ਇਸਲਾਮਾਬਾਦ (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਵਾਰ ਫਿਰ ਭਾਰਤ ਨਾਲ ਯੁੱਧ ਦੀ ਸੰਭਾਵਨਾ ਪ੍ਰਗਟਾਈ ਹੈ। ਉਨ੍ਹਾ ਕਸ਼ਮੀਰ ਨੂੰ ਲੈ ਕੇ ਪ੍ਰਮਾਣੂ ਯੁੱਧ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਅਲ ਜਜ਼ੀਰਾ ਨੂੰ ਦਿੱਤੇ ਇੱਕ ਇੰਟਰਵਿਊ 'ਚ ਇਮਰਾਨ ਖਾਨ ਨੇ ਸੰਕੇਤਕ ਰੂਪ 'ਚ ਸਵੀਕਾਰ ਕੀਤਾ ਕਿ ਪਾਕਿਸਤਾਨ ਭਾਰਤ ਨਾਲ ਇੱਕ ਪ੍ਰੰਪਰਿਕ ਯੁੱਧ 'ਚ ਹਾਰ ਸਕਦਾ ਹੈ ਅਤੇ ਇਸ ਮਾਮਲੇ 'ਚ ਨਤੀਜੇ ਖ਼ਤਰਨਾਕ ਹੋ ਸਕਦੇ ਹਨ।
ਕਸ਼ਮੀਰ 'ਤੇ ਭਾਰਤ ਨੂੰ ਪ੍ਰਮਾਣੂ ਹਮਲੇ ਦੀ ਧਮਕੀ ਦੇਣ ਦੇ ਬਾਰੇ ਇੱਕ ਸਵਾਲ 'ਤੇ ਇਮਰਾਨ ਨੇ ਚੈਨਲ ਨੂੰ ਕਿਹਾ, 'ਕੋਈ ਭੁਲੇਖਾ ਨਹੀਂ, ਮੈਂ ਜੋ ਕਿਹਾ ਹੈ, ਉਹ ਇਹ ਹੈ ਕਿ ਪਾਕਿਸਤਾਨ ਕਦੀ ਵੀ ਪ੍ਰਮਾਣੂ ਯੁੱਧ ਸ਼ੁਰੂ ਨਹੀਂ ਕਰੇਗਾ। ਮੈਂ ਸ਼ਾਂਤੀਵਾਦੀ ਹਾਂ, ਮੈਂ ਯੁੱਧ ਵਿਰੋਧੀ ਹਾਂ। ਮੇਰਾ ਮੰਨਣਾ ਹੈ ਕਿ ਯੁੱਧ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਹੁੰਦਾ। ਯੁੱਧ ਦੇ ਘਾਤਕ ਨਤੀਜੇ ਹੁੰਦੇ ਹਨ। ਵੀਅਤਨਾਮ ਤੇ ਇਰਾਕ ਦੇ ਯੁੱਧ ਨੂੰ ਦੇਖੋ, ਇਨ੍ਹਾਂ ਯੁੱਧਾਂ ਨਾਲ ਹੋਰ ਸਮੱਸਿਆਵਾਂ ਪੈਦਾ ਹੋਈਆਂ, ਜੋ ਸ਼ਾਇਦ ਉਸ ਕਾਰਨ ਤੋਂ ਜ਼ਿਆਦਾ ਗੰਭੀਰ ਹਨ, ਜਿਸ ਨੂੰ ਲੈ ਕੇ ਯੁੱਧ ਸ਼ੁਰੂ ਕੀਤੇ ਗਏ ਸਨ।'
ਇਮਰਾਨ ਨੇ ਕਿਹਾ, 'ਮੈਂ ਇਸ ਗੱਲ ਨੂੰ ਲੈ ਕੇ ਸਪੱਸ਼ਟ ਹਾਂ ਕਿ ਜਦ ਦੋ ਪ੍ਰਮਾਣੂ ਹਥਿਆਰ ਸੰਪੰਨ ਦੇਸ਼ ਇੱਕ ਪ੍ਰੰਪਰਿਕ ਯੁੱਧ ਲੜਦੇ ਹਨ ਤਾਂ ਇਸ ਦੀ ਨੀਤੀ ਪ੍ਰਮਾਣੂ ਯੁੱਧ 'ਚ ਹੋਣ ਦੀ ਪੂਰੀ ਸੰਭਾਵਨਾ ਹੈ। ਪ੍ਰਮਾਤਮਾ ਨਾ ਕਰੇ, ਜੇਕਰ ਮੈਂ ਕਹਾਂ ਕਿ ਪਾਕਿਸਤਾਨ ਪ੍ਰੰਪਰਿਕ ਯੁੱਧ 'ਚ ਹਾਰ ਰਿਹਾ ਹੈ ਅਤੇ ਜੇਕਰ ਇੱਕ ਦੇਸ਼ ਦੋ ਵਿਕਲਪਾਂ ਦੇ ਵਿਚਾਲੇ ਫਸ ਗਿਆ ਹੈ ਜਾਂ ਤਾਂ ਤੁਸੀਂ ਆਤਮ-ਸਮਰਪਣ ਕਰੋਗੇ ਜਾਂ ਆਪਣੀ ਆਜ਼ਾਦੀ ਲਈ ਆਖਰੀ ਸਾਹ ਤੱਕ ਲੜੋਗੇ। ਮੈਨੂੰ ਪਤਾ ਹੈ ਕਿ ਪਾਕਿਸਤਾਨ ਆਜ਼ਾਦੀ ਲਈ ਆਖਰੀ ਸਾਹ ਤੱਕ ਲੜੇਗਾ, ਹੁਣ ਜੇਕਰ ਇੱਕ ਪ੍ਰਮਾਣੂ ਸੰਪੰਨ ਦੇਸ਼ ਅੰਤਮ ਸਾਹ ਤੱਕ ਲੜਦਾ ਹੈ ਤਾਂ ਨਤੀਜੇ ਖ਼ਤਰਨਾਕ ਹੁੰਦੇ ਹਨ।'
ਉਹਨਾ ਕਿਹਾ, 'ਇਹੀ ਕਾਰਨ ਹੈ ਕਿ ਅਸੀਂ ਸੰਯੁਕਤ ਰਾਸ਼ਟਰ ਨਾਲ ਸੰਪਰਕ ਕੀਤਾ ਅਤੇ ਹਰ ਅੰਤਰਰਾਸ਼ਟਰੀ ਮੰਚ ਨਾਲ ਸੰਪਰਕ ਕਰ ਰਹੇ ਹਾਂ ਕਿ ਉਨ੍ਹਾਂ ਨੂੰ ਹੁਣ ਇਸ 'ਤੇ ਫੈਸਲਾ ਲੈਣਾ ਚਾਹੀਦਾ ਹੈ।'
ਕਸ਼ਮੀਰ ਲਈ ਭਾਰਤ ਦੇ ਵਿਸ਼ੇਸ਼ ਦਰਜਾ ਖ਼ਤਮ ਕਰਨ 'ਤੇ ਉਨ੍ਹਾ ਕਿਹਾ, 'ਭਾਰਤ ਨੇ ਕਸ਼ਮੀਰ 'ਤੇ ਗੈਰ-ਕਾਨੂੰਨੀ ਕਬਜ਼ਾ ਕਰ ਲਿਆ ਹੈ ਅਤੇ ਅੰਤਰਰਾਸ਼ਟਰੀ ਕਾਨੂੰਨੀ ਦਾ ਉਲੰਘਣ ਕੀਤਾ ਹੈ।' ਉਹਨਾ ਕਿਹਾ ਕਿ ਭਾਰਤ ਨਾਲ ਹੁਣ ਗੱਲਬਾਤ ਦੀ ਕੋਈ ਸੰਭਾਵਨਾ ਨਹੀਂ।