Latest News
ਮੋਦੀ-ਸ਼ਾਹ ਨੂੰ ਕਲੀਨ ਚਿੱਟ 'ਤੇ ਲਵਾਸਾ ਤੇ ਸੀ ਈ ਸੀ ਆਹਮੋ-ਸਾਹਮਣੇ

Published on 18 May, 2019 11:32 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਚੋਣ ਅਧਿਕਾਰੀ ਅਸ਼ੋਕ ਲਵਾਸਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਵਾਰ-ਵਾਰ ਕਲੀਨ ਚਿੱਟ ਦਿੱਤੇ ਜਾਣ 'ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਚੋਣ ਕਮਿਸ਼ਨ ਦੀ ਮੀਟਿੰਗ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ। ਮੀਡੀਆ ਰਿਪੋਰਟਾਂ ਅਨੁਸਾਰ ਲਵਾਸਾ ਦਾ ਕਹਿਣਾ ਹੈ ਕਿ ਨਰੇਂਦਰ ਮੋਦੀ ਨੂੰ ਚੋਣ ਜ਼ਾਬਤੇ ਦੇ ਮਾਮਲੇ 'ਚ ਕਲੀਨ ਚਿੱਟ ਦਿੱਤੇ ਜਾਣ ਦਾ ਫੈਸਲਾ ਲਏ ਜਾਣ ਸਮੇਂ ਉਨ੍ਹਾ ਇਸ 'ਤੇ ਅਸਹਿਮਤੀ ਪ੍ਰਗਟ ਕੀਤੀ, ਪਰ ਉਨ੍ਹਾ ਦੇ ਇਤਰਾਜ਼ ਨੂੰ ਰਿਕਾਰਡ ਨਹੀਂ ਕੀਤਾ ਗਿਆ ਤਾਂ ਚੋਣ ਕਮਿਸ਼ਨ ਦੀ ਮੀਟਿੰਗ 'ਚ ਹਿੱਸਾ ਲੈਣ ਦਾ ਕੋਈ ਮਤਲਬ ਨਹੀਂ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੋਣ ਕਮਿਸ਼ਨ ਅਸ਼ੋਕ ਲਵਾਸਾ ਨੇ ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਨੂੰ ਚਿੱਠੀ ਵੀ ਲਿਖੀ ਹੈ ਕਿ ਚੋਣ ਜਾਬਤੇ ਦੀ ਉਲੰਘਣਾ ਦੇ ਮਾਮਲੇ 'ਚ ਵੀ ਅਸਹਿਮਤੀ ਟਿੱਪਣੀ ਨੂੰ ਰਿਕਾਰਡ ਨਹੀਂ ਕੀਤਾ ਜਾ ਰਿਹਾ, ਇਸ ਲਈ ਉਹ ਮੀਟਿੰਗ 'ਚ ਹਿੱਸਾ ਨਾ ਲੈਣ ਲਈ ਮਜ਼ਬੂਰ ਹੋਏ। ਹਾਲਾਂਕਿ ਚੋਣ ਕਮਿਸ਼ਨ ਅਸ਼ੋਕ ਲਵਾਸਾ ਚੋਣ ਕਮਿਸ਼ਨ ਦੀ ਬਾਕੀ ਸਾਰੀਆਂ ਮੀਟਿੰਗਾਂ 'ਚ ਹਿੱਸਾ ਲੈ ਰਹੇ ਹਨ। ਜ਼ਿਕਰਯੋਗ ਹੈ ਕਿ ਮੋਦੀ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦੇ ਛੇ ਮਾਮਲਿਆਂ 'ਚ ਕਲੀਨ ਚਿੱਟ ਦਿੱਤੀ ਗਈ ਹੈ, ਜਦਕਿ ਕਈ ਹੋਰ ਮਾਮਲੇ ਲਟਕੇ ਪਏ ਹਨ। ਕਾਂਗਰਸ ਦਾ ਕਹਿਣਾ ਹੈ ਕਿ ਮੋਦੀ ਖਿਲਾਫ਼ 11 ਮਾਮਲਿਆਂ 'ਚ ਸ਼ਿਕਾਇਤ ਦਰਜ ਕਰਾਈ ਗਈ ਹੈ। ਚੋਣ ਕਮਿਸ਼ਨ ਨੇ ਮੋਦੀ ਨੂੰ ਕਿਸੇ ਮਾਮਲੇ 'ਚ ਨਾ ਤਾਂ ਨੋਟਿਸ ਜਾਰੀ ਕੀਤਾ ਨਾ ਉਨ੍ਹਾਂ ਸ਼ਿਕਾਇਤਾਂ ਨੂੰ ਆਪਣੀ ਵੈੱਬਸਾਈਟ 'ਤੇ ਪਾਇਆ। ਇਸ ਤੋਂ ਇਲਾਵਾ ਕਲੀਨ ਚਿੱਟ ਦੇ ਬਾਰੇ ਕੋਈ ਆਦੇਸ਼ ਵੀ ਜਾਰੀ ਨਹੀਂ ਕੀਤਾ ਅਤੇ ਨਾ ਹੀ ਉਸ ਨੂੰ ਵੈੱਬਸਾਈਟ 'ਤੇ ਅਪਲੋਡ ਕੀਤਾ, ਜਦਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਨਾਲ ਜੁੜੇ ਹੋਰ ਸਾਰੇ ਆਦੇਸ਼ ਅਪਲੋਡ ਕੀਤੇ ਗਏ ਹਨ।
ਖ਼ਬਰਾਂ ਮੁਤਾਬਕ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਕਲੀਨ ਚਿੱਟ ਦੇਣ 'ਤੇ ਅਸਹਿਮਤੀ ਜਤਾਉਣ ਵਾਲੇ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਖੁੱਲ੍ਹ ਕੇ ਆਪਣਾ ਵਿਰੋਧ ਜਤਾਇਆ ਹੈ। ਲਵਾਸਾ ਨੇ ਮੁੱਖ ਚੋਣ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਅਸਹਿਮਤੀ ਵਾਲੇ ਪੱਖ ਨੂੰ ਆਨ ਰਿਕਾਰਡ ਨਹੀਂ ਕੀਤਾ ਜਾਵੇਗਾ, ਉਦੋਂ ਤੱਕ ਉਹ ਕਮਿਸ਼ਨ ਦੀ ਕਿਸੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ।
ਚੋਣ ਕਮਿਸ਼ਨ ਦੇ ਫੈਸਲੇ ਨੂੰ ਲੈ ਕੇ ਹੋ ਰਹੇ ਵਿਵਾਦ ਅਤੇ ਲਵਾਸਾ ਵੱਲੋਂ ਲਿਖੀ ਚਿੱਠੀ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ, 'ਚੋਣ ਕਮਿਸ਼ਨ 'ਚ 3 ਮੈਂਬਰ ਹੁੰਦੇ ਹਨ ਅਤੇ ਤਿੰਨੋਂ ਇੱਕ-ਦੂਜੇ ਦੇ ਕਲੋਨ ਨਹੀਂ ਹੋ ਸਕਦੇ, ਮੈਂ ਕਿਸੇ ਵੀ ਤਰ੍ਹਾਂ ਦੀ ਬਹਿਸ ਤੋਂ ਨਹੀਂ ਭੱਜਦਾ, ਹਰ ਚੀਜ਼ ਦਾ ਸਮਾਂ ਹੁੰਦਾ ਹੈ।'
ਚੋਣ ਕਮਿਸ਼ਨ 'ਚ ਸਿਖਰਲੇ ਅਧਿਕਾਰੀਆਂ ਵਿਚਕਾਰ ਜਾਰੀ ਵਿਵਾਦ ਦੇ ਵਿਚਾਲੇ ਹੁਣ 21 ਮਈ ਨੂੰ ਚੋਣ ਕਮਿਸ਼ਨ ਦੀ ਅਹਿਮ ਮੀਟਿੰਗ ਹੋਣ ਵਾਲੀ ਹੈ। ਇਸ ਮੀਟਿੰਗ 'ਚ ਹੁਣ ਸਾਰਿਆਂ ਦੀ ਨਜ਼ਰ ਹੈ ਕਿ ਇਸ 'ਚ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਸ਼ਾਮਲ ਹੁੰਦੇ ਹਨ ਜਾਂ ਨਹੀਂ। ਚੋਣ ਕਮਿਸ਼ਨ ਨੇ ਦਾਅਵਾ ਕੀਤਾ ਕਿ ਇਹ ਉਨ੍ਹਾਂ ਦਾ ਅੰਦਰੂਨੀ ਮਾਮਲਾ ਹੈ, ਪਰ ਚੋਣ ਕਮਿਸ਼ਨ ਦਾ 'ਅੰਦਰੂਨੀ ਮਾਮਲਾ' ਮੀਡੀਆ 'ਚ ਆਉਣ ਤੋਂ ਬਾਅਦ ਚੋਣ ਕਮਿਸ਼ਨਰ ਲਵਾਸਾ ਦਾ ਮੀਟਿੰਗ 'ਚ ਆਉਣਾ ਜਾਂ ਗੈਰ-ਹਾਜ਼ਰ ਰਹਿਣਾ ਸੁਰਖੀਆਂ 'ਚ ਰਹੇਗਾ।
ਦੂਜੇ ਪਾਸੇ ਇਸ ਵਿਵਾਦ 'ਤੇ ਕਾਂਗਰਸ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਮੋਦੀ ਦਾ ਪਿੱਠੂ ਬਣਿਆ ਹੋਇਆ ਹੈ। ਅਸ਼ੋਕ ਲਵਾਸਾ ਦੀ ਚਿੱਠੀ ਤੋਂ ਸਾਫ਼ ਹੈ ਕਿ ਸੀ ਈ ਸੀ ਅਤੇ ਉਨ੍ਹਾਂ ਦੇ ਸਹਿਯੋਗੀ ਲਵਾਸਾ ਦੇ ਵਿਚਾਲੇ ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਨੂੰ ਲੈ ਕੇ ਜੋ ਵੱਖ-ਵੱਖ ਰਾਵਾਂ ਹਨ, ਉਸ ਨੂੰ ਰਿਕਾਰਡ ਕਰਨ ਨੂੰ ਤਿਆਰ ਨਹੀਂ।

205 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper