Latest News
ਦਰਿਆਵਾਂ ਦੇ ਕੰਢਿਆਂ ਨੂੰ ਨਹਿਰਾਂ ਦੀ ਤਰਜ਼ 'ਤੇ ਬੰਨ੍ਹਿਆ ਜਾਵੇਗਾ : ਕੈਪਟਨ

Published on 22 Aug, 2019 11:46 AM.


ਸੁਲਤਾਨਪੁਰ ਲੋਧੀ/ਲੋਹੀਆਂ ਖਾਸ/ਜਲੰਧਰ
(ਹਨੀ, ਬੱਬੂ ਲੋਹੀਆ, ਗਿਆਨ ਸ਼ੈਦਪੁਰੀ, ਰਾਜੇਸ਼ ਥਾਪਾ, ਸ਼ੈਲੀ ਐਲਬਰਟ, ਸੁਰਿੰਦਰ ਕੁਮਾਰ, ਇਕਬਾਲ ਸਿੰਘ ਉੱਭੀ)
ਹੜ੍ਹ ਪ੍ਰਭਾਵਿਤ ਪਿੰਡਾਂ ਦੀ ਜ਼ਮੀਨੀ ਸਥਿਤੀ ਦਾ ਹਫ਼ਤੇ ਵਿੱਚ ਦੂਜੀ ਵਾਰ ਜਾਇਜ਼ਾ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਵਿਸ਼ਵ ਬੈਂਕ ਅਤੇ ਏਸ਼ੀਅਨ ਵਿਕਾਸ ਬੈਂਕ ਦੀ ਤਕਨੀਕੀ ਸਹਾਇਤਾ ਨਾਲ ਸੂਬੇ ਦੇ ਸਾਰੇ ਦਰਿਆਵਾਂ ਦੇ ਕੰਢਿਆਂ ਨੂੰ ਨਹਿਰਾਂ ਦੀ ਤਰਜ਼ 'ਤੇ ਬੰਨ੍ਹਿਆ ਜਾਵੇਗਾ। ਮੁੱਖ ਮੰਤਰੀ ਸੁਲਤਾਨਪੁਰ ਲੋਧੀ ਸਬ-ਤਹਿਸੀਲ ਵਿੱਚ ਪਿੰਡ ਸਰੂਪਵਾਲ ਵਿਖੇ ਵੀ ਗਏ ਜਿੱਥੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਧੁੱਸੀ ਬੰਨ੍ਹ ਵਿੱਚ ਪਾੜ ਪੈ ਗਿਆ ਸੀ ਅਤੇ 62 ਪਿੰਡਾਂ ਨੂੰ ਇਸ ਦੀ ਮਾਰ ਝੱਲਣੀ ਪਈ। ਇਸ ਮੌਕੇ ਮੁੱਖ ਮੰਤਰੀ ਨੇ ਪਾਣੀ ਦਾ ਪੱਧਰ ਘਟਣ ਤੋਂ ਤੁਰੰਤ ਬਾਅਦ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਦਾ ਵਾਅਦਾ ਕੀਤਾ।
ਸੁਲਤਾਨਪੁਰ ਲੋਧੀ (ਕਪੂਰਥਲਾ) ਅਤੇ ਜਲੰਧਰ ਦੇ ਇਲਾਕਿਆਂ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਹਵਾਈ ਸਰਵੇਖਣ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਨਦੀਆਂ ਦੇ ਵਹਿਣ ਦੇ ਰਸਤੇ ਲੋੜ ਅਨੁਸਾਰ ਤਬਦੀਲ ਕੀਤੇ ਜਾਣਗੇ ਅਤੇ ਇਸ ਤੋਂ ਇਲਾਵਾ ਦਰਿਆਵਾਂ ਦੇ ਕੰਢਿਆਂ ਨੂੰ ਵੀ ਮਜ਼ਬੂਤ ਅਤੇ ਚੌੜਾ ਕੀਤਾ ਜਾਵੇਗਾ ਤਾਂ ਕਿ ਹੜ੍ਹਾਂ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾ ਸਕੇ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਭਾਵਿਤ ਇਲਾਕਿਆਂ ਵਿੱਚ ਪਿੰਡ ਪੱਧਰ 'ਤੇ ਸਮਰਪਿਤ ਰਾਹਤ ਟੀਮਾਂ ਬਣਾ ਕੇ ਤਾਇਨਾਤ ਕਰਨ ਦਾ ਵੀ ਐਲਾਨ ਕੀਤਾ। ਹਰੇਕ ਟੀਮ ਸਿਹਤ, ਸਿਵਲ ਸਪਲਾਈ ਅਤੇ ਪਸ਼ੂ ਧਨ ਵਿਭਾਗਾਂ ਦੇ ਅਧਿਕਾਰੀਆਂ 'ਤੇ ਆਧਾਰਤ ਹੋਵੇਗੀ, ਜੋ ਪਿੰਡਾਂ ਦੇ ਪ੍ਰਭਾਵਿਤ ਪਰਵਾਰਾਂ ਲਈ ਖਾਣਾ, ਦਵਾਈਆਂ ਅਤੇ ਪਸ਼ੂਆਂ ਲਈ ਚਾਰੇ ਦੀ ਨਿਰੰਤਰ ਤੇ ਸਮੇਂ ਸਿਰ ਸਪਲਾਈ ਨੂੰ ਯਕੀਨੀ ਬਣਾਏਗੀ।
ਇਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ 'ਤੇ ਕੋਈ ਪ੍ਰਭਾਵ ਨਹੀਂ ਪੈਣ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਸਰਕਾਰ ਇਸ ਇਤਿਹਾਸਕ ਮੌਕੇ ਨੂੰ ਪੂਰੇ ਉਤਸ਼ਾਹ ਨਾਲ ਮਨਾਉਣ ਲਈ ਤਿਆਰ ਹੈ। ਮੁੱਖ ਮੰਤਰੀ ਨੇ ਕਪੂਰਥਲਾ ਜਾਂਦੇ ਸਮੇਂ ਨਵਾਂਸ਼ਹਿਰ ਅਤੇ ਲੁਧਿਆਣਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਵੀ ਕੀਤਾ। ਇਸ ਉਪਰੰਤ ਜਲੰਧਰ ਜ਼ਿਲ੍ਹੇ ਦੇ ਗਿੱਦੜਪਿੰਡੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਹੜ੍ਹ ਪ੍ਰਭਾਵਿਤ ਖੇਤਰਾਂ ਲਈ ਮਦਦ ਨਹੀਂ ਕਰਦੀ ਤਾਂ ਸੂਬਾ ਸਰਕਾਰ ਹਰੇਕ ਪ੍ਰਭਾਵਿਤ ਵਿਅਕਤੀ ਦੀ ਸਹਾਇਤਾ ਨੂੰ ਯਕੀਨੀ ਬਣਾਏਗੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਬੀਤੇ ਦਿਨ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਵਿਸ਼ੇਸ਼ ਹੜ੍ਹ ਰਾਹਤ ਪੈਕੇਜ ਦੀ ਮੰਗ ਕੀਤੀ ਸੀ। ਭਾਖੜਾ ਡੈਮ ਤੋਂ ਵਾਧੂ ਪਾਣੀ ਛੱਡਣ ਕਾਰਨ ਗਿੱਦੜਪਿੰਡੀ ਵਿਖੇ ਸਤਲੁਜ ਦਰਿਆ 'ਚ ਪਏ ਪਾੜ ਵਾਲੀ ਜਗ੍ਹਾ ਦਾ ਕੈਪਟਨ ਅਮਰਿੰਦਰ ਸਿੰਘ ਨੇ ਨਿਰੀਖਣ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਆਮ ਤੌਰ 'ਤੇ ਭਾਖੜਾ ਡੈਮ ਦੇ ਪਾਣੀ ਭੰਡਾਰਨ ਦੀ 1680 ਫੁੱਟ ਦੀ ਸਮਰੱਥਾ ਸਤੰਬਰ ਵਿੱਚ ਪੂਰੀ ਹੁੰਦੀ ਸੀ, ਇਹ ਪਹਿਲੀ ਵਾਰ ਹੈ ਕਿ ਅਗਸਤ ਮਹੀਨੇ ਵਿੱਚ ਹੀ ਪਾਣੀ ਦਾ ਪੱਧਰ ਤੈਅ ਸਮਰੱਥਾ ਤੋਂ ਟੱਪ ਗਿਆ। ਇਸੇ ਦੌਰਾਨ ਮੁੱਖ ਮੰਤਰੀ ਨੇ ਡਰੇਨੇਜ ਦੇ ਚੀਫ਼ ਇੰਜੀਨੀਅਰ ਸੰਜੀਵ ਗੁਪਤਾ ਨੂੰ ਸ਼ਾਹਕੋਟ ਸਬ-ਡਵੀਜ਼ਨ ਵਿੱਚ ਪਏ ਪਾੜ ਪੂਰੇ ਜਾਣ ਤੱਕ ਲੋਹੀਆਂ ਸਟੇਸ਼ਨ ਨਾ ਛੱਡਣ ਦੇ ਹੁਕਮ ਦਿੱਤੇ। ਮੁੱਖ ਮੰਤਰੀ ਨੇ ਡਰੇਨੇਜ ਸਰਕਲ ਦੇ ਨਿਗਰਾਨ ਇੰਜੀਨੀਅਰ ਟੀ.ਪੀ. ਸਿੰਘ ਦੀ ਬਦਲੀ ਦੇ ਵੀ ਆਦੇਸ਼ ਦਿੱਤੇ। ਉਨ੍ਹਾਂ ਦੀ ਥਾਂ 'ਤੇ ਮਨਜੀਤ ਸਿੰਘ ਅਹੁਦਾ ਸੰਭਾਲਣਗੇ।

147 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper