Latest News
8 ਬੰਬ ਧਮਾਕਿਆਂ ਨਾਲ ਕੰਬਿਆ ਸ੍ਰੀਲੰਕਾ, 200 ਤੋਂ ਜ਼ਿਆਦਾ ਮੌਤਾਂ

Published on 21 Apr, 2019 11:16 AM.


ਕੋਲੰਬੋ (ਨਵਾਂ ਜ਼ਮਾਨਾ ਸਰਵਿਸ)
ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਐਤਵਾਰ ਨੂੰ ਈਸਾਈਆਂ ਦੇ ਪਵਿੱਤਰ ਤਿਉਹਾਰ ਈਸਟਰ ਦੇ ਦਿਨ ਚਰਚਾਂ ਅਤੇ ਹੋਟਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੱਠ ਬੰਬ ਧਮਾਕੇ ਕੀਤੇ ਗਏ। ਇਨ੍ਹਾਂ ਧਮਾਕਿਆਂ 'ਚ ਹੁਣ ਤੱਕ ਘੱਟੋ-ਘੱਟ 207 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 500 ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ। ਹੁਣ ਤੱਕ 7 ਸ਼ੱਕੀ ਵਿਅਕਤੀਆਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਰਕਾਰ ਨੇ ਕਿਹਾ ਕਿ ਜ਼ਿਆਦਾਤਰ ਧਮਾਕੇ ਆਤਮਘਾਤੀ ਸਨ।
ਮਾਰੇ ਗਏ ਵਿਅਕਤੀਆਂ 'ਚ 35 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ, ਧਮਾਕਿਆਂ 'ਚ ਤਿੰਨ ਭਾਰਤੀ ਨਾਗਰਿਕ ਦੀ ਮੌਤ ਦੀ ਵੀ ਖ਼ਬਰ ਹੈ। ਉਹ ਕੇਰਲ 'ਚ ਰਹਿਣ ਵਾਲੇ ਸਨ। ਉਧਰ ਰਾਸ਼ਟਰਪਤੀ ਦਫ਼ਤਰ ਵੱਲੋਂ ਬਿਆਨ ਜਾਰੀ ਕਰਕੇ ਦੇਸ਼ ਭਰ 'ਚ ਸ਼ਾਮ 6 ਵਜੇ ਤੋਂ ਕੱਲ੍ਹ ਸਵੇਰੇ 6 ਵਜੇ ਤੱਕ ਕਰਫਿਊ ਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੱਸਿਆ ਗਿਆ ਕਿ 22 ਤੇ 23 ਨੂੰ ਸਰਕਾਰੀ ਛੁੱਟੀ ਰਹੇਗੀ।
ਅੱਤਵਾਦੀਆਂ ਨੇ ਸਵੇਰੇ 8.45 ਵਜੇ ਦੇ ਕਰੀਬ ਈਸਟਰ ਪ੍ਰਾਰਥਨਾ ਸਭਾ ਦੌਰਾਨ ਕੋਲੰਬੋ ਦੇ ਸੇਂਟ ਐਂਥਨੀ ਚਰਚ, ਪੱਛਮੀ ਸਮੁੰਦਰੀ ਕਿਨਾਰੇ ਦੇ ਸ਼ਹਿਰ ਨੇਗੋਂਬੋ ਦੇ ਸੇਂਟ ਸੇਬੇਸਿਟਯਨ ਚਰਚ ਅਤੇ ਬਾਟੀਕਲੋਆ ਦੇ ਇੱਕ ਚਰਚ 'ਚ ਧਮਾਕੇ ਕੀਤੇ। ਇਨ੍ਹਾਂ ਧਮਾਕਿਆਂ ਤੋਂ ਬਾਅਦ ਦੇਸ਼ 'ਚ ਅਫ਼ਰਾ-ਤਫ਼ਰੀ ਫੈਲ ਗਈ। ਪ੍ਰਾਰਥਨਾ ਕਰਦੇ ਲੋਕ ਆਪਣਿਆਂ ਦੇ ਚੀਥੜੇ ਉਡਦੇ ਦੇਖ ਬਦਹਾਲ ਹੋ ਗਏ। ਇਸ ਨੂੰ ਦੇਖ ਕੇ ਹਰ ਕੋਈ ਸੁੰਨ ਸੀ, ਸ਼ਾਂਤੀ ਦਾ ਸੰਦੇਸ਼ ਦੇਣ ਵਾਲੇ ਚਰਚਾਂ 'ਚ ਲਾਸ਼ਾਂ ਦਾ ਢੇਰ ਲੱਗ ਗਿਆ।
ਦੇਸ਼ 'ਚ ਪ੍ਰਸ਼ਾਸਨ ਜਦੋਂ ਤੱਕ ਕੋਈ ਇਸ ਅਫ਼ਰਾ ਤਫ਼ਾਰੀ ਲਈ ਅਭਿਆਨ ਚਲਾਉਂਦਾ ਤਿੰਨ 5 ਸਿਤਾਰਾ ਹੋਟਲਾਂ 'ਚ ਵੀ ਧਮਾਕਿਆਂ ਦੀ ਖ਼ਬਰ ਆਉਣ ਲੱਗੀ। ਅੱਤਵਾਦੀਆਂ ਨੇ ਸ਼ੰਗਰੀਲਾ, ਦਿ ਸਨਾਮੋਨ ਗਰੈਂਡ ਅਤੇ ਦਿ ਕਿੰਗਸਬਰੀ ਹੋਟਲਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਧਮਾਕੇ ਕੀਤੇ। ਇਨ੍ਹਾਂ ਬੰਬ ਧਮਾਕਿਆਂ 'ਚ 35 ਵਿਦੇਸ਼ੀ ਲੋਕ ਵੀ ਮਾਰੇ ਗਏ। ਈਸਟਰ ਸੰਡੇ ਦੀ ਖੁਸ਼ਨੁਮਾ ਸਵੇਰੇ ਉਠੇ ਸ੍ਰੀਲੰਕਾ ਦੇ ਨਿਵਾਸੀਆਂ ਦੀ ਸ਼ਾਮ ਖੂਨੀ ਮੰਜਰ 'ਚ ਤਬਦੀਲ ਹੋ ਗਈ। ਸਿਰਫ਼ 6 ਘੰਟਿਆਂ 'ਚ ਅੱਤਵਾਦੀਆਂ ਨੇ 207 ਤੋਂ ਜ਼ਿਆਦਾ ਲੋਕਾਂ ਨੂੰ ਬੰਬ ਧਮਾਕਿਆਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ।
6 ਧਮਾਕਿਆਂ ਦੇ ਬਾਅਦ ਪ੍ਰਸ਼ਾਸਨ ਬਚਾਅ ਕੰਮਾਂ 'ਚ ਲੱਗਾ ਸੀ ਕਿ ਚਿੜੀਆਘਰ ਦੇ ਸਾਹਮਣੇ ਇੱਕ ਹੋਟਲ 'ਚ ਸੱਤਵੇਂ ਧਮਾਕੇ ਦੀ ਖ਼ਬਰ ਮਿਲੀ। ਇਹੀ ਨਹੀਂ ਇਸ ਦੇ ਕੁਝ ਦੇਰ ਬਾਅਦ ਦੁਪਹਿਰ ਕਰੀਬ ਤਿੰਨ ਵਜੇ ਅੱਤਵਾਦੀਆਂ ਨੇ ਇੱਕ ਰਿਹਾਇਸ਼ੀ ਇਮਾਰਤ 'ਚ ਅੱਠਵਾਂ ਧਮਾਕਾ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਇਹ ਆਤਮਘਾਤੀ ਬੰਬ ਧਮਾਕਾ ਸੀ। ਇੱਕ ਇਮਾਰਤ 'ਚ ਪੁਲਸ ਮੁਲਾਜ਼ਮ ਜਦ ਜਾਂਚ ਲਈ ਵੜੇ, ਉਸੇ ਦੌਰਾਨ ਅੱਤਵਾਦੀਆਂ ਨੇ ਖੁਦ ਨੂੰ ਬੰਬ ਨਾਲ ਉਡਾ ਲਿਆ, ਜਿਸ 'ਚ 3 ਪੁਲਸ ਜਵਾਨ ਮਾਰੇ ਗਏ।
ਇਸ ਦੌਰਾਨ ਸ੍ਰੀਲੰਕਾ ਦੇ ਰੱਖਿਆ ਮੰਤਰੀ ਨੇ ਬੰਬ ਧਮਾਕਿਆਂ ਨਾਲ ਜੁੜੇ 7 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ। ਕਰੀਬ 2.15 ਕਰੋੜ ਦੀ ਆਬਾਦੀ ਵਾਲੇ ਦੇਸ਼ ਦੇ ਉਪ ਆਵਾਜਾਈ ਮੰਤਰੀ ਨੇ ਵੀ ਧਮਾਕਿਆਂ 'ਚ ਹੁਣ ਤੱਕ 207 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
ਇਸ ਦੌਰਾਨ ਸ੍ਰੀਲੰਕਾ ਪ੍ਰਸ਼ਾਸਨ ਨੇ ਅਫਵਾਹਾਂ, ਹਿੰਸਾ ਅਤੇ ਅਰਾਜਕਤਾ ਦੀ ਸਥਿਤੀ ਤੋਂ ਬਚਣ ਲਈ ਸੋਸ਼ਲ ਮੀਡੀਆ 'ਤੇ ਬੈਨ ਲਾਇਆ ਹੈ ਅਤੇ ਰਾਤ ਭਰ ਕਰਫਿਊ ਦਾ ਐਲਾਨ ਕੀਤਾ ਹੈ।
ਸ੍ਰੀਲੰਕਾ ਦੇ ਇਤਿਹਾਸ 'ਚ ਇਹ ਸਭ ਤੋਂ ਖ਼ਤਰਨਾਕ ਹਮਲਿਆਂ 'ਚੋਂ ਇੱਕ ਹੈ। ਆਰਥਕ ਸੁਧਾਰ ਅਤੇ ਜਨਤਕ ਵੰਡ ਪ੍ਰਣਾਲੀ ਮੰਤਰੀ ਹਰਸ਼ ਡਿਸਿਲਵਾ ਨੇ ਕਿਹਾ, 'ਵਿਦੇਸ਼ੀ ਲੋਕਾਂ ਸਮੇਤ ਕਈ ਲੋਕ ਮਾਰੇ ਗਏ ਹਨ।' ਇਸ ਹਮਲੇ ਦੀ ਜ਼ਿੰਮੇਵਾਰੀ ਹਾਲੇ ਤੱਕ ਕਿਸੇ ਨੇ ਨਹੀਂ ਲਈ। ਸ੍ਰੀਲੰਕਾ 'ਚ ਬੀਤੇ 'ਚ ਲਿੱਟੇ (ਐੱਲ ਟੀ ਈ) ਨੇ ਕਈ ਹਮਲੇ ਕੀਤੇ ਹਨ। ਹਾਲਾਂਕਿ 2009 'ਚ ਲਿੱਟੇ ਦਾ ਖ਼ਾਤਮਾ ਹੋ ਗਿਆ ਸੀ।
ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਸਿਰੀਸੇਨਾ ਨੇ ਕਿਹਾ, ਮੈਂ ਇਸ ਘਟਨਾ ਨਾਲ ਸਦਮੇ 'ਚ ਹਾਂ। ਸੁਰੱਖਿਆ ਬਲਾਂ ਨੂੰ ਸਾਰੀਆਂ ਜ਼ਰੂਰੀ ਕਾਰਵਾਈਆਂ ਕਰਨ ਦੇ ਆਦੇਸ਼ ਦਿੱਤੇ ਗਏ ਹਨ।'
ਪੁਲਸ ਮੁਤਾਬਕ ਧਮਾਕੇ ਰਾਜਧਾਨੀ ਦੇ ਕਈ ਆਲੀਸ਼ਾਨ ਹੋਟਲਾਂ ਅਤੇ ਚਰਚਾਂ 'ਚ ਹੋਏ, ਜਦਕਿ ਦੋ ਹੋਰ ਧਮਾਕੇ ਕੋਲੰਬੋ ਦੇ ਬਾਹਰ ਚਰਚ 'ਚ ਹੋਏ । ਅਸਲ 'ਚ ਇਹ ਧਮਾਕਾ ਉਸ ਸਮੇਂ ਹੋਇਆ, ਜਦ ਈਸਟਰ ਦੀ ਪ੍ਰਾਰਥਨਾ ਲਈ ਲੋਕ ਚਰਚ 'ਚ ਇਕੱਠੇ ਹੋਏ ਸਨ। ਚਰਚ ਦੇ ਬਾਹਰ ਭੀੜ ਸੀ। ਪੁਲਸ ਨੇ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਪਹਿਲਾ ਧਮਾਕਾ ਸਵੇਰੇ 8.45 'ਤੇ ਹੋਇਆ। ਤਿੰਨ ਹੋਰ ਧਮਾਕੇ ਪੰਜ ਸਿਤਾਰਾ ਹੋਟਲ ਸੰਗਰੀਲਾ, ਦਿ ਸਿਨਾਮੋਨ ਗਰੈਂਡ ਅਤੇ ਦਿ ਕਿੰਗਸਬਰੀ 'ਚ ਹੋਏ।
ਕੋਲੰਬੋ ਨੈਸ਼ਨਲ ਹਸਪਤਾਲ ਦੇ ਬੁਲਾਰੇ ਡਾਕਟਰ ਸਮਿੰਦੀ ਸਮਰਾਕੂਨ ਨੇ ਦੱਸਿਆ ਕਿ 300 ਤੋਂ ਜ਼ਿਆਦਾ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।

315 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper