Latest News
ਅਮਰਨਾਥ ਯਾਤਰਾ ਤੋਂ ਪਹਿਲਾਂ ਅਨੰਤਨਾਗ 'ਚ ਵੱਡਾ ਹਮਲਾ 5 ਜਵਾਨ ਸ਼ਹੀਦ, ਮੁਕਾਬਲੇ 'ਚ ਦੋ ਅੱਤਵਾਦੀ ਵੀ ਮਾਰੇ ਗਏ

Published on 12 Jun, 2019 11:34 AM.


ਅਨੰਤਨਾਗ (ਨਵਾਂ ਜ਼ਮਾਨਾ ਸਰਵਿਸ)
ਅਮਰਨਾਥ ਯਾਤਰਾ ਤੋਂ ਠੀਕ ਪਹਿਲਾਂ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ 'ਚ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਅੱਤਵਾਦੀਆਂ ਨੇ ਬੁੱਧਵਾਰ ਨੂੰ ਇੱਥੋਂ ਦੇ ਇੱਕ ਭੀੜ ਵਾਲੇ ਇਲਾਕੇ ਵਾਲੀ ਸੜਕ 'ਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ ਆਰ ਪੀ ਐੱਫ਼) ਦੇ ਗਸ਼ਤੀ ਦਲ ਨੂੰ ਨਿਸ਼ਾਨਾ ਬਣਾਇਆ। ਹਮਲੇ 'ਚ ਸੀ ਆਰ ਪੀ ਐੱਫ਼ ਦੇ 5 ਜਵਾਨਾਂ ਦੇ ਸ਼ਹੀਦ ਹੋ ਗਏ ਜਦਕਿ ਤਿੰਨ ਜਵਾਨ ਜਖ਼ਮੀ ਦੱਸੇ ਜਾ ਰਹੇ ਹਨ। ਮੁਕਾਬਲੇ 'ਚ ਜਵਾਨਾਂ ਨੇ 2 ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਨੰਤਨਾਗ 'ਚ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਅੱਤਵਾਦੀ ਆਏ ਅਤੇ ਸੀ ਆਰ ਪੀ ਐਫ਼ ਅਤੇ ਪੁਲਸ ਬਲ ਦੇ ਜਵਾਨਾਂ 'ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ 'ਚ ਸੀ ਆਰ ਪੀ ਐਫ਼ ਦੇ ਕਈ ਜਵਾਨ ਜਖ਼ਮੀ ਹੋ ਗਏ। ਨਾਲ ਹੀ ਸੂਬਾ ਪੁਲਸ ਬਲ ਦਾ ਇੱਕ ਐਸ ਐਚ ਓ ਵੀ ਜਖ਼ਮੀ ਦੱਸਿਆ ਜਾ ਰਿਹਾ ਹੈ। ਸ਼ਹੀਦਾਂ 'ਚ ਇੱਕ ਏ ਐਸ ਆਈ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ 2 ਜ਼ਖ਼ਮੀ ਜਵਾਨਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਹਮਲੇ 'ਚ ਜੰਮੂ ਅਤੇ ਕਸ਼ਮੀਰ ਪੁਲਸ ਦਾ ਇੱਕ ਇੰਸਪੈਕਟਰ ਵੀ ਜ਼ਖ਼ਮੀ ਹੋ ਗਿਆ।
ਅਧਿਕਾਰੀਆਂ ਦੱਸਿਆ ਕਿ ਘੱਟੋ-ਘੱਟ ਦੋ ਅੱਤਵਾਦੀਆਂ ਨੇ ਕੇ ਪੀ ਰੋਡ 'ਤੇ ਸੀ ਆਰ ਪੀ ਐੱਫ਼ ਦੇ ਕਾਫ਼ਲੇ 'ਤੇ ਆਟੋਮੈਟਿਕ ਰਾਇਫ਼ਲਾਂ ਨਾਲ ਅੰਨ੍ਹੇਵਾਹ ਗੋਲੀਆਂ ਚਲਾਈਆਂ ਅਤੇ ਫਿਰ ਗਰਨੇਡ ਸੁੱਟੇ। ਮੁਕਾਬਲਾ ਕਾਫ਼ੀ ਦੇਰ ਤੱਕ ਜਾਰੀ ਰਿਹਾ। ਮੁਕਾਬਲੇ 'ਚ ਇੱਕ ਅੱਤਵਾਦੀ ਵੀ ਮਾਰਿਆ ਗਿਆ।
ਅਨੰਤਨਾਗ ਪੁਲਸ ਸਟੇਸ਼ਨ ਦੇ ਐੱਸ ਐੱਚ ਓ ਅਰਸ਼ਦ ਅਹਿਮਦ ਵੀ ਹਮਲੇ 'ਚ ਜ਼ਖ਼ਮੀ ਹੋ ਗਏ। ਉਨ੍ਹਾ ਨੂੰ ਇਲਾਜ ਲਈ ਸ੍ਰੀਨਗਰ ਲਿਆਂਦਾ ਗਿਆ ਹੈ। ਟੀ ਵੀ ਰਿਪੋਰਟਾਂ ਮੁਤਾਬਕ ਇੱਕ ਸਥਾਨਕ ਲੜਕੀ ਨੂੰ ਵੀ ਗੋਲੀ ਲੱਗੀ ਹੈ।
ਅਲ ਉਮਰ ਮੁਜਾਹਦੀਨ ਨਾਂਅ ਦੇ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਅੱਤਵਾਦੀ ਸੰਗਠਨ ਨੇ ਕਿਹਾ ਕਿ ਮੁਸ਼ਤਾਕ ਜਰਗਰ ਉਸ ਦਾ ਸਰਗਨਾ ਹੈ। ਦੱਸਿਆ ਜਾ ਰਿਹਾ ਹੈ ਕਿ ਬਾਲਾਕੋਟ ਏਅਰ ਸਟਰਾਇਕ ਦੌਰਾਨ ਉਹ ਵੀ ਨਿਸ਼ਾਨੇ 'ਤੇ ਸੀ। ਮੁਸ਼ਤਾਕ ਜਰਗਰ ਉਹੀ ਅੱਤਵਾਦੀ ਹੈ, ਜਿਸ ਨੂੰ 1999 'ਚ ਜਹਾਜ਼ ਆਈ ਸੀ-814 ਦੇ ਯਾਤਰੀਆਂ ਨੂੰ ਛੱਡਣ ਦੇ ਬਦਲੇ ਭਾਰਤ ਸਰਕਾਰ ਨੇ ਰਿਹਾਅ ਕੀਤਾ ਸੀ। ਉਸ ਦੇ ਨਾਲ ਮਸੂਦ ਅਜ਼ਹਰ ਅਤੇ ਸ਼ੇਖ ਉਮਰ ਨੂੰ ਵੀ ਛੱਡਿਆ ਗਿਆ ਸੀ।

272 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper