Latest News
ਵਿਰੋਧੀ ਪਾਰਟੀਆਂ ਜੰਮੂ-ਕਸ਼ਮੀਰ ਦੇ ਲੋਕਾਂ ਦੇ ਹੱਕ 'ਚ ਡਟੀਆਂ

Published on 22 Aug, 2019 11:44 AM.


ਨਵੀਂ ਦਿੱਲੀ : ਕਸ਼ਮੀਰ ਵਿਚ ਸਿਆਸੀ ਆਗੂਆਂ ਦੀ ਰਿਹਾਈ ਲਈ ਡੀ ਐੱਮ ਕੇ ਦੇ ਸੱਦੇ 'ਤੇ ਵੀਰਵਾਰ ਕਾਂਗਰਸ, ਸੀ ਪੀ ਆਈ, ਸੀ ਪੀ ਆਈ (ਐੱਮ), ਤ੍ਰਿਣਮੂਲ ਕਾਂਗਰਸ, ਰਾਜਦ, ਲੋਕਤਾਂਤਰਿਕ ਜਨਤਾ ਦਲ ਤੇ ਸਪਾ ਦੇ ਆਗੂਆਂ ਨੇ ਜੰਤਰ-ਮੰਤਰ 'ਚ ਪ੍ਰੋਟੈਸਟ ਰੈਲੀ ਕੀਤੀ। ਇਸ ਮੌਕੇ ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ, ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ, ਕਾਂਗਰਸ ਦੇ ਗੁਲਾਮ ਨਬੀ ਆਜ਼ਾਦ, ਸਪਾ ਦੇ ਰਾਮ ਗੋਪਾਲ ਯਾਦਵ, ਲੋਕਤਾਂਤਰਿਕ ਜਨਤਾ ਦਲ ਦੇ ਸ਼ਰਦ ਯਾਦਵ, ਰਾਜਦ ਦੇ ਮਨੋਜ ਝਾਅ ਤੇ ਤ੍ਰਿਣਮੂਲ ਕਾਂਗਰਸ ਦੇ ਦਿਨੇਸ਼ ਤ੍ਰਿਵੇਦੀ ਮੌਜੂਦ ਸਨ।
ਇਨ੍ਹਾਂ ਆਗੂਆਂ ਨੇ ਮੰਗ ਕੀਤੀ ਕਿ ਜੰਮੂ-ਕਸ਼ਮੀਰ ਵਿਚ ਹਾਲਤ ਆਮ ਵਰਗੀ ਬਣਾਈ ਜਾਵੇ, ਵਾਦੀ ਵਿਚ ਟੈਲੀਕਾਮ ਸੇਵਾ ਬਹਾਲ ਕੀਤੀ ਜਾਵੇ ਤੇ ਸਿਆਸੀ ਆਗੂਆਂ ਨੂੰ ਫੌਰੀ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਤਿੰਨ ਸਾਬਕਾ ਮੁੱਖ ਮੰਤਰੀਆਂ ਤੇ ਇਕ ਆਈ ਏ ਐੱਸ ਟਾਪਰ ਤੋਂ ਇਲਾਵਾ ਇਕ ਸਾਬਕਾ ਕੇਂਦਰੀ ਮੰਤਰੀ, 7 ਸਾਬਕਾ ਸੂਬਾਈ ਮੰਤਰੀਆਂ, ਸ੍ਰੀਨਗਰ ਦੇ ਮੇਅਰ ਤੇ ਡਿਪਟੀ ਮੇਅਰ ਤੇ ਕਈ ਵਿਧਾਇਕ ਨਜ਼ਰਬੰਦ ਕੀਤੇ ਹੋਏ ਹਨ। ਕਈ ਵਕੀਲ, ਬਿਜ਼ਨੈੱਸਮੈਨ, ਪ੍ਰੋਫੈਸਰ ਤੇ ਸਿਵਲ ਸੁਸਾਇਟੀ ਦੇ ਮੈਂਬਰ ਵੀ ਡੱਕੇ ਹੋਏ ਹਨ। ਸੂਬੇ ਨਾਲੋਂ ਸੰਚਾਰ ਸੰਪਰਕ 5 ਅਗਸਤ ਤੋਂ ਟੁੱਟਿਆ ਹੋਇਆ ਹੈ।
ਇਸ ਮੌਕੇ ਪਾਸ ਕੀਤੇ ਗਏ ਮਤੇ ਵਿਚ ਕਿਹਾ ਗਿਆ ਹੈ ਕਿ ਸੂਬੇ ਦੇ ਲੋਕਾਂ ਤੇ ਉਨ੍ਹਾਂ ਦੇ ਨੁਮਾਇੰਦਿਆਂ ਨਾਲ ਮਸ਼ਵਰਾ ਕੀਤੇ ਬਿਨਾਂ ਧਾਰਾ 370 ਦੀਆਂ ਮੱਦਾਂ ਖਤਮ ਕਰਨ ਤੋਂ ਬਾਅਦ ਵਾਦੀ ਵਿਚ ਅਣਐਲਾਨੀ ਐਮਰਜੰਸੀ ਲਾਗੂ ਹੈ। ''ਅਸੀਂ ਇਸ ਔਖੀ ਘੜੀ ਜੰਮੂ-ਕਸ਼ਮੀਰ ਦੇ ਲੋਕਾਂ ਦੇ ਨਾਲ ਹਾਂ। ਕੇਂਦਰ ਵੱਲੋਂ ਸੰਚਾਰ ਸੰਪਰਕ ਪੂਰੀ ਤਰ੍ਹਾਂ ਕੱਟ ਦੇਣਾ ਤੇ ਹਜ਼ਾਰਾਂ ਬੇਗੁਨਾਹ ਲੋਕਾਂ ਨੂੰ ਨਜ਼ਰਬੰਦ ਕਰ ਦੇਣਾ ਗੰਭੀਰ ਚਿੰਤਾ ਦਾ ਮਾਮਲਾ ਹੈ।''
ਮਤੇ ਵਿਚ ਅੱਗੇ ਕਿਹਾ ਗਿਆ ਹੈ ਕਿ ਲੋਕਾਂ ਦੇ ਬੋਲਣ ਤੇ ਇਕੱਠੇ ਹੋਣ 'ਤੇ ਪਾਬੰਦੀਆਂ ਭਾਰਤ ਦੇ ਸੰਵਿਧਾਨ ਤਹਿਤ ਲੋਕਾਂ ਨੂੰ ਮਿਲੇ ਬੁਨਿਆਦੀ ਹੱਕਾਂ ਦੇ ਵਿਰੁੱਧ ਹੈ। ਇਹ ਹੱਕ ਫੌਰੀ ਬਹਾਲ ਕੀਤੇ ਜਾਣ।
ਹਾਲਾਂਕਿ ਆਪੋਜ਼ੀਸ਼ਨ ਧਾਰਾ 370 ਦੇ ਮਾਮਲੇ ਵਿਚ ਵੰਡੀ ਗਈ ਸੀ ਡੀ ਐੱਮ ਕੇ ਕੇਂਦਰ ਦੇ ਫੈਸਲੇ ਵਿਰੁੱਧ ਲਗਾਤਾਰ ਹਮਾਇਤ ਲਾਮਬੰਦ ਕਰ ਰਹੀ ਹੈ। ਪਾਰਟੀ ਪ੍ਰਧਾਨ ਐੱਮ ਕੇ ਸਟਾਲਿਨ ਨੇ ਇਸ ਪ੍ਰੋਟੈਸਟ ਰੈਲੀ ਲਈ ਸੀਨੀਅਰ ਆਗੂ ਟੀ ਆਰ ਬਾਲੂ ਦੀ ਹਮਖਿਆਲ ਪਾਰਟੀਆਂ ਦੇ ਆਗੂਆਂ ਕੋਲ ਪਹੁੰਚ ਕਰਨ ਦੀ ਡਿਊਟੀ ਲਾਈ ਸੀ, ਜਦਕਿ ਕਾਂਗਰਸ, ਡੀ ਐੱਮ ਕੇ ਤੇ ਖੱਬੀਆਂ ਪਾਰਟੀਆਂ ਨੇ ਸੰਸਦ ਵਿਚ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਸੀ, ਤ੍ਰਿਣਮੂਲ ਕਾਂਗਰਸ ਤੇ ਐੱਨ ਸੀ ਪੀ ਨੇ ਫੈਸਲੇ ਦੇ ਵਿਰੁੱਧ ਵੋਟ ਨਹੀਂ ਪਾਈ ਸੀ। 'ਆਪ' ਵਰਗੀਆਂ ਕੁਝ ਪਾਰਟੀਆਂ ਸਰਕਾਰ ਦੇ ਨਾਲ ਖੜ੍ਹ ਗਈਆਂ ਸਨ।

169 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper