Latest News
ਕੋਲਕਾਤਾ ਦੀ ਹਿੰਸਾ ਬੰਗਾਲ ਦੇ ਸੱਭਿਆਚਾਰਕ ਵਿਰਸੇ 'ਤੇ ਧੱਬਾ

Published on 15 May, 2019 11:21 AM.


ਕੋਲਕਾਤਾ। ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਮੰਗਲਵਾਰ ਦੇ ਰੋਡ ਸ਼ੋਅ ਦੌਰਾਨ ਇਕ ਕਾਲਜ ਵਿਚ ਹੋਈ ਭੰਨਤੋੜ ਅਤੇ ਬੰਗਲਾ ਵਿਦਵਾਨ ਤੇ ਮਹਾਨ ਸਮਾਜ ਸੁਧਾਰਕ ਈਸ਼ਵਰ ਚੰਦਰ ਵਿਦਿਆਸਾਗਰ ਦੇ ਬੁੱਤ ਨੂੰ ਤੋੜੇ ਜਾਣ ਦੇ ਖਿਲਾਫ ਖੱਬੇ ਮੁਹਾਜ਼ ਦੇ ਮੈਂਬਰਾਂ ਨੇ ਬੁੱਧਵਾਰ ਸ਼ਹਿਰ ਵਿਚ ਰੋਸ ਮਾਰਚ ਕੱਢਿਆ। ਮਾਰਕਸੀ ਪਾਰਟੀ ਦੇ ਜਨਰਲ ਸੈਕਟਰੀ ਸੀਤਾ ਰਾਮ ਯੇਚੁਰੀ ਤੇ ਖੱਬੇ ਮੁਹਾਜ਼ ਦੇ ਚੇਅਰਮੈਨ ਬਿਮਾਨ ਬੋਸ ਦੀ ਅਗਵਾਈ ਵਿਚ ਕੇਂਦਰੀ ਕੋਲਕਾਤਾ ਦੇ ਕਾਲਜ ਚੌਕ ਤੋਂ ਸ਼ੁਰੂ ਹੋਇਆ ਮਾਰਚ ਹੇਦੁਆ ਕੋਲ ਆਜ਼ਾਦ ਹਿੰਦ ਬਾਗ ਵਿਚ ਜਾ ਕੇ ਸੰਪੰਨ ਹੋਇਆ।
ਮਾਰਚ ਵਿਚ ਸ਼ਾਮਲ ਆਗੂਆਂ ਤੇ ਵਰਕਰਾਂ ਨੇ ਹਿੰਸਾ ਤੇ ਅਗਜ਼ਨੀ ਨੂੰ ਬੰਗਾਲ ਦੇ ਸੱਭਿਆਚਾਰਕ ਵਿਰਸੇ ਉੱਤੇ ਧੱਬਾ ਕਰਾਰ ਦਿੱਤਾ ਅਤੇ ਲੋਕਾਂ ਨੂੰ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਦੇ ਫਿਰਕੂ ਧਰੁਵੀਕਰਨ ਦੇ ਜਾਲ ਵਿਚ ਨਾ ਫਸਣ ਦੀ ਅਪੀਲ ਕੀਤੀ। ਯੇਚੁਰੀ ਨੇ ਕਿਹਾ ਕਿ ਵਿਦਿਆਸਾਗਰ ਬੰਗਾਲ ਦੇ ਪੁਨਰ-ਜਾਗਰਣ ਦਾ ਇਕ ਅਹਿਮ ਹਿੱਸਾ ਸਨ। ਉਨ੍ਹਾ ਦੇ ਸਮਾਜੀ ਯੋਗਦਾਨ ਨੇ ਕੌਮੀ ਅੰਦੋਲਨ ਨੂੰ ਬਦਲ ਦਿੱਤਾ ਅਤੇ ਇਹ ਯਕੀਨੀ ਬਣਾਇਆ ਕਿ ਭਾਰਤ ਆਜ਼ਾਦ ਹੋ ਜਾਏ। ਉਨ੍ਹਾ ਕਿਹਾ ਕਿ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਭਾਰਤੀ ਸੱਭਿਅਤਾ ਦੀ ਵਿਰਾਸਤ ਦਾ ਦਮ ਭਰਦੀਆਂ ਹਨ, ਪਰ ਦੋਨੋਂ ਇਸ ਦੇ ਖਿਲਾਫ ਕੰਮ ਕਰ ਰਹੀਆਂ ਹਨ। ਬੰਗਾਲ ਦੇ ਲੋਕਾਂ ਨੂੰ ਇਨ੍ਹਾਂ ਤੋਂ ਖਬਰਦਾਰ ਰਹਿਣਾ ਚਾਹੀਦਾ ਹੈ।
ਬਿਮਾਨ ਬੋਸ ਨੇ ਕਿਹਾ ਕਿ ਬਹੁਤ ਪੁਰਾਣੇ ਵਿਦਿਆਸਾਗਰ ਕਾਲਜ ਜਿਹੇ ਅਦਾਰੇ ਉੱਤੇ ਹਮਲਾ ਬੰਗਾਲ ਦੇ ਸੱਭਿਆਚਾਰਕ ਲੋਕਾਚਾਰ ਦੇ ਖਿਲਾਫ ਹੈ। ਉਚਿੱਤ ਜਾਂਚ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾ ਕਿਹਾ ਕਿ ਉਹ ਸੋਚ ਨਹੀਂ ਸਕਦੇ ਵਿਦਿਆਸਾਗਰ ਦੇ ਬੁੱਤ ਉੱਤੇ ਹਮਲਾ ਕਰਨ ਵਾਲੇ ਬੰਗਾਲ ਦੇ ਲੋਕ ਹੋ ਸਕਦੇ ਹਨ।
ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਹੋਈ ਹਿੰਸਾ ਲਈ ਭਾਜਪਾ ਤੇ ਤ੍ਰਿਣਮੂਲ ਕਾਂਗਰਸ ਨੇ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਤ੍ਰਿਣਮੂਲ ਆਗੂ ਡੈਰੇਕ ਓ ਬ੍ਰਾਇਨ ਨੇ ਵੀਡੀਓ ਸ਼ੇਅਰ ਕਰਦਿਆਂ ਦੱਸਿਆ ਕਿ ਭੰਨਤੋੜ ਤੇ ਅਗਜ਼ਨੀ ਭਾਜਪਾ ਦੇ ਗੁੰਡਿਆਂ ਨੇ ਕੀਤੀ।
ਅਮਿਤ ਸ਼ਾਹ ਨੇ ਦਿੱਲੀ ਵਿਚ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਭਾਜਪਾ ਦੇਸ਼ ਭਰ ਵਿਚ ਚੋਣ ਲੜ ਰਹੀ ਹੈ, ਪਰ ਪੱਛਮੀ ਬੰਗਾਲ ਨੂੰ ਛੱਡ ਕੇ ਕਿਤੇ ਹਿੰਸਾ ਨਹੀਂ ਹੋ ਰਹੀ, ਹਿੰਸਾ ਤ੍ਰਿਣਮੂਲ ਕਾਂਗਰਸ ਹੀ ਕਰਾ ਰਹੀ ਹੈ।

153 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper