Latest News
ਇੱਥੇ ਸੰਗਤ ਵੇਚਦੀ ਵੋਟਾਂ ਤੇ ਸੰਗਤਾਂ ਨੂੰ ਬਾਬੇ ਵੇਚ ਗਏ...

Published on 18 May, 2019 11:37 AM.

ਤਲਵੰਡੀ ਸਾਬੋ (ਜਗਦੀਪ ਗਿੱਲ)
ਉਹ ਕਿਹੜੇ ਗੁੱਝੇ ਜਾਂ ਜ਼ਾਹਰਾ ਮਕਸਦ ਹਨ, ਜਿਨ੍ਹਾਂ ਦੇ ਚਲਦਿਆਂ ਤਲਵੰਡੀ ਸਾਬੋ ਦੇ ਕੁਝ ਖਾਸ ਅਤੇ ਕੁਝ ਆਮ ਵਾਰਡਾਂ ਵਿੱਚ ਸਰਕਾਰੀ ਤੌਰ 'ਤੇ ਘਰ-ਘਰ ਵੰਡੀਆਂ ਗਈਆਂ ਵੋਟਰ ਸਲਿੱਪਾਂ ਦੀਆਂ ਕਈ-ਕਈ ਕਾਪੀਆਂ ਕਰਵਾਉਣ ਲਈ ਫੋਟੋ ਸਟੇਟ ਦੀਆਂ ਦੁਕਾਨਾਂ ਉੱਪਰ ਭੀੜ ਲੱਗੀ ਹੋਈ ਹੈ। ਉਂਜ ਹਰ ਵਾਰ ਹਰ ਰੰਗ ਅਤੇ ਹਰ ਪੱਧਰ ਦੀਆਂ ਵੋਟਾਂ ਦੇ ਸਮੇਂ ਵੱਡੀ ਜਾਂ ਛੋਟੀ ਪੱਧਰ ਉੱਤੇ ਚੱਲਣ ਵਾਲੇ ਇਸ ਲੁਕਵੇਂ ਵਰਤਾਰੇ ਦੀ ਜੇਕਰ ਤਲਵੰਡੀ ਸਾਬੋ ਦੀ ਧਰਤੀ ਉੱਪਰ ਵੱਡੀ ਤਾਦਾਦ ਵਿੱਚ ਵੋਟਰਾਂ ਵੱਲੋਂ ਅਗਾਊਂ ਹੀ ਤਿਆਰੀ ਕੀਤੀ ਜਾਣ ਲੱਗੀ ਹੈ, ਤਾਂ ਬਾਕੀ ਪਿੰਡਾਂ ਵਿੱਚ ਵੀ ਇਸ ਵਰਤਾਰੇ ਦੇ ਅੰਦਰਖਾਤੇ ਅਗਾਊਂ ਹੀ ਰੱਸੇ-ਪੈੜੇ ਵੱਟ ਜਾਂਦੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਕਿਤਾਬਾਂ-ਕਾਪੀਆਂ ਦੇ ਨਾਲ-ਨਾਲ ਫੋਟੋ ਸਟੇਟ ਦੀ ਦੁਕਾਨ ਚਲਾਉਂਦੇ ਇੱਕ ਸੱਜਣ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਜਿਸ ਦਿਨ ਤੋਂ ਇੱਥੋਂ ਦੇ ਵੱਖ-ਵੱਖ ਵਾਰਡਾਂ ਵਿੱਚ ਸਰਕਾਰ ਦੇ ਸੰਬੰਧਤ ਮਹਿਕਮੇ ਵੱਲੋਂ ਘਰ-ਘਰ ਵੋਟਰ ਸਲਿੱਪਾਂ ਤਕਸੀਮ ਕੀਤੀਆਂ ਗਈਆਂ ਹਨ, ਤਦ ਤੋਂ ਹੀ ਉਸ ਪਾਸੋਂ ਬਹੁਤ ਸਾਰੇ ਲੋਕਾਂ ਨੇ ਉਕਤ ਵੋਟਰ ਸਲਿੱਪਾਂ ਦੀਆਂ ਕਈ-ਕਈ ਕਾਪੀਆਂ ਕਰਵਾਈਆਂ ਹਨ। ਉਕਤ ਦੁਕਾਨਦਾਰ ਅਨੁਸਾਰ ਕੁਝ ਲੋਕਾਂ ਨੂੰ ਜਦੋਂ ਉਸ ਨੇ ਉਨ੍ਹਾਂ ਵੱਲੋਂ ਅਜਿਹਾ ਕਰਨ ਦਾ ਕਾਰਨ ਪੁੱਛਿਆ ਤਾਂ ਭਾਵੇਂ ਬਹੁਤੇ ਲੋਕਾਂ ਵੱਲੋਂ ਕੁਝ ਵੀ ਦੱਸਣ ਤੋਂ ਇਨਕਾਰ ਕਰਦਿਆਂ ਬੁੱਲ ਸੀਅ ਲਏ ਗਏ, ਪਰ ਫਿਰ ਵੀ ਕੁਝ ਨੇ ਇਹ ਕਹਿੰਦਿਆਂ ਗੱਲ ਜੱਗ-ਜ਼ਾਹਿਰ ਕਰ ਹੀ ਦਿੱਤੀ ਕਿ ਵੋਟਾਂ ਦੇ ਵਕਤ ਉਹ ਕੋਈ ਅਗਾਊਂ ਜੁਗਾੜ ਲਾ ਰਹੇ ਹਨ, ਤਾਂ ਕਿ ਉਹ ਉਕਤ ਵੋਟਰ ਪਰਚੀਆਂ ਜ਼ਰੀਏ ਇੱਕ ਤੋਂ ਵੱਧ ਲੋਕਾਂ ਜਾਂ ਲੀਡਰਾਂ ਤੋਂ ਕਮਾਈ ਕਰ ਸਕਣ।
ਇਸ ਨਾਪਾਕ ਵਰਤਾਰੇ, ਜਿਸ ਉੱਪਰ ਭਾਵੇਂ ਹਰ ਚੋਣ ਮੌਕੇ ਹੀ ਚੋਣ ਕਮਿਸ਼ਨ ਦੀ ਸਖਤੀ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ, ਪਰ ਅਮਲ ਵਿੱਚ ਸਖਤੀ ਹੁੰਦੀ ਅੱਜ ਤੱਕ ਦੇਖੀ ਨਹੀਂ। ਪਸ਼ੂਆਂ ਵਾਂਗ ਵੋਟਰਾਂ ਦੇ ਵਿਕਣ ਉੱਤੇ ਤਨਜ਼ ਕੱਸਦਿਆਂ ਆਪਣੇ ਇੱਕ ਗੀਤ ਵਿੱਚ ਜੀਦੇ ਪਿੰਡ ਵਾਲਾ ਜਗਸੀਰ ਅਕਸਰ ਇਹ ਕਹਿੰਦਾ ਆ ਰਿਹਾ ਹੈ, 'ਇੱਥੇ ਸੰਗਤ ਵੇਚਦੀ ਵੋਟਾਂ ਤੇ ਸੰਗਤਾਂ ਨੂੰ ਬਾਬੇ ਵੇਚ ਗਏ' ਜਾਂ 'ਭੇਡ ਵਿਕ ਗਈ ਸ਼ਪੰਜਾ ਸੌ ਤੇ ਸੱਠ ਦੀ ਤੇ ਚਾਰ ਸੌ ਨੂੰ ਵੋਟ ਵਿਕ ਗਈ।'
ਵਿਕਣ-ਵਿਕਾਉਣ ਅਤੇ ਜ਼ਮੀਰਾਂ ਖਰੀਦਣ ਦੇ ਦਿਨੋਂ-ਦਿਨ ਵਧਦੇ ਜਾ ਰਹੇ ਇਸ ਭੈੜੇ ਰੁਝਾਨ ਉਪਰ ਪੱਖ ਜਾਨਣ ਲਈ ਜਦੋਂ ਇੱਥੇ ਕਈ ਸਮਾਜਕ ਸੰਸਥਾਵਾਂ ਦੇ ਕਾਰਜਕਰਤਾ ਇੱਕ ਸਮਾਜ ਸੇਵੀ, ਜਿਹੜੇ ਨਾਲੋ-ਨਾਲ ਸਰਕਾਰੀ ਖੇਤਰ ਵਿੱਚ ਵੀ ਆਪਣੀ ਨੌਕਰੀ ਕਰਦਿਆਂ ਰੋਟੀ-ਰੋਜ਼ੀ ਕਮਾ ਰਹੇ ਹਨ, ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕਰੋੜਾਂ ਭੁੱਖੇ ਢਿੱਡਾਂ ਦੇ ਚੱਲਦਿਆਂ ਦੋ ਡੰਗ ਦੀ ਰੋਟੀ ਦੇ ਮੁਥਾਜ ਗਰੀਬ ਲੋਕਾਂ ਲਈ ਜ਼ਮੀਰਾਂ ਸੰਭਾਲਣ ਵਾਲਾ ਕੰਮ ਓਨਾ ਸੌਖਾ ਨਹੀਂ, ਜਿੰਨਾ ਸਮਝਿਆ ਜਾ ਰਿਹਾ ਹੈ।
ਉਨ੍ਹਾ ਕਿਹਾ ਕਿ ਸਭ ਸਰਮਾਏਦਾਰ ਪਾਰਟੀਆਂ ਦੇ ਭ੍ਰਿਸ਼ਟ ਲੀਡਰਾਂ ਦੀ ਚੋਣਾਂ ਮੌਕੇ ਜਿੰਨੀ ਖੱਲ ਉਧੇੜੀ ਜਾਵੇ ਘੱਟ ਹੈ, ਕਿਉਂਕਿ ਇਨ੍ਹਾਂ ਵੀ ਅੱਗੋਂ ਪੰਜਾਂ ਸਾਲਾਂ ਲਈ ਲੋਕਾਂ ਨਾਲ ਇਹੋ ਕੰਮ ਕਰਨਾ ਹੈ, ਪਰ ਚੰਗਾ ਹੋਵੇ ਜੇ ਲੋਕ ਆਪਣੀ ਵੋਟ ਪਾਉਣ ਲੱਗਿਆਂ ਮਾੜੇ-ਚੰਗੇ ਦੀ ਪਰਖ ਕਰ ਲਿਆ ਕਰਨ ਅਤੇ ਐਤਕੀਂ ਵੀ ਕਰਨ। ਉਨ੍ਹਾ ਕਿਹਾ ਕਿ ਇੱਥੋਂ ਦੇ ਕਰੋੜਾਂ ਲੋਕ, ਜੋ ਵੱਖ-ਵੱਖ ਡੇਰਿਆਂ ਜਾਂ ਸਾਧਾਂ ਨਾਲ ਜੁੜੇ ਹੋਏ ਹਨ, ਹਰ ਵਾਰ ਸਿੱਧੇ ਨਹੀਂ ਤਾਂ ਅਸਿੱਧੇ ਤੌਰ 'ਤੇ ਵਿਕਦੇ ਹੀ ਹਨ, ਜਦੋਂ ਉਨ੍ਹਾਂ ਨੂੰ ਕਿਸੇ ਇੱਕ ਖ਼ਾਸ ਪਾਰਟੀ ਜਾਂ ਵਿਸ਼ੇਸ਼ ਵਿਅਕਤੀ ਲਈ ਵੋਟ ਕਰਨ ਦਾ ਹੁਕਮ ਕਿਸੇ ਨਾ ਕਿਸੇ ਬਾਬੇ ਵੱਲੋਂ ਕੀਤਾ ਜਾਂਦਾ ਹੈ।

87 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper