Latest News
ਕਾਂਗੜ 'ਚ ਅਕਾਲੀ ਤੇ ਕਾਂਗਰਸੀ ਭਿੜੇ

Published on 19 May, 2019 11:05 AM.


ਭਗਤਾ ਭਾਈ ਕਾ/ਰਾਮਪੁਰਾ ਫੂਲ
(ਰਾਜੀਵ ਗੋਇਲ, ਦਰਸ਼ਨ ਜਿੰਦਲ)
ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਅਤੇ ਅਕਾਲੀ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਵਿਚਕਾਰ ਹੀ ਅਸਲ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਸੀ। ਅਜੇ ਕੁਝ ਕੁ ਪ੍ਰਤੀਸ਼ਤ ਵੋਟ ਪੋਲ ਹੋਈ ਸੀ ਕਿ ਇੰਨੇ ਨੂੰ ਰੌਲਾ ਪੈ ਗਿਆ ਕਿ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਜੱਦੀ ਪਿੰਡ ਮਲੂਕਾ 'ਤੇ ਹਮਲਾ ਹੋ ਗਿਆ ਹੈ। ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪਤਾ ਲੱਗਾ ਕਿ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਆਪਣੇ ਲਾਮ ਲਸ਼ਕਰ ਸਮੇਤ ਬੂਥਾਂ ਦੀ ਚੈਕਿੰਗ ਲਈ ਕਾਂਗੜ ਪੁੱਜੇ ਸਨ, ਜਿੱਥੇ ਆਪਸੀ ਤਕਰਾਰ ਹੋਇਆ। ਇਸ ਤਕਰਾਰ ਦੌਰਾਨ ਜਿੱਥੇ ਸਾਬਕਾ ਮੰਤਰੀ ਦੀ ਨਿੱਜੀ ਗੱਡੀ ਦਾ ਅਗਲਾ ਮੁੱਖ ਸ਼ੀਸ਼ਾ ਟੁੱਟਿਆ, ਉੱਥੇ ਹੀ ਉਹਨਾਂ ਦੇ ਦੋ ਸਮੱਰਥਕ ਵੀ ਜ਼ਖਮੀ ਹੋ ਗਏ, ਜਿਹਨਾਂ ਨੂੰ ਬਾਅਦ 'ਚ ਰਾਮਪੁਰਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਮਲੂਕਾ ਨੇ ਦੱਸਿਆ ਕਿ ਉਹਨਾਂ ਨੂੰ ਕਾਂਗੜ ਪਿੰਡ ਦੇ ਅਕਾਲੀ ਆਗੂਆਂ ਦਾ ਫੋਨ ਆਇਆ ਕਿ ਕਾਂਗਰਸੀ ਬੂਥਾਂ 'ਤੇ ਕਬਜ਼ਾ ਕਰ ਰਹੇ ਹਨ। ਉਹਨਾਂ ਕਿਹਾ ਕਿ ਜਦੋਂ ਮੈਂ ਉੱਥੇ ਪੁੱਜਿਆ ਤਾਂ ਕਾਂਗਰਸੀਆਂ ਵੱਲੋਂ ਸਾਡੇ 'ਤੇ ਹਮਲਾ ਕਰ ਦਿੱਤਾ ਗਿਆ। ਉਨ੍ਹਾ ਵੱਲੋਂ ਪੋਲਿੰਗ ਬੂਥ ਅੰਦਰ ਜ਼ਖਮੀ ਪਏ ਏਜੰਟਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਮਲੂਕਾ ਵੱਲੋਂ ਜਿੱਥੇ ਰੀਪੋਲ ਦੀ ਮੰਗ ਕੀਤੀ ਗਈ, ਉੱਥੇ ਹੀ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਦੀ ਵੀ ਮੰਗ ਕੀਤੀ ਗਈ ਹੈ। ਨਿਆਂ ਨਾ ਮਿਲਣ ਦੀ ਸੂਰਤ ਵਿੱਚ ਅਗਲਾ ਸੰਘਰਸ਼ ਵਿੱਢਣ ਤੱਕ ਦੀ ਵੀ ਚੇਤਾਵਨੀ ਮਲੂਕਾ ਵੱਲੋਂ ਦਿੱਤੀ ਗਈ। ਕਾਂਗੜ ਦਾ ਕਹਿਣਾ ਸੀ ਕਿ ਇਹ ਤਕਰਾਰਬਾਜ਼ੀ ਮਲੂਕਾ ਦੇ ਪੋਲਿੰਗ ਬੂਥ ਅੰਦਰ ਜਾਣ ਨੂੰ ਲੈ ਕੇ ਹੀ ਹੋਈ ਹੈ।
ਉਹਨਾਂ ਕਿਹਾ ਕਿ ਪਿਛਲੇ ਸਮੇਂ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਵਿੱਚ ਅਕਾਲੀਆਂ ਪ੍ਰਤੀ ਕਾਫੀ ਰੋਸ ਹੈ, ਜਿਸ ਕਾਰਨ ਇਹਨਾਂ ਦਾ ਵਿਰੋਧ ਹੁੰਦਾ ਹੈ।
ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਅੱਜ ਦੀ ਘਟਨਾ ਇਹਨਾਂ ਦਾ ਖੁਦ ਦਾ ਹੀ ਰਚਿਆ ਹੋਇਆ ਡਰਾਮਾ ਹੈ।
ਥਾਣਾ ਦਿਆਲਪੁਰਾ ਦੇ ਮੁਖੀ ਸੰਦੀਪ ਸਿੰਘ ਭਾਟੀ ਦਾ ਕਹਿਣਾ ਸੀ ਕਿ ਉਹਨਾਂ ਨੂੰ ਦੋ ਵਿਅਕਤੀਆਂ ਪਰਮਜੀਤ ਸਿੰਘ ਤੇ ਸਰਬਜੀਤ ਸਿੰਘ ਵਾਸੀ ਕਾਂਗੜ ਦੇ ਜ਼ਖਮੀ ਹੋਣ ਦਾ ਰੁੱਕਾ ਪ੍ਰਾਪਤ ਹੋਇਆ ਹੈ, ਬਿਆਨ ਲੈਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

365 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper