Latest News
ਫਿਰਕੂ ਤਾਕਤਾਂ ਨੂੰ ਹਰਾਉਣਾ ਜ਼ਰੂਰੀ : ਅਰਸ਼ੀ

Published on 16 May, 2019 12:00 PM.


ਬੋਹਾ : ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਵੀਰਵਾਰ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜ ਰਹੇ ਪੰਜਾਬ ਜਮਹੂਰੀ ਗੱਠਜੋੜ ਦੇ ਸਾਂਝੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿਚ ਬੋਹਾ ਖੇਤਰ ਦੇ ਪਿੰਡ ਸੇਰਖਾਂ ਵਾਲਾ, ਮਘਾਣੀਆਂ, ਰਿਉਂਦ ਕਲਾਂ, ਗਾਮੀਵਾਲਾ, ਰਾਮਪੁਰ ਮੰਡੇਰ, ਉਡਤ ਸੈਦੇਵਾਲਾ ਤੇ ਗੰਢੂ ਖੁਰਦ, ਗੰਢੂ ਕਲਾਂ, ਕੁਲਰੀਆਂ ਵਿਖੇ ਚੋਣ ਰੈਲੀਆਂ ਕੀਤੀਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਹੜਾ ਪੰਜਾਬ ਕਿਸੇ ਸਮੇਂ ਦੁਨੀਆ ਦਾ ਸਭ ਤੋਂ ਵੱਧ ਖੁਸ਼ਹਾਲ ਸੂਬਾ ਸੀ, ਉਸ ਨੂੰ ਵਾਰੀ-ਵਾਰੀ ਰਾਜ ਕਰਦੀਆਂ ਸਰਕਾਰਾਂ ਨੇ ਪੂਰੀ ਤਰ੍ਹਾਂ ਲੁੱਟ ਲਿਆ ਹੈ। ਪਿਛਲੇ 50 ਸਾਲਾਂ ਵਿੱਚ ਪੰਜਾਬ 'ਤੇ ਇੱਕ ਲੱਖ ਕਰੋੜ ਦਾ ਕਰਜ਼ਾ ਹੋ ਚੁੱਕਿਆ ਹੈ।ਸਰਕਾਰਾਂ ਦੀ ਘਟੀਆ ਕਾਰਗੁਜ਼ਾਰੀ ਕਾਰਨ ਪੰਜਾਬ ਵਿੱਚ ਨਸ਼ਿਆਂ ਦੇ ਹੜ੍ਹ ਵਗ ਰਹੇ ਹਨ।ਕਿਰਤੀ ਅਤੇ ਕਾਮਿਆਂ ਦੇ ਜਮਹੂਰੀ ਹੱਕਾਂ 'ਤੇ ਸਰੇਆਮ ਡਾਕੇ ਮਾਰੇ ਜਾ ਰਹੇ ਹਨ, ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਬਣਦੇ ਭਾਅ ਨਹੀਂ ਦਿੱਤੇ ਜਾ ਰਹੇ ਤੇ ਮਜ਼ਦੂਰਾਂ ਨੂੰ ਸਮੇਂ ਸਿਰ ਮਜ਼ਦੂਰੀ ਨਹੀਂ ਮਿਲ ਰਹੀ। ਸੰਗਰੂਰ, ਮਾਨਸਾ ਅਤੇ ਬਠਿੰਡਾ ਹਲਕਿਆਂ ਵਿੱਚ ਸਭ ਤੋਂ ਵੱਧ ਕਿਸਾਨਾਂ ਨੇ ਕਰਜ਼ੇ ਤੋਂ ਦੁਖੀ ਹੋ ਕੇ ਖੁਦਕੁਸ਼ੀਆਂ ਕੀਤੀਆਂ ਹਨ।ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕਾਂ ਕੋਲ ਤੀਸਰਾ ਰਾਜਨੀਤਕ ਬਦਲ ਨਾ ਹੋਣ ਕਾਰਨ ਪਹਿਲੋਂ ਉਹ ਇਨ੍ਹਾਂ ਹੀ ਪਾਰਟੀਆਂ ਨੂੰ ਵਾਰੋ-ਵਾਰੀ ਅਜ਼ਮਾਉਣ ਲਈ ਮਜਬੂਰ ਰਹੇ ਹਨ, ਪਰ ਹੁਣ ਪਹਿਲੀ ਵਾਰ ਛੇ ਹਮਖਿਆਲ ਪਾਰਟੀਆਂ ਵੱਲੋਂ ਬਣਾਇਆ ਪੰਜਾਬ ਜਮਹੂਰੀ ਗੱਠਜੋੜ ਤੀਸਰੇ ਮਜ਼ਬੂਤ ਰਾਜਸੀ ਬਦਲ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਹੁਣ ਮੌਕਾ ਹੈ ਕਿ ਉਹ ਵਾਰੋ-ਵਾਰੀ ਰਾਜ ਕਰਦੀਆਂ ਲੋਕ ਵਿਰੋਧੀ ਪਾਰਟੀਆਂ ਨੂੰ ਸੱਤਾ ਤੋਂ ਬਾਹਰ ਕਰਨ ।ਉਨ੍ਹਾਂ ਕਿਹਾ ਕਿ ਕੇਂਦਰ ਵਿਚ ਸਰਕਾਰ ਬਣਾਉਣ ਲਈ ਇਕ ਪਾਸੇ ਭਾਜਪਾ ਦੀ ਅਗਵਾਈ ਵਾਲੀਆਂ ਫਿਰਕੂ ਤਾਕਤਾਂ ਹਨ ਤੇ ਦੂਜੇ ਅਜਿਹੀਆਂ ਧਰਮ ਨਿਰਪੱਖ ਤਾਕਤਾਂ ਇਕੱਠੇ ਹੋ ਕੇ ਲੜ ਰਹੀਆਂ ਹਨ ਜੋ ਦੇਸ਼ ਤੋੜਨ ਨਹੀਂ, ਸਗੋਂ ਜੋੜਨ ਵਿਚ ਵਿਸ਼ਵਾਸ ਰੱਖਦੀਆਂ ਹਨ।ਉਨ੍ਹਾਂ ਕਿਹਾ ਕਿ ਦੇਸ਼ ਨੂੰ ਖਾਨਾਜੰਗੀ ਦੇ ਮਾਹੌਲ ਤੋਂ ਬਚਾਉਣ ਲਈ ਜ਼ਰੂਰੀ ਹੈ ਕਿ ਮੋਦੀ ਤੇ ਉਸ ਦੀਆਂ ਸਮੱਰਥਕ ਸਿਆਸੀ ਪਾਰਟੀਆਂ ਨੂੰ ਕਰਾਰੀ ਹਾਰ ਦਿੱਤੀ ਜਾਵੇ। ਇਨ੍ਹਾਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਕਿਹਾ ਕਿ ਪੰਜਾਬ ਜਮਹੂਰੀ ਗਠਜੋੜ ਤੀਸਰੇ ਮਜ਼ਬੂਤ ਰਾਜਸੀ ਬਦਲ ਦੇ ਰੁਪ ਵਿੱਚ ਉੱਭਰ ਕੇ ਸਾਹਮਣੇ ਆਇਆ ਹੈ। ਇਸ ਮੌਕੇ ਕਾਮਰੇਡ ਵੇਦ ਪ੍ਰਕਾਸ਼, ਗੁਰਲਾਲ, ਮਨਜੀਤ ਕੌਰ ਗਾਮੀਵਾਲਾ, ਬਸਪਾ ਆਗੂ ਸ਼ੇਰ ਸਿੰਘ ਵੀ ਹਾਜ਼ਰ ਸਨ।

191 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper