Latest News
ਐਗਜ਼ਿਟ ਪੋਲ 'ਚ ਮੋਦੀ ਅੱਗੇ, ਪਰ ਅਸਲੀਅਤ 23 ਨੂੰ ਪਤਾ ਲੱਗੇਗੀ

Published on 19 May, 2019 10:54 AM.


ਨਵੀਂ ਦਿੱਲੀ : ਸੱਤਵੇਂ ਤੇ ਆਖਰੀ ਗੇੜ ਵਿੱਚ 59 ਸੀਟਾਂ ਲਈ ਵੋਟਾਂ ਪੈਣ ਤੋਂ ਬਾਅਦ ਲੋਕ ਸਭਾ ਚੋਣਾਂ ਮੁਕੰਮਲ ਹੋ ਗਈਆਂ। ਪੰਜਾਬ ਦੀਆਂ 13 ਸੀਟਾਂ ਲਈ ਵੀ ਐਤਵਾਰ ਵੋਟਾਂ ਪਈਆਂ। ਪੋਲਿੰਗ ਤੋਂ ਬਾਅਦ ਆਏ ਐਗਜ਼ਿਟ ਪੋਲਾਂ ਵਿੱਚ ਮੋਦੀ ਨੂੰ ਸਪੱਸ਼ਟ ਬਹੁਮਤ ਦਿਖਾਇਆ ਗਿਆ ਹੈ, ਪਰ ਅਸਲੀ ਤਸਵੀਰ 23 ਮਈ ਨੂੰ ਹੀ ਸਾਫ ਹੋਵੇਗੀ, ਜਿੱਦਣ ਵੋਟਾਂ ਦੀ ਗਿਣਤੀ ਹੋਣੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਚੋਣ ਸਰਵੇਖਣਾਂ ਨੂੰ ਰੱਦ ਕਰਦਿਆਂ ਆਖਿਆ ਕਿ ਇਨ੍ਹਾਂ ਦੀ ਪ੍ਰਮਾਣਿਕਤਾ ਸ਼ੱਕੀ ਹੈ। ਉਨਾਂ ਨੇ ਉਮੀਦ ਜ਼ਾਹਰ ਕੀਤੀ ਕਿ ਕਾਂਗਰਸ ਕੌਮੀ ਪੱਧਰ 'ਤੇ ਅਤੇ ਸੂਬੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰੇਗੀ। ਚੋਣ ਸਰਵੇਖਣ 'ਚ ਪੰਜਾਬ ਵਿੱਚ ਕਾਂਗਰਸ ਲਈ 13 ਵਿਚੋਂ 9-10 ਸੀਟਾਂ ਆਉਣ ਦਾ ਅਨੁਮਾਨ ਲਾਇਆ ਗਿਆ ਹੈ।ਪੰਜਾਬ ਤੇ ਚੰਡੀਗੜ੍ਹ ਸਮੇਤ ਦੇਸ਼ ਦੇ 8 ਸੂਬਿਆਂ ਦੀਆਂ 59 ਸੀਟਾਂ 'ਤੇ ਵੋਟਿੰਗ ਹੋਈ। ਕਈ ਥਾਈਂ ਹਿੰਸਾ ਦੀਆਂ ਖ਼ਬਰਾਂ ਦੇ ਬਾਵਜੂਦ ਪੰਜਾਬ ਦੇ ਸਾਰੇ 13 ਲੋਕ ਸਭਾ ਹਲਕਿਆਂ ਤੇ ਚੰਡੀਗੜ੍ਹ ਦੇ ਚੋਣ ਖੇਤਰ ਵਿੱਚ ਵੋਟਾਂ ਦਾ ਕੰਮ ਮੁਕੰਮਲ ਹੋ ਗਿਆ। ਸ਼ਾਮ ਸੱਤ ਵਜੇ ਤੱਕ ਪੰਜਾਬ ਵਿੱਚ ਤਕਰੀਬਨ 59.46 ਫ਼ੀਸਦੀ ਵੋਟਿੰਗ ਹੋਈ ਅਤੇ ਚੰਡੀਗੜ੍ਹ ਵਿੱਚ 63.75 ਫ਼ੀਸਦੀ ਮਤਦਾਨ ਹੋਇਆ। ਗੁਰਦਾਸਪੁਰ 61.13 ਫੀਸਦੀ, ਅੰਮ੍ਰਿਤਸਰ 52.90 ਫੀਸਦੀ, ਖਡੂਰ ਸਾਹਿਬ 56.77 ਫੀਸਦੀ, ਜਲੰਧਰ 58.79 ਫੀਸਦੀ, ਹੁਸ਼ਿਆਰਪੁਰ 57.90 ਫੀਸਦੀ, ਆਨੰਦਪੁਰ ਸਾਹਿਬ 56.76 ਫੀਸਦੀ, ਲੁਧਿਆਣਾ 57.69 ਫੀਸਦੀ, ਫ਼ਤਹਿਗੜ੍ਹ ਸਾਹਿਬ 58.21 ਫੀਸਦੀ, ਫ਼ਰੀਦਕੋਟ 57.39 ਫੀਸਦੀ, ਫ਼ਿਰੋਜ਼ਪੁਰ 63.11 ਫੀਸਦੀ, ਬਠਿੰਡਾ 63.88 ਫੀਸਦੀ, ਸੰਗਰੂਰ 63.69 ਫੀਸਦੀ ਤੇ ਪਟਿਆਲਾ 'ਚ 64.18 ਪੋਲਿੰਗ ਹੋਈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜ਼ਿਆਦਤਰ ਸਥਾਨਾਂ 'ਤੇ ਵੋਟਿੰਗ ਸ਼ਾਂਤੀਪੂਰਨ ਰਹੀ। ਸਿਰਫ਼ ਤਰਨ ਤਾਰਨ 'ਚ ਹੱਤਿਆ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਪਰ ਸ਼ੁਰੂਆਤੀ ਜਾਂਚ 'ਚ ਇਹ ਵਿਅਕਤੀਗਤ ਦੁਸ਼ਮਣੀ ਦੀਆਂ ਗੱਲਾਂ ਸਾਹਮਣੇ ਆਈਆਂ ਹਨ। ਉਨ੍ਹਾ ਕਿਹਾ ਕਿ ਅਸੀਂ ਭਾਜਪਾ ਅਤੇ ਅਕਾਲੀ ਦੋਵਾਂ ਨੂੰ ਹਰਾਵਾਂਗੇ। ਬਠਿੰਡਾ ਦੇ ਤਲਵੰਡੀ ਸਾਬੋ 'ਚ ਦੋ ਗੁੱਟਾਂ 'ਚ ਝੜਪ ਤੋਂ ਬਾਅਦ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ।
ਪੁਲਸ ਨੇ ਕਿਹਾ ਕਿ ਵੋਟਿੰਗ ਦੇ ਦੌਰਾਨ ਹਿੰਸਾ ਹੋਈ, ਜਿਸ 'ਚ ਇੱਕ ਵਿਅਕਤੀ ਨੇ ਖੁੱਲ੍ਹੇਆਮ ਫਾਇਰਿੰਗ ਕੀਤੀ। ਅਸੀਂ ਬਿਆਨ ਲੈ ਕੇ ਕੇਸ ਦਰਜ ਕਰ ਲਿਆ ਹੈ।
ਮੁਕਤਸਰ (ਸ਼ਮਿੰਦਰਪਾਲ) : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪਰਵਾਰ ਸਮੇਤ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਬਾਦਲ ਵਿਖੇ ਬਣੇ 118 ਨੰਬਰ ਬੂਥ 'ਤੇ ਵੋਟਾਂ ਪਾਈਆਂ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਨ੍ਹਾਂ ਦੇ ਸਪੁੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਉਨ੍ਹਾ ਦੀ ਨੂੰਹ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਤੇ ਪੋਤਰੀਆਂ ਅਤੇ ਸੁਖਬੀਰ ਬਾਦਲ ਦੀਆਂ ਪੁੱਤਰੀਆਂ ਗੁਰਕੀਰਤ ਕੌਰ ਬਾਦਲ ਤੇ ਗੁਰਲੀਨ ਕੌਰ ਬਾਦਲ ਸਵੇਰੇ 10.10 ਵਜੇ ਪਿੰਡ ਬਾਦਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪਹੁੰਚੇ, ਜਿੱਥੇ ਉਨ੍ਹਾਂ 118 ਨੰਬਰ ਬੂਥ 'ਤੇ ਜਾ ਕੇ ਆਪਣੀਆਂ ਵੋਟਾਂ ਦਾ ਇਸਤੇਮਾਲ ਕੀਤਾ। ਪਿੰਡ ਬਾਦਲ ਦੇ 118 ਨੰਬਰ ਬੂਥ 'ਤੇ ਬਣੀ ਸੂਚੀ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਵੋਟ 7 ਨੰਬਰ ਤੇ ਸੁਖਬੀਰ ਸਿੰਘ ਬਾਦਲ ਦੀ 8 ਨੰਬਰ 'ਤੇ, ਹਰਸਿਮਰਤ ਕੌਰ ਬਾਦਲ ਦੀ 9 ਨੰਬਰ 'ਤੇ, ਗੁਰਕੀਰਤ ਕੌਰ ਬਾਦਲ ਦੀ 10 ਨੰਬਰ 'ਤੇ ਅਤੇ ਗੁਰਲੀਨ ਕੌਰ ਬਾਦਲ ਦੀ ਵੋਟ ਨੰਬਰ 11 ਸੀ। ਲੋਕ ਸਭਾ ਚੋਣਾਂ ਦੇ ਆਖਰੀ ਗੇੜ 'ਚ ਪੱਛਮ ਬੰਗਾਲ ਦੇ ਕੁਝ ਹਿੱਸਿਆਂ 'ਚ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਅਤੇ ਵੋਟਿੰਗ ਮਸ਼ੀਨਾਂ 'ਚ ਗੜਬੜੀ ਦੀਆਂ ਖ਼ਬਰਾਂ ਸਾਹਮਣੇ ਆਈਆਂ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਦੀਆਂ ਨੌ ਸੀਟਾਂ ਲਈ ਐਤਵਾਰ ਨੂੰ ਹੋਈਆਂ ਚੋਣਾਂ 'ਚ 72.91 ਫੀਸਦੀ ਵੋਟਿੰਗ ਦਰਜ ਕੀਤੀ ਗਈ। ਚੋਣ ਕਮਿਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ਾਮ ਪੰਜ ਵਜੇ ਤੱਕ ਮਥੁਰਾਪੁਰ 'ਚ ਸਭ ਤੋਂ ਜ਼ਿਆਦਾ 78.52 ਫੀਸਦੀ ਵੋਟਿੰਗ ਦਰਜ ਕੀਤੀ ਗਈ। ਇਸ ਤੋਂ ਬਾਅਦ ਬਸ਼ੀਰਹਾਟ 'ਚ 77.77 ਫੀਸਦੀ ਅਤੇ ਡਾਇਮੰਡ ਹਾਰਬਰ 'ਚ 77.40 ਫੀਸਦੀ ਵੋਟਿੰਗ ਦਰਜ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਭਾਟਪਾਰਾ ਵਿਧਾਨ ਸਭਾ ਖੇਤਰ ਦੇ ਤਹਿਤ ਕੰਕੀਨਾਰਾ 'ਚ ਭਾਜਪਾ ਅਤੇ ਤ੍ਰਿਣਮੂਲ ਕਾਂਗਰਸ ਵਰਕਰਾਂ ਦੇ ਵਿਚਾਲੇ ਕਥਿਤ ਰੂਪ ਨਾਲ ਝੜਪ ਦੀਆਂ ਖ਼ਬਰਾਂ ਆਈਆਂ ਹਨ। ਉਨ੍ਹਾਂ ਦੱਸਿਆ ਕਿ ਕੰਕੀਨਾਰਾ 'ਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਦੇ ਇੱਕ ਦਫ਼ਤਰ 'ਚ ਬੰਬ ਵੀ ਸੁੱਟਿਆ ਗਿਆ ਅਤੇ ਬਾਅਦ 'ਚ ਅੱਗ ਵੀ ਲਾ ਦਿੱਤੀ ਗਈ।

330 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper