Latest News
ਗੋਡਸੇ ਦੇਸ਼ਭਗਤ ਸੀ : ਸਾਧਵੀ ਪ੍ਰਗਿਆ

Published on 16 May, 2019 12:02 PM.


ਭੋਪਾਲ : ਭਾਜਪਾ ਦੀ ਭੋਪਾਲ ਤੋਂ ਉਮੀਦਵਾਰ ਸਾਧਵੀ ਪ੍ਰਗਿਆ ਨੇ ਕਿਹਾ ਹੈ ਕਿ ਨਾਥੂ ਰਾਮ ਗੋਡਸੇ ਦੇਸ਼ਭਗਤ ਸਨ, ਦੇਸ਼ਭਗਤ ਹਨ ਤੇ ਹਮੇਸ਼ਾ ਦੇਸ਼ਭਗਤ ਰਹਿਣਗੇ। ਜਿਹੜੇ ਉਨ੍ਹਾ ਨੂੰ ਦਹਿਸ਼ਤਗਰਦ ਕਹਿੰਦੇ ਹਨ, ਉਨ੍ਹਾ ਨੂੰ ਆਪਣੇ ਅੰਦਰ ਝਾਕ ਕੇ ਦੇਖਣਾ ਚਾਹੀਦਾ ਹੈ। ਅਜਿਹੇ ਲੋਕਾਂ ਨੂੰ ਇਨ੍ਹਾਂ ਚੋਣਾਂ ਵਿਚ ਜਵਾਬ ਮਿਲ ਜਾਏਗਾ। ਸਾਧਵੀ ਨੇ ਇਹ ਬਿਆਨ ਮਸ਼ਹੂਰ ਅਭਿਨੇਤਾ ਕਮਲ ਹਾਸਨ ਵੱਲੋਂ ਗੋਡਸੇ ਨੂੰ ਆਜ਼ਾਦ ਭਾਰਤ ਦਾ ਪਹਿਲਾ ਹਿੰਦੂ ਦਹਿਸ਼ਤਗਰਦ ਕਰਾਰ ਦੇਣ ਦੇ ਸੰਦਰਭ ਵਿਚ ਦਿੱਤਾ।
ਇਸ ਬਿਆਨ 'ਤੇ ਆਪੋਜ਼ੀਸ਼ਨ ਵੱਲੋਂ ਘੇਰਨ ਦੇ ਬਾਅਦ ਭਾਜਪਾ ਦੇ ਬੁਲਾਰੇ ਜੀ.ਵੀ.ਐੱਲ. ਨਰਸਿਮਹਾ ਰਾਓ ਨੇ ਕਿਹਾ ਕਿ ਭਾਜਪਾ ਉਨ੍ਹਾ ਦੇ ਬਿਆਨ ਨਾਲ ਸਹਿਮਤ ਨਹੀਂ ਹੈ। ਉਹ ਇਸ ਬਿਆਨ ਦੀ ਨਿੰਦਾ ਕਰਦੇ ਹਨ। ਪਾਰਟੀ ਇਸ ਮਾਮਲੇ ਵਿਚ ਉਨ੍ਹਾ ਤੋਂ ਸਫਾਈ ਮੰਗੇਗੀ। ਸਾਧਵੀ ਨੂੰ ਆਪਣੇ ਇਸ ਬਿਆਨ ਲਈ ਜਨਤਕ ਤੌਰ 'ਤੇ ਮੁਆਫੀ ਮੰਗਣੀ ਚਾਹੀਦੀ ਹੈ।
ਭੋਪਾਲ ਵਿਚ ਸਾਧਵੀ ਦੇ ਖਿਲਾਫ ਚੋਣ ਲੜਨ ਵਾਲੇ ਕਾਂਗਰਸ ਆਗੂ ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਕਾਤਲ ਗੋਡਸੇ ਦੀ ਸਿਫਤ ਕਰਨਾ ਦੇਸ਼ਭਗਤੀ ਨਹੀਂ, ਦੇਸ਼ਧ੍ਰੋਹ ਹੈ। ਗੋਡਸੇ ਨੂੰ ਲੈ ਕੇ ਮੋਦੀ, ਅਮਿਤ ਸ਼ਾਹ ਤੇ ਸੂਬਾ ਭਾਜਪਾ ਨੂੰ ਬਿਆਨ ਜਾਰੀ ਕਰਕੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਇਹ ਸਾਫ ਹੋ ਗਿਆ ਹੈ ਕਿ ਭਾਜਪਾਈ ਹੀ ਗੋਡਸੇ ਦੇ ਅਸਲੀ ਵੰਸ਼ਜ ਹਨ। ਉਹ ਗੋਡਸੇ ਨੂੰ ਦੇਸ਼ਭਗਤ ਦਸਦੇ ਹਨ ਤੇ ਹੇਮੰਤ ਕਰਕਰੇ ਵਰਗੇ ਸ਼ਹੀਦਾਂ ਨੂੰ ਦੇਸ਼ਧ੍ਰੋਹੀ। ਹਿੰਸਾ ਦਾ ਕਲਚਰ ਤੇ ਸ਼ਹੀਦਾਂ ਦਾ ਅਪਮਾਨ ਹੀ ਭਾਜਪਾਈਆਂ ਦਾ ਡੀ. ਐਨ. ਏ. ਹੈ। ਉਨ੍ਹਾ ਕਿਹਾ ਕਿ ਅੱਜ ਫਿਰ ਬਾਪੂ ਦੀ ਵਿਚਾਰਧਾਰਾ 'ਤੇ ਹਮਲਾ ਹੋਇਆ ਹੈ। ਮੋਦੀ ਤੇ ਅਮਿਤ ਸ਼ਾਹ ਦੀ ਚਹੇਤੀ ਪ੍ਰਗਿਆ ਠਾਕੁਰ ਨੇ ਗਾਂਧੀ ਜੀ ਦੇ ਕਾਤਲ ਗੋਡਸੇ ਨੂੰ ਦੇਸ਼ਭਗਤ ਦੱਸ ਕੇ ਪੂਰੇ ਦੇਸ਼ ਦਾ ਅਪਮਾਨ ਕੀਤਾ ਹੈ। ਭਾਜਪਾ ਆਗੂ ਵਾਰ-ਵਾਰ ਗਾਂਧੀ ਦੀ ਵਿਚਾਰਧਾਰਾ ਤੇ ਸੋਚ ਉੱਤੇ ਹਮਲੇ ਕਰ ਰਹੇ ਹਨ। ਇਹ ਭਾਰਤ ਦੇ ਗਾਂਧੀਵਾਦੀ ਮੂਲ ਸਿਧਾਂਤਾਂ ਨੂੰ ਭੰਡਣ ਦੀ ਘਿਨਾਉਣੀ ਭਾਜਪਾਈ ਸਾਜ਼ਿਸ਼ ਹੈ। ਜਦੋਂ ਸਾਧਵੀ ਨੇ ਕਰਕਰੇ ਨੂੰ ਦੇਸ਼ਧ੍ਰੋਹੀ ਕਰਾਰ ਦਿੱਤਾ ਤਾਂ ਮੋਦੀ ਨੇ ਉਸਦੀ ਉਮੀਦਵਾਰੀ ਵਾਪਸ ਲੈਣ ਦੀ ਥਾਂ ਉਸਦਾ ਬਚਾਅ ਕੀਤਾ। ਇਸਤੋਂ ਪਹਿਲਾਂ ਭਾਜਪਾ ਦੇ ਐਮ. ਪੀ. ਸਾਕਸ਼ੀ ਮਹਾਰਾਜ ਨੇ ਗੋਡਸੇ ਨੂੰ ਦੇਸ਼ਭਗਤ ਦੱਸਿਆ ਸੀ। ਮੋਦੀ ਨੇ ਉਨ੍ਹਾ ਵਿਰੁਧ ਨਾ ਕੋਈ ਕਾਰਵਾਈ ਕੀਤੀ ਤੇ ਉਨ੍ਹਾ ਦੇ ਬਿਆਨ ਦਾ ਖੰਡਨ ਕੀਤਾ। ਕੀ ਇਸ ਤੋਂ ਉਨ੍ਹਾ ਦੀ ਖਾਮੋਸ਼ ਸਹਿਮਤੀ ਨਹੀਂ ਸਾਬਤ ਹੁੰਦੀ।

190 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper