Latest News
ਬੋਰਵੈੱਲ 'ਚ ਹੀ ਰਹਿ ਗਈ ਫਤਿਹਵੀਰ ਦੀ ਰੂਹ

Published on 11 Jun, 2019 11:34 AM.


ਸੁਨਾਮ/ਊਧਮ ਸਿੰਘ ਵਾਲਾ
(ਮਨਪ੍ਰੀਤ ਨੀਲੋਵਾਲ)
ਪ੍ਰਸ਼ਾਸਨ 110 ਘੰਟਿਆਂ ਦੀ ਜੱਦੋ-ਜਹਿਦ ਤੋਂ ਬਾਅਦ ਦੋ ਸਾਲ ਦੇ ਬੱਚੇ ਫਤਿਹਵੀਰ ਸਿੰਘ ਨੂੰ ਮੰਗਲਵਾਰ ਸਵੇਰੇ ਬੋਰਵੈੱਲ ਵਿਚੋਂ ਬਾਹਰ ਕੱਢ ਸਕਿਆ। ਇਸ ਤੋਂ ਬਾਅਦ ਉਸ ਨੂੰ ਹੈਲੀਕਾਪਟਰ ਦੁਆਰਾ ਚੰਡੀਗੜ੍ਹ ਲਿਜਾਇਆ ਗਿਆ। ਚੰਡੀਗੜ੍ਹ ਪੀ ਜੀ ਆਈ ਵਿਖੇ ਉਸ ਦਾ ਪੋਸਟ-ਮਾਰਟਮ ਹੋਇਆ। ਪੋਸਟ ਮਾਰਟਮ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਫਤਿਹਵੀਰ ਦੀ ਮੌਤ ਦੋ ਦਿਨ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਉਸ ਨੂੰ ਮ੍ਰਿਤਕ ਹਾਲਤ ਵਿਚ ਹੀ ਹਸਪਤਾਲ ਵਿਚ ਲਿਆਂਦਾ ਗਿਆ।
ਇਸ ਤੋਂ ਬਾਅਦ ਫਤਿਹਵੀਰ ਦੀ ਮ੍ਰਿਤਕ ਦੇਹ ਨੂੰ ਪਿੰਡ ਭਗਵਾਨਪੁਰਾ ਲਿਆ ਕੇ ਉਸ ਦਾ ਹਜ਼ਾਰਾਂ ਹੀ ਸੇਜਲ ਅੱਖਾਂ ਸਾਹਮਣੇ ਅੰਤਮ ਸੰਸਕਾਰ ਕੀਤਾ ਗਿਆ।
6 ਜੂਨ ਨੂੰ ਬੋਰਵੈੱਲ ਵਿੱਚ ਡਿੱਗੇ ਫ਼ਤਿਹਵੀਰ ਸਿੰਘ ਦੀ ਮੌਤ ਦੀ ਖਬਰ ਮਿਲਦਿਆਂ ਹੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਸੰਗਰੂਰ ਦੇ ਪ੍ਰਸ਼ਾਸਨ ਖ਼ਿਲਾਫ਼ ਲੋਕਾਂ ਵਿੱਚ ਗੁੱਸੇ ਦੀ ਲਹਿਰ ਫੈਲ ਗਈ।ਲੋਕਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਧਰਨਾ ਲਾ ਦਿੱਤਾ। ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਮਨਪ੍ਰੀਤ ਸਿੰਘ ਨਮੋਲ, ਚਮਕੌਰ ਸਿੰਘ ਜਾਇੰਟ ਸਕੱਤਰ ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ, ਐਡਵੋਕੇਟ ਹਰਦੀਪ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਦਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਫਤਿਹਵੀਰ ਨੂੰ ਸੁਰੱਖਿਅਤ ਬਾਹਰ ਨਾ ਕੱਢਣ ਲਈ ਬਰਾਬਰ ਕਸੂਰਵਾਰ ਹਨ।ਆਗੂਆਂ ਕਿਹਾ ਕਿ ਪੰਜਾਬ ਸਰਕਾਰ ਕੋਲ ਇਸ ਤਰ੍ਹਾਂ ਦੀ ਕੁਦਰਤੀ ਆਫਤ ਨਾਲ ਨਜਿੱਠਣ ਲਈ ਅਤਿ-ਆਧੁਨਿਕ ਕਿਸਮ ਦੀ ਕੋਈ ਮਸ਼ੀਨਰੀ ਨਹੀਂ। ਪੰਜਾਬ ਸਰਕਾਰ ਨੇ ਇਸ ਤਰ੍ਹਾਂ ਦੀਆਂ ਕੁਦਰਤੀ ਆਫਤਾਂ ਨੂੰ ਨਜਿੱਠਣ ਲਈ ਬਚਾਅ ਕਾਰਜਾਂ ਲਈ ਹਾਲੇ ਤੱਕ ਕੋਈ ਵਿਸ਼ੇਸ਼ ਟੀਮ ਨਹੀਂ ਬਣਾਈ। ਉੁਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਕਸੂਰਵਾਰ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਤੁਰੰਤ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ।ਇਸ ਧਰਨੇ ਵਿੱਚ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ, ਮਾਨਕ ਸਿੰਘ, ਸੋਨੀ ਲਖਵੀਰ ਵਾਲਾ, ਅਵਤਾਰ ਸਿੰਘ ਤਾਰੀ, ਕਾਮਰੇਡ ਵਰਿੰਦਰ ਕੌਸ਼ਿਕ, ਸੁਖਵਿੰਦਰ ਕੌਰ ਢਿੱਲੋਂ, ਬਾਰ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ, ਐਡਵੋਕੇਟ ਮਿੱਤ ਸਿੰਘ ਜਨਾਲ, ਐਡਵੋਕੇਟ ਰਣਜੀਤ ਸਿੰਘ ਛਾਜਲਾ, ਐਡਵੋਕੇਟ ਪ੍ਰਿਤਪਾਲ ਸਿੰਘ ਐਡਵੋਕੇਟ, ਹਰਸੁੱਖ ਸਿੰਘ ਛਾਜਲਾ, ਮੋਹਿਤ ਗਰਗ, ਵੱਖ-ਵੱਖ ਸਮਾਜਕ ਅਤੇ ਧਾਰਮਕ ਸੰਸਥਾਵਾਂ ਦੇ ਆਗੂ ਅਤੇ ਵੱਡੀ ਗਿਣਤੀ ਵਿਚ ਸੁਨਾਮ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ।
ਸੰਗਰੂਰ ਦੀਆਂ ਵੱਖ-ਵੱਖ ਜਨਤਕ, ਜਮਹੂਰੀ ਅਤੇ ਵਪਾਰਕ ਜਥੇਬੰਦੀਆਂ ਵੱਲੋਂ 12 ਜੂਨ ਨੂੰ ਸੰਗਰੂਰ ਦੇ ਬਾਜ਼ਾਰ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੱਚੇ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਸੂਬੇ ਭਰ 'ਚ ਸਾਰੇ ਖੁੱਲ੍ਹੇ ਬੋਰਵੈੱਲਾਂ ਨੂੰ ਬੰਦ ਕਰਨ ਦਾ ਆਦੇਸ਼ ਦਿੱਤਾ ਹੈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ ਫਤਿਹਵੀਰ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਦੁਖੀ ਹਾਂ। ਮੈਂ ਦੁਆ ਕਰਦਾ ਹਾਂ ਕਿ ਵਾਹਿਗੁਰੂ ਉਨ੍ਹਾ ਦੇ ਪਰਵਾਰ ਨੂੰ ਇਸ ਦੁੱਖ ਦੀ ਘੜੀ ਦਾ ਸਾਹਮਣਾ ਕਰਨ ਦੀ ਹਿੰਮਤ ਦੇਵੇ। ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਤੋਂ ਖੁੱਲ੍ਹੇ ਬੋਰਵੈੱਲਾਂ ਦੇ ਸੰਬੰਧੀ ਰਿਪੋਰਟ ਮੰਗੀ ਗਈ ਹੈ, ਤਾਂ ਕਿ ਭਵਿੱਖ 'ਚ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ।

514 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper