Latest News
ਕਰੀਬ 300 ਏਕੜ ਜ਼ਮੀਨ ਪਤੰਜਲੀ ਦੇ ਹੱਥੋਂ ਨਿਕਲਣ ਲੱਗੀ

Published on 11 Jun, 2019 11:26 AM.


ਮੁੰਬਈ : ਸੰਤਰੇ ਤੋਂ ਜੂਸ ਕੱਢਣ ਦਾ ਪਲਾਂਟ ਲਾਉਣ ਲਈ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਆਯੁਰਵੇਦ ਲਿਮਟਿਡ ਨੂੰ ਦਿੱਤੀ ਗਈ ਕਰੀਬ 300 ਏਕੜ ਜ਼ਮੀਨ ਵਾਪਸ ਲਈ ਜਾ ਸਕਦੀ ਹੈ, ਕਿਉਂਕਿ ਪ੍ਰੋਜੈਕਟ ਦੀ ਉਸਾਰੀ ਹੀ ਸ਼ੁਰੂ ਨਹੀਂ ਹੋ ਸਕੀ। ਇਹ ਜ਼ਮੀਨ 'ਮਲਟੀ-ਮਾਡਲ ਇੰਟਰਨੈਸ਼ਨਲ ਪਸੰਜਰ ਐਂਡ ਕਾਰਗੋ ਹੱਬ ਏਅਰਪੋਰਟ ਐਟ ਨਾਗਪੁਰ ਕੰਪਲੈਕਸ' ਵਿਚ ਦਿੱਤੀ ਗਈ ਸੀ। ਕੁਝ ਸਾਲ ਪਹਿਲਾਂ ਧੂਮਧਾਮ ਨਾਲ ਐਲਾਨੇ ਗਏ ਇਸ ਪ੍ਰੋਜੈਕਟ ਦੇ ਠੇਕੇਦਾਰ ਪੈਸੇ ਨਾ ਮਿਲਣ ਕਾਰਨ ਕੰਮ ਛੱਡ ਗਏ ਹਨ। ਸਤੰਬਰ 2016 ਵਿਚ ਜ਼ਮੀਨ ਅਲਾਟ ਹੋਣ ਵੇਲੇ ਬਾਬਾ ਰਾਮਦੇਵ ਨੇ ਐਲਾਨਿਆ ਸੀ ਕਿ ਪ੍ਰੋਜੈਕਟ 6 ਮਹੀਨਿਆਂ ਵਿਚ ਸ਼ੁਰੂ ਹੋ ਜਾਵੇਗਾ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਕੰਪਨੀ ਨੇ ਪੈਸੇ ਦੀ ਕਮੀ ਦਾ ਹਵਾਲਾ ਦਿੰਦਿਆਂ ਸਰਕਾਰੀ ਬੈਂਕਾਂ ਤੋਂ ਧਨ ਦਾ ਪ੍ਰਬੰਧ ਕਰਨ ਦੀ ਗੱਲ ਕਹੀ ਹੈ, ਪਰ ਪਹਿਲਾਂ ਹੀ ਸੰਕਟ ਵਿਚ ਚੱਲ ਰਹੀਆਂ ਬੈਂਕਾਂ ਹੱਥ-ਪੱਲਾ ਨਹੀਂ ਫੜਾ ਰਹੀਆਂ। ਪਤਾ ਲੱਗਾ ਹੈ ਕਿ ਪ੍ਰੋਜੈਕਟ ਦੇ ਕੰਮ ਵਿਚ ਲੱਗੇ ਬਹੁਤੇ ਕਾਮੇ ਕੰਮ ਛੱਡ ਕੇ ਚਲੇ ਗਏ ਹਨ। ਪਤੰਜਲੀ ਨੂੰ ਜ਼ਮੀਨ 25 ਲੱਖ ਰੁਪਏ ਏਕੜ ਦੇ ਭਾਅ ਦੇਣ ਦੀ ਭਾਜਪਾ ਦੀ ਦਵਿੰਦਰ ਫੜਨਵੀਸ ਸਰਕਾਰ ਦੀ ਨੁਕਤਾਚੀਨੀ ਹੋਈ ਸੀ, ਕਿਉਂਕਿ ਬਾਜ਼ਾਰ ਭਾਅ ਚਾਰ ਗੁਣਾਂ ਤੋਂ ਵੀ ਵੱਧ ਸਨ। ਨਾਗਪੁਰ ਦੇ ਰਹਿਣ ਵਾਲੇ ਫੜਨਵੀਸ ਨੇ ਸੌਦੇ ਨੂੰ ਜਾਇਜ਼ ਠਹਿਰਾਉਂਦਿਆਂ ਦਾਅਵਾ ਕੀਤਾ ਸੀ ਕਿ ਇਸ ਨਾਲ ਸੰਤਰਾ ਉਤਪਾਦਕਾਂ ਨੂੰ ਫਾਇਦਾ ਹੋਵੇਗਾ।

204 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper