Latest News
ਜੰਮੂ-ਕਸ਼ਮੀਰ 'ਤੇ ਸੁਪਰੀਮ ਕੋਰਟ ਦਾ ਜਲਦ ਸੁਣਵਾਈ ਤੋਂ ਇਨਕਾਰ

Published on 13 Aug, 2019 12:01 PM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ 'ਕਸ਼ਮੀਰ ਟਾਈਮਜ਼' ਦੀ ਸੰਪਾਦਕ ਅਨੁਰਾਧਾ ਭਸੀਨ ਨੂੰ ਕਿਹਾ ਕਿ ਉਹ ਜੰਮੂ-ਕਸ਼ਮੀਰ 'ਚ ਮੀਡੀਆ 'ਤੇ ਲੱਗੀਆਂ ਪਾਬੰਦੀਆਂ ਹਟਾਉਣ ਦੀ ਮੰਗ ਕਰਨ ਵਾਲੀ ਆਪਣੀ ਪਟੀਸ਼ਨ ਨੂੰ ਤਤਕਾਲ ਸੂਚੀਬੱਧ ਕਰਨ ਲਈ ਅਦਾਲਤ ਦੇ ਰਜਿਸਟਰਾਰ ਨੂੰ ਨੋਟਿਸ ਦੇਣ।
ਉਥੇ ਹੀ ਤਹਿਸੀਨ ਪੁੰਨਾਵਾਲਾ ਵੱਲੋਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਖ਼ਲ ਕਰਕੇ ਜੰਮੂ-ਕਸ਼ਮੀਰ ਤੋਂ ਕਰਫਿਊ ਹਟਾਉਣ, ਫੋਨ ਲਾਈਨ, ਇੰਟਰਨੈੱਟ, ਨਿਊਜ਼ ਚੈਨਲ ਅਤੇ ਹੋਰ ਪਾਬੰਦੀਆਂ ਹਟਾਉਣ ਦੀ ਮੰਗ ਕੀਤੀ। ਇਸ 'ਤੇ ਸੁਪਰੀਮ ਕੋਰਟ ਨੇ ਸਰਕਾਰ ਤੋਂ ਪੁੱਛਿਆ, 'ਤੁਸੀਂ ਇਸ ਨੂੰ ਕਦੋਂ ਤੱਕ ਜਾਰੀ ਰੱਖਣ ਵਾਲੇ ਹੋ? ' ਸੁਪਰੀਮ ਕੋਰਟ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀ ਮੌਜੂਦਾ ਸਥਿਤੀ ਬਹੁਤ ਹੀ ਸੰਵੇਦਨਸ਼ੀਲ ਹੈ ਅਤੇ ਇਹ ਨਿਸਚਿਤ ਕੀਤਾ ਜਾਣਾ ਚਾਹੀਦਾ ਕਿ ਉਥੇ ਕਿਸੇ ਦੀ ਜਾਨ ਨਾ ਜਾਵੇ।
ਇਸ 'ਤੇ ਅਟਾਰਨੀ ਜਨਰਲ ਨੇ ਜਵਾਬ ਦਿੱਤਾ, ਅਸੀਂ ਹਰ ਦਿਨ ਦੀ ਸਥਿਤੀ ਦੀ ਸਮੀਖਿਆ ਕਰ ਰਹੇ ਹਾਂ। ਇਹ ਬੇਹੱਦ ਸੰਵੇਦਨਸ਼ੀਲ ਸਥਿਤੀ ਹੈ, ਇਹ ਸਾਰਿਆਂ ਦੇ ਹਿੱਤ 'ਚ ਹੈ।' ਇਸ 'ਤੇ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਮਾਮਲੇ ਦੀ ਸੁਣਵਾਈ ਦੋ ਹਫ਼ਤਿਆਂ ਤੋਂ ਬਾਅਦ ਕਰਾਂਗੇ ਅਤੇ ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ। ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਭਸੀਨ ਦੀ ਵਕੀਲ ਵਰਿੰਦਾ ਗਰੋਵਰ ਨੂੰ ਕਿਹਾ ਕਿ ਤੁਸੀਂ ਰਜਿਸਟਰਾਰ ਨੂੰ ਆਪਣਾ ਮੰਗ ਪੱਤਰ ਸੌਂਪ ਦਿਓ ਅਤੇ ਉਹ ਇਸ 'ਤੇ ਵਿਚਾਰ ਕਰਨਗੇ। ਗਰੋਵਰ ਨੇ ਬੈਂਚ ਨੂੰ ਦੱਸਿਆ ਕਿ ਭਸੀਨ ਕਸ਼ਮੀਰ ਦੇ ਇੱਕ ਰੋਜ਼ਾਨਾ ਅਖਬਾਰ ਦੀ ਸੰਪਾਦਕ ਹੈ ਅਤੇ ਘਾਟੀ 'ਚ ਪੂਰੀ ਤਰ੍ਹਾਂ ਬੰਦ ਹੋਣ ਕਾਰਨ ਪੱਤਰਕਾਰ ਕੰਮ ਨਹੀਂ ਕਰ ਪਾ ਰਹੇ। ਇਸ 'ਤੇ ਬੈਂਚ ਨੇ ਕਿਹਾ, 'ਅਸੀਂ ਗੌਰ ਕਰਾਂਗੇ।'

192 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper