Latest News
ਸਿੱਧੂ ਨੇ ਬੇਵਕਤੀ ਬਿਆਨਬਾਜ਼ੀ ਨਾਲ ਕਾਂਗਰਸ ਨੂੰ ਨੁਕਸਾਨ ਪਹੁੰਚਾਇਆ : ਕੈਪਟਨ

Published on 19 May, 2019 10:58 AM.


ਚੰਡੀਗੜ੍ਹ/ਪਟਿਆਲਾ
(ਨਵਾਂ ਜ਼ਮਾਨਾ ਸਰਵਿਸ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਿੱਧੂ ਵੱਲੋਂ ਉਨ੍ਹਾ ਤੇ ਪਾਰਟੀ ਦੀ ਲੀਡਰਸ਼ਿਪ ਵਿਰੁੱਧ ਬੇਵਕਤੀ ਬਿਆਨਬਾਜ਼ੀ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੀ ਹੈ।
ਐਤਵਾਰ ਪਟਿਆਲਾ ਲੋਕ ਸਭਾ ਹਲਕੇ ਦੀ ਚੋਣ ਲਈ ਵੋਟ ਪਾਉਣ ਵਾਸਤੇ ਜਾਣ ਤੋਂ ਪਹਿਲÎਾਂ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 'ਜੇਕਰ ਉਹ ਸੱਚੇ ਕਾਂਗਰਸੀ ਹਨ ਤÎਾਂ ਉਨ੍ਹਾ ਨੂੰ ਆਪਣੇ ਗਿਲੇ-ਸ਼ਿਕਵੇ ਦਾ ਪ੍ਰਗਟਾਵਾ ਕਰਨ ਲਈ ਢੁੱਕਵੇਂ ਸਮੇਂ ਦੀ ਚੋਣ ਕਰਨੀ ਚਾਹੀਦੀ ਸੀ, ਨਾ ਕਿ ਪੰਜਾਬ ਵਿਚ ਵੋਟਾਂ ਪੈਣ ਤੋਂ ਤੁਰੰਤ ਪਹਿਲਾਂ।'
ਕੈਪਟਨ ਦੀ ਪਤਨੀ ਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਚੋਣ ਲੜ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨਾ ਕੇਵਲ ਪਟਿਆਲਾ ਸਗੋਂ ਸੂਬੇ ਦੀਅÎਾਂ ਸਾਰੀਅÎਾਂ 13 ਸੀਟਾਂ 'ਤੇ ਹੂੰਝਾ-ਫੇਰ ਜਿੱਤ ਪ੍ਰਾਪਤ ਕਰੇਗੀ।
ਆਪਣੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਹਾਲ ਹੀ ਵਿਚ ਦਿੱਤੇ ਗਏ ਵਿਵਾਦਤ ਤੇ ਬਾਗੀਆਨਾ ਬਿਆਨਾਂ, ਜਿਸ ਵਿਚ ਉਨ੍ਹਾ ਆਪਣੀ ਪਤਨੀ ਨਵਜੋਤ ਕੌਰ ਨੂੰ ਟਿਕਟ ਨਾ ਦਿੱਤੇ ਜਾਣ ਲਈ ਮੁੱਖ ਮੰਤਰੀ ਨੂੰ ਜ਼ਿੰਮੇਵਾਰ ਦੱਸਿਆ ਸੀ, ਬਾਰੇ ਉਹਨਾ ਕਿਹਾ ਕਿ ਸਿੱਧੂ ਆਪਣੀ ਗੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਨਾਲ ਪਾਰਟੀ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾ ਕਿਹਾ ਕਿ ਇਹ ਚੋਣ ਕੇਵਲ ਉਨ੍ਹਾ ਦੀ ਚੋਣ ਨਹੀਂ, ਸਗੋਂ ਸਾਰੀ ਕਾਂਗਰਸ ਪਾਰਟੀ ਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਵਿਰੁੱਧ ਕਿਸੇ ਵੀ ਕਾਰਵਾਈ ਦਾ ਫੈਸਲਾ ਪਾਰਟੀ ਹਾਈ ਕਮਾਂਡ ਨੇ ਕਰਨਾ ਹੈ, ਇਕ ਪਾਰਟੀ ਦੇ ਤੌਰ 'ਤੇ ਕਾਂਗਰਸ ਵਿਚ ਅਨੁਸ਼ਾਸਨਹੀਣਤਾ ਬਿਲਕੁਲ ਬਰਦਾਸ਼ਤ ਨਹੀਂ। ਉਨ੍ਹਾ ਕਿਹਾ ਕਿ ਉਨ੍ਹਾ ਦਾ ਸਿੱਧੂ ਨਾਲ ਕੋਈ ਜਾਤੀ ਵਖਰੇਵਾਂ ਨਹੀਂ, ਜਿਸ ਨੂੰ ਉਹ ਉਸ ਦੇ ਬਚਪਨ ਤੋਂ ਜਾਣਦੇ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾ ਕਿਹਾ ਕਿ ਸ਼ਾਇਦ ਉਹ ਬਹੁਤ ਮਹੱਤਵਅਕਾਂਸ਼ਸ਼ੀ ਹਨ ਅਤੇ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ।
ਉਨ੍ਹਾ ਕਾਂਗਰਸ ਪਾਰਟੀ ਵੱਲੋਂ ਸਾਰੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾ ਨੂੰ ਸਾਰੇ ਹਲਕਿਆਂ ਤੋਂ ਬਹੁਤ ਹਾਂ-ਪੱਖੀ ਰਿਪੋਰਟਾਂ ਪ੍ਰਾਪਤ ਹੋ ਰਹੀਆਂ ਹਨ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਖੁਸ਼ੀ ਵਜੋਂ ਲੱਡੂ ਵੰਡੇ ਜਾ ਰਹੇ ਹਨ, ਜਿਸ ਤੋਂ ਉਨ੍ਹਾਂ ਦੇ ਵਿਸ਼ਵਾਸ ਦਾ ਅੰਦਾਜ਼ਾ ਲਗਦਾ ਹੈ, ਜਦਕਿ ਇਸ ਦੇ ਉਲਟ ਆਪਣੀ ਸਪੱਸ਼ਟ ਹਾਰ ਨੂੰ ਦੇਖਦਿਆਂ ਹਰਸਿਮਰਤ ਸਮੇਤ ਸਾਰੀ ਅਕਾਲੀ ਲੀਡਰਸ਼ਿਪ ਨਿਰਾਸ਼ਾ ਦੇ ਆਲਮ ਵਿਚ ਹੈ।
ਪਟਿਆਲਾ ਲੋਕ ਸਭਾ ਹਲਕੇ ਬਾਰੇ ਉਨ੍ਹਾ ਕਿਹਾ ਕਿ ਪ੍ਰਨੀਤ ਕੌਰ ਇਕ ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ। ਉਨ੍ਹਾ ਕਿਹਾ ਕਿ ਕਾਂਗਰਸ ਪਾਰਟੀ ਦੇਸ਼ ਭਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਅਤੇ ਯੂ ਪੀ ਏ-3 ਵੱਲੋਂ ਅਗਲੀ ਸਰਕਾਰ ਬਣਾਈ ਜਾਵੇਗੀ।
ਪੰਜਾਬ ਵਿਚ ਚੋਣਾਂ ਦੌਰਾਨ ਮੁੱਖ ਮੁੱਦਿਆਂ ਬਾਰੇ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਭ ਤੋਂ ਵੱਡਾ ਮਸਲਾ ਸੀ, ਜਿਸ ਨੇ ਹਰ ਸਿੱਖ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਸੀ। ਇਸ ਤੋਂ ਇਲਾਵਾ ਦਿਹਾਤੀ ਖੇਤਰਾਂ ਵਿਚ ਕਣਕ ਦੀ ਖਰੀਦ ਅਤੇ ਸ਼ਹਿਰੀ ਖੇਤਰਾਂ ਵਿਚ ਨੋਟਬੰਦੀ ਤੇ ਜੀ ਐੱਸ ਟੀ ਵਰਗੇ ਮੁੱਦੇ ਮਹੱਤਵਪੂਰਨ ਸਨ। ਇਸ ਤੋਂ ਪਹਿਲਾਂ ਸਿੱਧੂ ਨਾਲ ਖਿੱਚੋਤਾਣ ਦਰਮਿਆਨ ਕੈਪਟਨ ਨੇ ਕਿਹਾ ਸੀ ਕਿ ਜੇ ਪੰਜਾਬ ਵਿਚ ਕਾਂਗਰਸ ਹਾਰਦੀ ਹੈ ਤਾਂ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।
ਦਰਅਸਲ ਸਿੱਧੂ ਦੀ ਪਤਨੀ ਵੱਲੋਂ ਕੈਪਟਨ ਉੱਤੇ ਉਸ ਦੀ ਚੰਡੀਗੜ੍ਹ ਤੋਂ ਟਿਕਟ ਵਿਚ ਢੁੱਚਰ ਡਾਹੁਣ ਦੇ ਇਲਜ਼ਾਮ ਦੇ ਬਾਅਦ ਕੈਪਟਨ ਤੇ ਸਿੱਧੂ ਵਿਚਾਲੇ ਜੰਗ ਸ਼ੁਰੂ ਹੋਈ ਸੀ। ਹਾਲਾਂਕਿ ਕੈਪਟਨ ਨੇ ਕਿਹਾ ਸੀ ਕਿ ਉਸ ਨੂੰ ਅੰਮ੍ਰਿਤਸਰ ਤੇ ਬਠਿੰਡਾ ਦੀ ਸੀਟ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਉਹ ਰਾਜ਼ੀ ਨਹੀਂ ਹੋਈ, ਚੰਡੀਗੜ੍ਹ ਸੀਟ ਦਾ ਫੈਸਲਾ ਹਾਈਕਮਾਨ ਦੇ ਹੀ ਹੱਥ ਸੀ। ਸਿੱਧੂ ਨੇ ਇਸ ਮਾਮਲੇ ਵਿਚ ਆਪਣੀ ਪਤਨੀ ਦੇ ਬਿਆਨ ਦੀ ਤਾਈਦ ਕੀਤੀ ਸੀ। ਇਸ ਤੋਂ ਬਾਅਦ ਸਿੱਧੂ ਨੇ ਬਠਿੰਡਾ ਵਿਚ ਪ੍ਰਚਾਰ ਦੌਰਾਨ ਪੱਚੀ-ਪਝੱਤਰ ਵਾਲੀ ਗੱਲ ਕਹਿ ਕੇ ਬਲਦੀ 'ਤੇ ਤੇਲ ਪਾ ਦਿੱਤਾ। ਉਨ੍ਹਾ ਇਹ ਗੱਲ ਖੁੱਲ੍ਹੇਆਮ ਕਹਿ ਦਿੱਤੀ ਕਿ ਕੈਪਟਨ ਤੇ ਬਾਦਲ ਫਰੈਂਡਲੀ ਮੈਚ ਖੇਡਦੇ ਹਨ। ਪਟਿਆਲਾ ਦੇ ਬਦਲੇ ਕੈਪਟਨ ਬਾਦਲਾਂ ਨੂੰ ਇਕ ਸੀਟ ਜਿੱਤਵਾ ਦੇਣਗੇ। ਕੈਪਟਨ ਨੇ ਵੋਟ ਪਾਉਣ ਤੋਂ ਬਾਅਦ ਕਿਹਾ ਕਿ ਸਿੱਧੂ ਦਾ ਇਹ ਬਿਆਨ ਪਾਰਟੀ ਦਾ ਨੁਕਸਾਨ ਕਰ ਸਕਦਾ ਹੈ।
ਇਸ ਦਰਮਿਆਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਸਿੱਧੂ ਦਾ ਫਰੈਂਡਲੀ ਮੈਚ ਵਾਲਾ ਬਿਆਨ ਕਾਂਗਰਸ ਦੀ ਪਿੱਠ ਵਿਚ ਛੁਰਾ ਮਾਰਨ ਵਰਗਾ ਹੈ। ਸਿੱਧੂ ਦੀ ਕਿਸੇ ਪਾਰਟੀ ਵਿਚ ਬਹੁਤਾ ਟਿਕਣ ਦੀ ਆਦਤ ਨਹੀਂ। ਉਨ੍ਹਾ ਨੂੰ ਅਫਸੋਸ ਹੋ ਰਿਹਾ ਹੈ ਕਿ ਉਨ੍ਹਾ ਸਿੱਧੂ ਦੇ ਨਾਲ ਲੱਗ ਕੇ ਵਿਧਾਨ ਸਭਾ ਵਿਚ ਅਕਾਲੀਆਂ ਨੂੰ ਠੋਕਿਆ।
ਇਕ ਹੋਰ ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਿੱਧੂ ਨੂੰ ਕਾਂਗਰਸ ਵਿਚ ਆਇਆਂ ਮਸਾਂ ਦੋ ਸਾਲ ਹੋਏ ਹਨ ਤੇ ਉਹ ਆਪਣਾ ਏਜੰਡਾ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਹਾਈਕਮਾਨ ਨੂੰ ਇਸ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਪਾਰਟੀ ਤੇ ਸਰਕਾਰ ਦਾ ਅਕਸ ਖਰਾਬ ਹੋ ਰਿਹਾ ਹੈ। ਸਿੱਧੂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਭਾਜਪਾ ਵਿਚ ਨਹੀਂ, ਕਾਂਗਰਸ ਵਿਚ ਹਨ, ਜਿੱਥੇ ਵੱਖ-ਵੱਖ ਮੰਚਾਂ 'ਤੇ ਆਪਣੀ ਗੱਲ ਰੱਖ ਸਕਦੇ ਹਨ। ਉਨ੍ਹਾ ਕਿਹਾ ਕਿ ਉਹ ਹੋਰਨਾਂ ਮੰਤਰੀਆਂ ਨੂੰ ਨਾਲ ਲੈ ਕੇ ਹਾਈਕਮਾਨ ਨੂੰ ਸਿੱਧੂ ਨੂੰ ਨੱਥ ਪਾਉਣ ਲਈ ਲਿਖਣਗੇ। ਸਿੱਧੂ ਨੇ ਵੋਟਾਂ ਪੈਣ ਤੋਂ ਦੋ ਦਿਨ ਪਹਿਲਾਂ ਬਿਆਨਬਾਜ਼ੀ ਕਰ ਕੇ ਪਾਰਟੀ ਦਾ ਨੁਕਸਾਨ ਕੀਤਾ ਹੈ, ਜਦਕਿ ਸਾਰੇ 13 ਦੀਆਂ 13 ਸੀਟਾਂ ਜਿੱਤਣ ਲਈ ਜ਼ੋਰ ਲਾ ਰਹੇ ਸਨ।

318 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper