Latest News
ਪਿਛਾਖੜੀ ਤਾਕਤਾਂ ਖਿਲਾਫ ਲੜਾਈ ਜਾਰੀ ਰਹੇਗੀ : ਡੀ ਰਾਜਾ

Published on 21 Jul, 2019 11:31 AM.


ਨਵੀਂ ਦਿੱਲੀ : ਭਾਰਤੀ ਕਮਿਊਨਿਸਟ ਪਾਰਟੀ ਦਾ ਜਨਰਲ ਸਕੱਤਰ ਚੁਣੇ ਜਾਣ ਦੇ ਬਾਅਦ ਕਾਮਰੇਡ ਡੀ ਰਾਜਾ ਨੇ ਕਿਹਾ ਕਿ ਪਿਛਾਖੜੀ ਤਾਕਤਾਂ ਦੇ ਖਿਲਾਫ ਪਾਰਟੀ ਦੀ ਲੜਾਈ ਜਾਰੀ ਰਹੇਗੀ। ਕਾਮਰੇਡ ਐੱਸ ਸੁਧਾਕਰ ਰੈਡੀ ਦੀ ਥਾਂ ਲੈਣ ਵਾਲੇ ਰਾਜ ਸਭਾ ਮੈਂਬਰ ਕਾਮਰੇਡ ਰਾਜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਾਸ਼ੀਵਾਦੀ ਸ਼ਾਸਨ ਵਿਚ ਦੇਸ਼ ਸੰਕਟਪੂਰਨ ਦੌਰ ਵਿਚੋਂ ਲੰਘ ਰਿਹਾ ਹੈ।
ਖੱਬੀਆਂ ਤਾਕਤਾਂ ਭਾਵੇਂ ਲੋਕ ਸਭਾ ਚੋਣਾਂ ਵਿਚ ਸੀਟਾਂ ਹਾਰ ਗਈਆਂ ਹੋਣ ਤੇ ਸੰਸਦ ਵਿਚ ਛੋਟੀ ਤਾਕਤ ਰਹਿ ਗਈਆਂ ਹੋਣ, ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਦੇਸ਼ ਵਿਚ ਸਿਮਟ ਗਏ ਹਾਂ ਜਾਂ ਸਾਡਾ ਵਿਚਾਰਧਾਰਕ ਤੇ ਸਿਆਸੀ ਅਸਰ ਸੁੰਗੜ ਗਿਆ ਹੈ। ਉਨ੍ਹਾ ਕਿਹਾ, 'ਅਸੀਂ ਇਸ ਦੇਸ਼ ਦੇ ਲੋਕਾਂ ਦੀਆਂ ਉਮੀਦਾਂ ਹਾਂ।' ਖਰਾਬ ਸਿਹਤ ਕਾਰਨ ਅਸਤੀਫਾ ਦੇਣ ਵਾਲੇ ਕਾਮਰੇਡ ਰੈਡੀ ਵੀ ਇਸ ਮੌਕੇ ਮੌਜੂਦ ਸਨ।
ਤਾਮਿਲਨਾਡੂ ਦੇ ਕਾਮਰੇਡ ਰਾਜਾ 1967-68 ਵਿਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਨਾਲ ਜੁੜੇ ਸਨ। 1973 ਵਿਚ ਪਾਰਟੀ ਦੀ ਜ਼ਿਲ੍ਹਾ ਇਕਾਈ ਨੇ ਉਨ੍ਹਾ ਨੂੰ ਪੜ੍ਹਨ ਲਈ ਮਾਸਕੋ ਘੱਲਿਆ। ਉਥੋਂ ਪਰਤ ਕੇ 1974 ਵਿਚ ਉਹ ਪਾਰਟੀ ਦੇ ਕੁਲਵਕਤੀ ਕਾਰਕੁਨ ਬਣ ਗਏ। ਪਾਰਟੀ ਨੇ ਉਨ੍ਹਾ ਨੂੰ ਨੌਜਵਾਨਾਂ ਨੂੰ ਲਾਮਬੰਦ ਕਰਨ ਦੀ ਜ਼ਿੰਮੇਵਾਰੀ ਦਿੱਤੀ। ਉਹ 1976 ਵਿਚ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਸੂਬੇ ਦੇ ਸਕੱਤਰ ਚੁਣੇ ਗਏ ਅਤੇ ਨੌਜਵਾਨ ਆਗੂ ਵਜੋਂ ਉਭਰਦੇ ਗਏ।
ਪਾਰਟੀ ਨੇ ਉਨ੍ਹਾ ਨੂੰ ਸੂਬਾ ਕੌਂਸਲ ਤੇ ਫਿਰ ਐਗਜ਼ੈਕਟਿਵ ਦਾ ਮੈਂਬਰ ਬਣਾਇਆ। ਸੂਬੇ ਵਿਚ ਉਨ੍ਹਾ ਕੰਮ ਦੇ ਹੱਕ ਵਿਚ ਬੇਰੁਜ਼ਗਾਰੀ ਦੇ ਖਿਲਾਫ ਅੰਦੋਲਨ ਚਲਾਇਆ। ਕਈ ਪਦ ਯਾਤਰਾਵਾਂ ਨਾਲ ਲੋਕਾਂ ਨੂੰ ਜੋੜਿਆ। 1985 ਵਿਚ ਛੱਤੀਸਗੜ੍ਹ ਦੇ ਬਿਲਾਸਪੁਰ ਵਿਚ ਉਹ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਜਨਰਲ ਸਕੱਤਰ ਚੁਣੇ ਗਏ। ਉਸ ਦੌਰਾਨ ਉਨ੍ਹਾ 'ਸੇਵ ਇੰਡੀਆ, ਚੇਂਜ ਇੰਡੀਆ' ਦੇ ਨਾਅਰੇ ਨਾਲ ਮੁਹਿੰਮ ਚਲਾਈ ਅਤੇ ਦੇਸ਼ਵਿਆਪੀ ਸਾਇਕਲ ਯਾਤਰਾ ਕੀਤੀ। 1992 ਦੇ ਹੈਦਰਾਬਾਦ ਸੰਮੇਲਨ ਵਿਚ ਉਹ ਪਾਰਟੀ ਦੀ ਕੌਮੀ ਐਗਜ਼ੈਕਟਿਵ ਵਿਚ ਆ ਗਏ ਤੇ ਇਕ ਸਾਲ ਬਾਅਦ ਉਨ੍ਹਾ ਨੂੰ ਦਿੱਲੀ ਸੱਦ ਲਿਆ ਗਿਆ। ਉਹ 2006 ਵਿਚ ਤਾਮਿਲਨਾਡੂ ਤੋਂ ਰਾਜ ਸਭਾ ਦੇ ਮੈਂਬਰ ਚੁਣੇ ਗਏ। ਉਦੋਂ ਤੋਂ ਉਹ ਲਗਾਤਾਰ ਮੈਂਬਰ ਹਨ ਤੇ ਉਨ੍ਹਾ ਦੀ ਮੈਂਬਰੀ ਦੀ ਮਿਆਦ 24 ਜੁਲਾਈ ਨੂੰ ਖਤਮ ਹੋ ਰਹੀ ਹੈ। ਕਾਮਰੇਡ ਰਾਜਾ ਨੇ ਰਾਜ ਸਭਾ ਵਿਚ ਸਮਾਜੀ, ਆਰਥਕ ਤੇ ਸਿਆਸੀ ਮਾਮਲੇ ਸ਼ਿੱਦਤ ਨਾਲ ਚੁੱਕੇ। ਉਨ੍ਹਾ ਯੂਨੀਵਰਸਿਟੀਆਂ ਦੇ ਮਾਮਲੇ ਵੀ ਉਠਾਏ। ਉਨ੍ਹਾ ਦੇ ਰੈਫਰੈਂਸ ਨਾਲ ਭਰੇ ਭਾਸ਼ਣਾਂ ਦੌਰਾਨ ਦੂਜੀਆਂ ਪਾਰਟੀਆਂ ਦੇ ਮੈਂਬਰਾਂ ਦਾ ਵੀ ਉਨ੍ਹਾ ਨੂੰ ਸਹਿਯੋਗ ਮਿਲਦਾ ਰਿਹਾ। ਉਹ ਜੰਤਰ-ਮੰਤਰ 'ਤੇ ਧਰਨਿਆਂ ਵਿਚ ਅਕਸਰ ਦੇਖੇ ਜਾਂਦੇ ਰਹੇ ਹਨ।

291 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper