘ ਸੰਘਾ, ਦੇਵ ਰਾਜ ਨਯੀਅਰ, ਬਲਬੀਰ ਕੌਰ ਬੁੰਡਾਲਾ ਤੋਂ ਇਲਾਵਾ ਮਨਮੋਹਨ ਸਿੰਘ ਪੰਨੂ ਅਤੇ ਸਾਥੀ, ਇੰਡੋ-ਅਮੈਰੀਕਨ ਹੈਰੀਟੇਜ ਦੇ ਨੁਮਾਇੰਦੇ, ਸਰਵਣ ਸਿੰਘ ਜ਼ਫ਼ਰ, ਜਰਨੈਲ ਸਿੰਘ ਅੱਚਰਵਾਲ ਤੋਂ ਇਲਾਵਾ ਮਜ਼ਦੂਰ, ਤਰਕਸ਼ੀਲ, ਜਮਹੂਰੀ, ਪੱਤਰਕਾਰ ਭਾਈਚਾਰੇ ਦੇ ਨੁਮਾਇੰਦੇ ਵੀ ਹਾਜ਼ਰ ਸਨ।

28 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper