Latest News
ਪਾੜ ਪੂਰਨ ਲਈ ਫੌਜ ਦੀ ਮਦਦ ਲਈ

Published on 21 Jul, 2019 11:41 AM.


ਮੂਨਕ (ਰਾਜਪਾਲ ਸਿੰਗਲਾ)
ਪਿਛਲੇ ਚਾਰ ਦਿਨਾਂ ਤੋਂ ਪਿੰਡ ਮਕੋਰੜ-ਫੂਲਦ ਵਿਚਕਾਰ ਘੱਗਰ ਨਦੀ ਦੇ ਬੰਨ੍ਹ ਵਿੱਚ ਪਏ 150 ਫੁੱਟ ਦੇ ਪਾੜ ਨੂੰ ਬੰਦ ਕਰਨ ਲਈ ਜਿੱਥੇ ਕਿਸਾਨਾਂ ਨੇ ਆਪਣੀ ਝੋਨੇ ਦੀ ਫਸਲ ਨੂੰ ਡੁਬਦੀ ਦੇਖ ਕੇ ਹੌਸਲੇ ਛੱਡਣ ਤੋਂ ਬਾਅਦ ਉਕਤ ਪਾੜ ਨੂੰ ਪੂਰਨ ਲਈ ਪੈਰ ਪਿਛਾਂਹ ਨੂੰ ਖਿੱਚ ਲਏੇ ਹਨ, ਉੱਥੇ ਪ੍ਰਸ਼ਾਸਨ ਨੇ ਆਰਮੀ, ਐੱਨ ਡੀ ਆਰ ਐਫ, ਐੱਸ ਡੀ ਆਰ ਐੱਫ, ਮਨਰੇਗਾ ਅਤੇ ਡੇਰਾ ਪ੍ਰੇਮੀਆਂ ਦੇ ਸਹਿਯੋਗ ਨਾਲ ਪਾੜ ਨੂੰ ਬੰਦ ਕਰਨ ਲਈ ਤਾਰਾਂ ਦੇ ਜਾਲ ਬਣਾ ਕੇ ਮਿੱਟੀ ਦੇ ਥੈਲੇ ਵਰਤਣ ਦੀ ਬਜਾਏ ਪੱਥਰ ਦੇ ਭਰੇ ਹੋਏ ਥੈਲੇ ਸੁੱਟ ਕੇ ਅੱਡੀ-ਚੋਟੀ ਦਾ ਜ਼ੋਰ ਲਾ ਰਹੇ ਹਨ। ਇਹ ਸਮਗਰੀ ਨਜ਼ਦੀਕ ਨਾ ਹੋਣ ਕਾਰਨ ਘੱਗਰ ਦੇ ਦੂਜੇ ਕਿਨਾਰੇ ਤੋਂ ਕਿਸ਼ਤੀਆਂ ਦੁਆਰਾ ਲਿਆਇਆ ਜਾ ਰਿਹਾ ਹੈ, ਜਿਸ ਕਾਰਨ ਇਸ ਪਾੜ ਨੂੰ ਪੂਰਨ ਵਿੱਚ ਦੇਰੀ ਹੋ ਰਹੀ ਹੈ ਅਤੇ ਕਰੀਬ 30 ਫੁੱਟ ਪਾੜ ਬੰਦ ਕਰਨ ਪਿਆ ਹੈ। ਇਸ ਪਾੜ ਵਿੱਚੋਂ ਪਾਣੀ ਤੇਜ਼ੀ ਨਾਲ ਫੈਲਦਾ ਹੋਇਆ ਮੂਨਕ-ਚੰਡੀਗੜ ਰੋਡ ਵੀ ਪਾਰ ਕਰ ਗਿਆ ਹੈ। ਇਹ ਪਾਣੀ ਸਤਿਸੰਗ ਘਰ ਅਤੇ ਪੈਟਰੋਲ ਪੰਪ ਦੇ ਨਾਲ ਲੱਗ ਗਿਆ ਹੈ।
ਤੇਜ਼ ਪਾਣੀ ਭਿਆਨਕ ਰੂਪ ਧਾਰਨ ਕਰਦਾ ਹੋਇਆ ਪਿੰਡ ਸੁਰਜਨ ਭੈਣੀ, ਭੂੰਦੜ ਭੈਣੀ, ਮਕੋਰੜ, ਫੂਲਦ, ਹਮੀਰਗੜ੍ਹ ਅਤੇ ਮੂਨਕ ਦੀ ਸੈਂਕੜੇ ਏਕੜ ਝੋਨੇ ਦੀ ਫਸ਼ਲ ਨੂੰ ਬਰਬਾਦ ਕਰ ਰਿਹਾ ਹੈ ਅਤੇ ਸ਼ਹਿਰ ਦੇ ਬੱਸ ਸਟੈਂਡ ਕੋਲ ਨੀਂਵੀਆਂ ਬਸਤੀਆਂ ਨੂੰ ਮਾਰ ਕਰ ਗਿਆ ਹੈ, ਜਿੱਥੇ ਕਈ ਘਰਾਂ ਵਿਚ ਤਰੇੜਾਂ ਦੇ ਨਾਲ-ਨਾਲ ਕੰਧਾਂ ਅਤੇ ਬਰਾਂਡੇ ਵੀ ਡਿੱਗ ਗਏ ਹਨ। ਇਨ੍ਹਾਂ ਘਰਾਂ ਵਿੱਚ ਮੌਕੇ 'ਤੇ ਮੌਜੂਦ ਕ੍ਰਿਸ਼ਨਾ ਰਾਣੀ, ਪੂਜਾ ਦੇਵੀ ਅਤੇ ਬੱਲੂ ਰਾਣੀ ਨੇ ਕਿਹਾ ਕਿ ਸਾਡੇ ਕੋਲ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਨਹੀ ਆਇਆ, ਜੋ ਸਾਡੀ ਮਦਦ ਕਰ ਸਕੇ, ਨਾ ਹੀ ਸਾਡੇ ਪਸ਼ੂਆ ਲਈ ਕੋਈ ਹਰਾ ਚਾਰਾ ਹੈ।
ਪਾੜ 'ਤੇ ਮੌਜੂਦ ਕਿਸਾਨ ਨਸੀਬ ਸਿੰਘ ਨੇ ਕਿਹਾ ਕਿ ਜਦੋਂ ਸਾਡੀਆਂ ਫਸਲਾਂ ਹੀ ਮਰ ਗਈਆਂ ਤਾਂ ਪਾੜ ਤੋਂ ਅਸੀਂ ਕੀ ਲੈਣਾ, ਹੁਣ ਤਾਂ ਅਸੀਂ ਆਪਣੇ ਘਰਾਂ ਦੀ ਰਾਖੀ ਕਰ ਰਹੇ ਹਾਂ। ਉਹਨਾ ਕਿਹਾ ਜੇਕਰ ਇਹ ਪਾੜ ਬੰਦ ਹੁੰਦਾ ਹੈ ਤਾਂ ਪਿੰਡ ਫੂਲਦ ਵਾਲਾ ਬੰਨ੍ਹ ਟੁੱਟ ਸਕਦਾ ਹੈ, ਜਿਸ ਨਾਲ ਫਸਲਾਂ ਦੀ ਬਜਾਏ ਜਾਨੀ ਨੁਕਸਾਨ ਵੀ ਹੋ ਸਕਦਾ ਹੈ।
ਐੱਸ ਡੀ ਅੱੈਮ ਮੂਨਕ ਸੂਬਾ ਸਿੰਘ ਅਤੇ ਡੀ ਐੱਸ ਪੀ ਮੂਨਕ ਬੂਟਾ ਸਿੰਘ ਕਿਸ਼ਤੀ 'ਤੇ ਸਵਾਰ ਹੋ ਕੇ ਮੌਕੇ 'ਤੇ ਪਾੜ ਪੂਰਨ ਲਈ ਦਿਸ਼ਾ-ਨਿਰਦੇਸ਼ ਦੇ ਰਹੇ ਸਨ।
ਸ਼ਹਿਰ ਦੇ ਟੋਹਾਣਾ ਰੋਡ 'ਤੇ 20 ਪੁਲ ਦਰੀ ਥੱਲੇ ਪਿਛਲੇ ਕਾਫੀ ਸਮੇਂ ਤੋਂ ਘਾਹ, ਬੂਟੀ ਫਸੀ ਹੋਈ ਕਾਰਨ ਘੱਗਰ ਦੇ ਹੜ੍ਹਾਂ ਦੇ ਪਾਣੀ ਨੂੰ ਇਸ ਪੁਲ 'ਚੋਂ ਨਿਕਲਣ ਲਈ ਡਾਫ ਲੱਗੀ ਹੋਈ ਸੀ, ਜਿਸ ਨੂੰ ਪਹਿਲਾਂ ਸਾਫ ਕਰਨ ਦੀ ਬਜਾਏ ਅੱਜ ਮੌਕੇ 'ਤੇ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਨੂੰ ਸੁੱਤੀ ਹੋਈ ਕੁੰਭਕਰਨੀ ਨੀਂਦ ਤੋਂ ਉੱਠਣਾ ਪਿਆ, ਜਿਹੜੇ ਜੇ ਸੀ ਬੀ ਅਤੇ ਟਰੈਕਟਰ ਲਗਾ ਕੇ ਕੂੜਾ-ਕਰਕਟ ਅਤੇ ਘਾਹ-ਬੂਟੀ ਨੂੰ ਸਾਫ ਕਰਨ 'ਤੇ ਲੱਗ ਗਏ। ਇਸ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

598 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper