Latest News
ਹਿੰਸਕ ਪ੍ਰਦਰਸ਼ਨ ਤੋਂ ਬਾਅਦ ਭੱਦਰਵਾਹ 'ਚ ਕਰਫਿਊ

Published on 16 May, 2019 11:59 AM.


ਭੱਦਰਵਾਹ : ਫਾਇਰਿੰਗ ਵਿਚ ਇਕ ਵਿਅਕਤੀ ਦੇ ਮਾਰੇ ਜਾਣ ਤੋਂ ਬਾਅਦ ਹਿੰਸਕ ਪ੍ਰਦਰਸ਼ਨ ਕਾਰਨ ਭੱਦਰਵਾਹ ਵਿਚ ਕਰਫਿਊ ਲਾਉਣਾ ਪੈ ਗਿਆ। ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਨਈਮ ਦੇ ਮਾਰੇ ਜਾਣ ਦੇ ਕਾਰਨਾਂ ਦਾ ਪਤਾ ਲਾ ਰਹੇ ਹਨ, ਪਰ ਉਸ ਦੇ ਘਰਦਿਆਂ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਅਖੌਤੀ ਗਊ ਭਗਤਾਂ ਨੇ ਮਾਰਿਆ। ਮਾਮਲੇ ਵਿਚ ਸ਼ਾਮਲ ਦੂਜੀ ਧਿਰ ਦਾ ਕਹਿਣਾ ਹੈ ਕਿ ਉਨ੍ਹਾਂ ਬੁੱਧਵਾਰ ਰਾਤ ਦੋ ਵਿਅਕਤੀਆਂ ਨੂੰ ਸ਼ੱਕੀ ਹਾਲਤ ਵਿਚ ਘੁੰਮਦਿਆਂ ਦੇਖ ਕੇ ਗੋਲੀਆਂ ਚਲਾਈਆਂ ਸਨ। ਘਟਨਾ ਤੋਂ ਬਾਅਦ ਨਈਮ ਦੇ ਘਰ ਵਾਲਿਆਂ ਨੇ ਭੱਦਰਵਾਹ ਥਾਣੇ 'ਤੇ ਧਾਵਾ ਬੋਲ ਦਿੱਤਾ ਅਤੇ 5 ਗੱਡੀਆਂ ਤੇ ਇਕ ਥ੍ਰੀਵੀਲਰ ਨੂੰ ਭੰਨ ਦਿੱਤਾ। ਪੁਲਸ ਨੇ ਉਨ੍ਹਾਂ ਨੂੰ ਭਜਾਉਣ ਲਈ ਡੰਡਿਆਂ ਤੇ ਹੰਝੂ ਗੈਸ ਦੀ ਵਰਤੋਂ ਕੀਤੀ। ਜੰਮੂ ਜ਼ੋਨ ਦੇ ਆਈ.ਜੀ. ਐੱਮ.ਕੇ. ਸਿਨਹਾ ਨੇ ਦੱਸਿਆ ਕਿ ਨਈਮ ਤੇ ਇਕ ਹੋਰ ਬੰਦਾ ਚਤੇਰਗਲਾ ਵੱਲੋਂ ਆ ਰਹੇ ਸੀ। ਜਦੋਂ ਉਹ ਨਾਲਤੀ ਇਲਾਕੇ ਨੇੜੇ ਪੁੱਜੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਨਾਲ ਨਈਮ ਮਾਰਿਆ ਗਿਆ ਤੇ ਦੂਜਾ ਜ਼ਖਮੀ ਹੋ ਗਿਆ। ਪੁਲਸ ਨੇ 7 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। ਜ਼ਿਲ੍ਹੇ ਵਿਚ ਇੰਟਰਨੈੱਟ ਸਰਵਿਸ ਬੰਦ ਕਰ ਦਿੱਤੀ ਗਈ ਹੈ।

170 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper