ਤਰਨ ਤਾਰਨ/ਝਬਾਲ/ਅੰਮ੍ਰਿਤਸਰ (ਬਲਦੇਵ ਸਿੰਘ ਪਨੂੰ, ਸਾਗਰਦੀਪ ਸਿੰਘ ਅਰੋੜਾ, ਹਰਜਿੰਦਰ ਸੋਨੀ, ਅਵਤਾਰ ਸਿੰਘ ਆਨੰਦ)
ਤਰਨ ਤਾਰਨ ਦੇ ਨੌਸ਼ਹਿਰਾ ਢਾਲਾ ਪਿੰਡ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਕਰੀਬ ਚਾਰ ਮਹੀਨੇ ਪਹਿਲਾਂ ਪ੍ਰੇਮ ਵਿਆਹ ਕਰਾਉਣ ਵਾਲੇ ਇੱਕ ਪ੍ਰੇਮੀ ਜੋੜੇ ਨੂੰ ਲੜਕੀ ਦੇ ਪਰਵਾਰ ਵਾਲਿਆਂ ਨੇ ਗੋਲੀਆਂ ਨਾਲ ਭੁੰਨ ਦਿੱਤਾ। ਲੜਕੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਲੜਕੀ ਨੂੰ ਗੰਭੀਰ ਹਾਲਤ 'ਚ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਪਹੁੰਚ ਕੇ ਲੜਕੀ ਨੇ ਵੀ ਦਮ ਤੋੜ ਦਿੱਤਾ।
ਜਾਣਕਾਰੀ ਮੁਤਾਬਕ ਅਮਨਦੀਪ ਸਿੰਘ (25) ਅਤੇ ਅਮਨਪ੍ਰੀਤ ਕੌਰ (26) ਨੇ ਪਿਛਲੇ ਸਾਲ ਆਪੋ–ਆਪਣੇ ਪਰਵਾਰਾਂ ਤੋਂ ਬਾਹਰੇ ਹੋ ਕੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਸੀ। ਇਸ ਦੌਰਾਨ ਐਤਵਾਰ ਨੂੰ ਮੌਕਾ ਦੇਖ ਕੇ ਲੜਕੀ ਦੇ ਪਰਵਾਰ ਵਾਲਿਆਂ ਨੇ ਦੋਵਾਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ 'ਚ ਦੋਵਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਫੈਲ ਗਈ। ਉਥੇ ਹੀ ਪੁਲਸ ਨੇ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਅਮਨਦੀਪ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ, 'ਮੇਰੇ ਪੁੱਤਰ ਤੇ ਅਮਨਪ੍ਰੀਤ ਕੌਰ ਨੇ ਪਿਛਲੇ ਸਾਲ ਅਦਾਲਤ ਵਿੱਚ ਜਾ ਕੇ ਆਪਣਾ ਵਿਆਹ ਕਰਵਾ ਲਿਆ ਸੀ। ਐਤਵਾਰ ਨੂੰ ਉਹ ਦਵਾਈ ਲੈਣ ਲਈ ਲਾਗਲੇ ਪਿੰਡ ਗਏ ਸਨ। ਰਾਹ ਵਿੱਚ ਉਨ੍ਹਾਂ ਨੂੰ ਅਮਨਪ੍ਰੀਤ ਕੌਰ ਦੇ ਰਿਸ਼ਤੇਦਾਰਾਂ ਨੇ ਰੋਕ ਲਿਆ ਅਤੇ ਅਗਵਾ ਕਰ ਲਿਆ ਤਕਰੀਬਨ ਡੇਢ ਕਿਲੋਮੀਟਰ 'ਤੇ ਜਾ ਕੇ ਸੜਕ 'ਤੇ ਦੋਵਾਂ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਸੜਕ 'ਤੇ ਸੁੱਟ ਕੇ ਫਰਾਰ ਹੋ ਗਏ। ਇਸ ਦੌਰਾਨ ਲੜਕੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਅਮਨਪ੍ਰੀਤ ਕੌਰ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ, ਪਰ ਉਹ ਮੁਢਲੇ ਇਲਾਜ ਦੌਰਾਨ ਦਮ ਤੋੜ ਗਈ।
ਤਰਨ ਤਾਰਨ ਦੇ ਡੀ ਐੱਸ ਪੀ ਸਿਟੀ ਕਮਲਜੀਤ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਜੋੜੀ ਦਾ ਕਤਲ ਅਮਨਪ੍ਰੀਤ ਕੌਰ ਦੇ ਰਿਸ਼ਤੇਦਾਰਾਂ ਨੇ ਕੀਤਾ ਹੈ। ਪੁਲਸ ਨੇ ਅਮਨਪ੍ਰੀਤ ਕੌਰ ਦੇ ਪਿਤਾ ਅਮਰਜੀਤ ਸਿੰਘ ਨੂੰ ਵੀ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਇਸ ਮੌਕੇ ਪਿੰਡ ਦੇ ਸਰਪੰਚ ਕੇਹਰ ਸਿੰਘ ਨੇ ਕਿਹਾ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।