Latest News
ਵਿਦੇਸ਼ੀ ਨਿਵੇਸ਼ਕਾਂ ਨੇ ਸਾਢੇ ਤਿੰਨ ਮਹੀਨਿਆਂ 'ਚ ਸਾਢੇ ਚਾਰ ਅਰਬ ਡਾਲਰ ਕੱਢ ਲਏ

Published on 19 Sep, 2019 10:02 AM.

ਨਵੀਂ ਦਿੱਲੀ : ਵਿਦੇਸ਼ੀ ਨਿਵੇਸ਼ਕਾਂ ਦਾ ਨਰਿੰਦਰ ਮੋਦੀ ਦੀ ਸਰਕਾਰ ਤੋਂ ਮੋਹ ਭੰਗ ਹੁੰਦਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਬੀਤੇ 6 ਸਾਲਾਂ ਵਿਚ ਭਾਰਤੀ ਸਟਾਕ ਮਾਰਕਿਟ ਵਿਚ 45 ਅਰਬ ਡਾਲਰ (32 ਖਰਬ ਰੁਪਏ ਤੋਂ ਵੱਧ) ਨਿਵੇਸ਼ ਕਰਨ ਤੋਂ ਬਾਅਦ ਉਮੀਦ ਸੀ ਕਿ ਮੋਦੀ ਦੇਸ਼ ਦੀ ਆਰਥਕ ਸਮਰੱਥਾ ਵਿਚ ਵਾਧਾ ਕਰਨਗੇ, ਪਰ ਕੌਮਾਂਤਰੀ ਮੁਦਰਾ ਪ੍ਰਬੰਧਕ ਆਪਣੇ ਪੈਸੇ ਨੂੰ ਰਿਕਾਰਡ ਰਫਤਾਰ ਨਾਲ ਕੱਢ ਰਹੇ ਹਨ। ਜੂਨ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੇ ਸਾਢੇ ਚਾਰ ਅਰਬ ਡਾਲਰ ਦੇ ਭਾਰਤੀ ਸ਼ੇਅਰ ਵੇਚ ਦਿੱਤੇ ਹਨ। ਇਸ ਮਾਮਲੇ ਉੱਤੇ 'ਬਲੂਮਬਰਗ' ਨਾਲ ਗੱਲਬਾਤ ਦੌਰਾਨ ਲੰਡਨ ਦੇ ਸਰਕਰਦਾ ਨਿਵੇਸ਼ ਰਣਨੀਤੀਕਾਰ ਸਲਮਾਨ ਅਹਿਮਦ ਨੇ ਕਿਹਾ ਹੈ ਕਿ ਮੋਦੀ ਦੇ ਇਰਦ-ਗਿਰਦ ਮੰਡਰਾਉਣ ਵਾਲਾ 2014 ਤੋਂ ਪਹਿਲਾਂ ਦਾ ਸੁੱਖ-ਲਾਭ ਹੁਣ ਖਤਮ ਹੋ ਗਿਆ ਹੈ।
ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਇਕ ਸਾਲ ਪਹਿਲਾਂ 2013 ਦੀ ਸ਼ੁਰੂਆਤ ਵਿਚ ਭਾਰਤ ਦੀ ਆਰਥਕ ਵਿਕਾਸ ਦਰ ਪੰਜ ਫੀਸਦੀ ਤੱਕ ਡਿੱਗ ਗਈ ਸੀ। ਉਸ ਤੋਂ ਬਾਅਦ ਹੁਣ ਇਸ ਸਾਲ ਦੀ ਦੂਜੀ ਤਿਮਾਹੀ ਵਿਚ ਪੰਜ ਫੀਸਦੀ ਰਿਕਾਰਡ ਕੀਤੀ ਗਈ ਹੈ। ਕਾਰਾਂ ਦੀ ਵਿਕਰੀ ਘਟ ਰਹੀ ਹੈ, ਪੂੰਜੀ ਨਿਵੇਸ਼ ਡਿੱਗ ਗਿਆ ਹੈ, ਬੇਰੁਜ਼ਗਾਰੀ ਦੀ ਦਰ 45 ਸਾਲ ਦੇ ਸਭ ਤੋਂ ਉੱਤਲੇ ਪੱਧਰ 'ਤੇ ਪੁੱਜ ਗਈ ਹੈ ਅਤੇ ਦੇਸ਼ ਦੀ ਬੈਂਕਿੰਗ ਪ੍ਰਣਾਲੀ ਦੁਨੀਆ ਦੇ ਸਭ ਤੋਂ ਖਰਾਬ ਕਰਜ਼ ਅਨੁਪਾਤ ਤੋਂ ਪ੍ਰਭਾਵਤ ਹੈ। ਸੋਮਵਾਰ ਤੋਂ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਅਰਥ-ਵਿਵਸਥਾ ਨੂੰ ਇਕ ਹੋਰ ਝਟਕਾ ਲੱਗਿਆ ਹੈ।
ਨਿਵੇਸ਼ਕਾਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਜ਼ਰੂਰੀ ਸੁਧਾਰਾਂ ਦੇ ਮਾਮਲੇ ਵਿਚ ਬਹੁਤ ਸੁਸਤ ਰਫਤਾਰ ਨਾਲ ਕੰਮ ਕਰ ਰਹੀ ਹੈ। ਇਨ੍ਹਾਂ ਸੁਧਾਰਾਂ ਵਿਚ ਉਹ ਸਰਕਾਰੀ ਮਾਲਕੀ ਵਾਲੀਆਂ ਕੰਪਨੀਆਂ ਦੀ ਹਿੱਸੇਦਾਰੀ ਵੇਚਣਾ ਤੇ ਕਿਰਤ ਕਾਨੂੰਨਾਂ ਨੂੰ ਸਰਮਾਏਦਾਰਾਂ ਪੱਖੀ ਬਣਾਉਣਾ ਗਿਣਾਉਂਦੇ ਹਨ। ਸਭ ਤੋਂ ਚਿੰਤਾ ਵਾਲੀ ਗੱੱਲ ਇਹ ਹੈ ਕਿ ਭਾਰਤ ਇਕ ਸੰਰਚਨਾਤਮਕ ਮੰਦੀ ਵੱਲ ਵਧ ਸਕਦਾ ਹੈ, ਜਿਸ ਨਾਲ ਦੇਸ਼ ਦੀ ਸਟਾਕ ਮਾਰਕਿਟ ਵਿਚੋਂ 2 ਟ੍ਰਿਲੀਅਨ ਡਾਲਰ ਨਿਕਲ ਸਕਦੇ ਹਨ, ਇਸ ਨਾਲ ਐਮਾਜ਼ੋਨ ਡਾਟ ਕਾਮ ਤੋਂ ਲੈ ਕੇ ਨੈੱਟਫਲਿਕਸ ਵਰਗੀਆਂ ਕੰਪਨੀਆਂ ਦੀਆਂ ਵਿਕਾਸ ਯੋਜਨਾਵਾਂ ਅੱਗੇ ਖਤਰੇ ਦਾ ਨਿਸ਼ਾਨ ਲੱਗ ਜਾਵੇਗਾ। ਇਸ ਨਾਲ ਸਰਕਾਰ ਨੂੰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣਾ ਬੇਹੱਦ ਮੁਸ਼ਕਲ ਹੋ ਜਾਵੇਗਾ।

477 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper