ਅਜੋਕੇ ਸਮੇਂ ਸੰਵਾਦ ਛੇੜਨ ਦਾ ਮਾਰਗ-ਦਰਸਾਵਾ ਹੈ ਬਾਬਾ ਨਾਨਕ : ਡਾ. ਸਵਰਾਜਬੀਰ
ਜਲੰਧਰ (ਕੇਸਰ)
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਚਾਰ-ਚਰਚਾ ਨੇ ਸਿੱਟਾ ਕੱਢਿਆ ਕਿ ਬਾਬਾ ਨਾਨਕ ਦੀ ਸਿਰੜੀ ਘਾਲਣਾ ਨੇ ਸਦੀਆਂ ਤੋਂ ਦਰੜੀ ਲੋਕਾਈ ਨੂੰ ਚੌਤਰਫ਼ੇ ਸੰਕਟਾਂ ਵਿੱਚੋਂ ਕੱਢ ਕੇ ਫ਼ਿਰਕੇ, ਜਾਤ-ਪਾਤ, ਲੁੱਟ-ਖਸੁੱਟ, ਵਿਤਕਰੇ ਅਤੇ ਅਨਿਆਂ ਤੋਂ ਮੁਕਤ ਲੋਕ-ਮੁਖੀ ਜਮਹੂਰੀ ਅਤੇ ਸਾਂਝੀਵਾਲਤਾ ਭਰੇ ਨਵੇਂ-ਨਰੋਏ ਨਿਜ਼ਾਮ ਦੀ ਸਿਰਜਣਾ ਲਈ ਭਾਈ ਲਾਲੋਆਂ ਨੂੰ ਸੰਗਰਾਮ ਕਰਨ ਦਾ ਜਾਗ ਲਾਇਆ।
ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਐਤਵਾਰ ਹੋਈ ਵਿਚਾਰ-ਗੋਸ਼ਟੀ 'ਚ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ, ਖਜ਼ਾਨਚੀ ਰਣਜੀਤ ਸਿੰਘ ਔਲਖ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਮੰਚ 'ਤੇ ਸੁਸ਼ੋਭਤ ਸਨ। ਗੁਰਮੀਤ ਨੇ 'ਜੀ ਆਇਆਂ' ਸ਼ਬਦ ਆਖਦਿਆਂ ਸਤੰਬਰ ਮਹੀਨੇ ਦੇ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਵਿਚਾਰ-ਚਰਚਾ ਰਾਹੀਂ ਸਮਕਾਲੀ ਸਮਿਆਂ ਦੇ ਮੁੱਦਿਆਂ ਨਾਲ ਸੰਵਾਦ ਛੇੜਨ ਦੇ ਮਹੱਤਵ ਬਾਰੇ ਦੱਸਿਆ।
ਡਾ. ਪਰਮਿੰਦਰ ਨੇ ਕਿਹਾ ਕਿ ਬਾਬਾ ਨਾਨਕ ਦੇ ਜੋ ਅਸਲੀ ਵਾਰਸ ਨੇ, ਉਹਨਾਂ ਲੋਕਾਂ ਨੂੰ ਵਿਚਾਰ-ਚਰਚਾ ਦੇ ਕੇਂਦਰ ਵਿੱਚ ਰੱਖ ਕੇ ਤੁਰਨ ਵਾਲੇ ਡਾ. ਸਵਰਾਜਬੀਰ ਬੌਧਿਕ ਹਲਕਿਆਂ 'ਚ ਨਵਾਂ ਮੰਥਨ ਛੇੜਨਗੇ ਇਹ ਸਾਨੂੰ ਮਾਣ ਹੈ। ਡਾ. ਪਰਮਿੰਦਰ ਨੇ ਕਿਹਾ ਕਿ ਅੱਜ ਜਦੋਂ ਵਿਚਾਰ-ਗੋਸ਼ਟ ਅਤੇ ਸੁਆਲ ਕਰਨ ਦੀ ਰਵਾਇਤ ਗ੍ਰਹਿਣੀ ਜਾ ਰਹੀ ਹੈ, ਉਸ ਮੌਕੇ ਡਾ. ਸਵਰਾਜਬੀਰ ਬਾਬਾ ਨਾਨਕ ਬਾਣੀ 'ਤੇ ਗੰਭੀਰ ਗੱਲ ਅੱਗੇ ਤੋਰਨਗੇ।
ਵਿਚਾਰ-ਚਰਚਾ ਦੇ ਮੁੱਖ ਵਕਤਾ ਡਾ. ਸਵਰਾਜਬੀਰ ਨੇ 'ਗੁਰੂ ਨਾਨਕ ਦੇਵ ਜੀ ਦੀ ਬਾਣੀ : ਸਮਾਜਿਕ ਸੰਘਰਸ਼ ਦੀ ਸਾਖ਼ੀ' ਵਿਸ਼ੇ ਉਪਰ ਯਾਦਗਾਰੀ ਭਾਸ਼ਣ ਦਿੱਤਾ। ਉਹਨਾਂ ਅਜੋਕੇ ਸਮੇਂ ਨੂੰ ਗੁਰੂ ਨਾਨਕ ਦੇਵ ਦੇ ਸਮੇਂ ਨਾਲੋਂ ਵੀ ਕਿਤੇ ਵਧੇਰੇ ਖ਼ਤਰਨਾਕ ਅਤੇ ਚੁਣੌਤੀ ਭਰਿਆ ਕਰਾਰ ਦਿੰਦਿਆਂ ਕਿਹਾ ਕਿ ਜਦੋਂ ਸੁਆਲ ਕਰਨ ਵਾਲਿਆਂ ਨੂੰ ਹੀ ਦੇਸ਼-ਧ੍ਰੋਹੀ ਜਾਂ ਅਰਬਨ ਨਕਸਲ ਕਿਹਾ ਜਾਂਦਾ ਹੈ, ਉਸ ਵੇਲੇ ਬਾਬਾ ਨਾਨਕ ਦੇ ਸੱਚੇ ਬੋਲ ਸਾਡੇ ਲਈ ਪ੍ਰੇਰਨਾ-ਸ੍ਰੋਤ ਬਣਦੇ ਹਨ ਕਿ ਅਜਿਹੀਆਂ ਮੂੰਹ ਜ਼ੋਰ ਤਾਕਤਾਂ ਖਿਲਾਫ਼ ਬੋਲਣਾ ਅਤੇ ਸ਼ਕਤੀਸ਼ਾਲੀ ਲੋਕ-ਆਵਾਜ਼ ਬਣ ਕੇ ਮੈਦਾਨ 'ਚ ਆਉਣਾ ਹੀ ਨਾਨਕ ਦੇ ਕੁੱਝ ਲੱਗਦੇ ਹੋਣ ਦਾ ਪ੍ਰਮਾਣ ਹੈ। ਉਨ੍ਹਾ ਕਿਹਾ ਕਿ ਕਾਮਿਆਂ ਦੀ ਸ਼੍ਰੇਣੀ ਨੂੰ ਨੀਚ ਕਹਿ ਕੇ ਸੰਬੋਧਨ ਕਰਨ ਵਾਲੀਆਂ ਜਮਾਤਾਂ ਆਵਾਮ ਨੂੰ ਜਾਤੀ ਅਤੇ ਹਰ ਸੰਭਵ ਢੰਗ ਨਾਲ ਦਬਾ ਕੇ ਰੱਖਣ ਲਈ ਯਤਨਸ਼ੀਲ ਰਹਿੰਦੀਆਂ ਹਨ। ਉਹਨਾਂ ਕਿਹਾ ਕਿ ਸਮਾਜਿਕ ਸੰਘਰਸ਼ ਨੂੰ ਉਥੇ ਵੱਡੇ ਤੇ ਵਡਮੁੱਲੇ ਬੋਲ ਮਿਲਦੇ ਹਨ, ਜਦ ਗੁਰੂ ਸਾਹਿਬ ਦਰੜੇ ਤੇ ਦਲਿਤ ਲੋਕਾਂ ਨਾਲ ਖਲੋਂਦੇ ਹਨ, ''ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ£'' ਦੇ ਬੋਲ ਅੱਜ ਦਾ ਵੀ ਸਿਰਨਾਵਾਂ ਹਨ। ਡਾ. ਸਵਰਾਜਬੀਰ ਨੇ ਕਿਹਾ ਕਿ ਸਮਾਜਕ ਹਾਲਾਤ ਬਾਰੇ ਬਾਬਾ ਨਾਨਕ ਦੀ ਬਾਣੀ ਪ੍ਰਸ਼ਨ ਪੁੱਛਦੀ ਹੈ। ਹਾਲਾਤ ਅੱਗੇ ਗੋਡੇ ਟੇਕਣ ਦੀ ਬਜਾਏ ਸਿਦਕਦਿਲੀ ਨਾਲ ਸੁਆਲ ਕਰਨਾ ਅਤੇ ਜਵਾਬ ਤਲਾਸ਼ਣਾ ਇਸ ਬਾਣੀ ਵਿੱਚੋਂ ਸਿੱਖਿਆ ਜਾ ਸਕਦਾ ਹੈ। ''ਰਾਜੇ ਸ਼ੀਂਹ ਮੁਕੱਦਮ ਕੁੱਤੇ, ਜਾਇ ਜਗਾਇਨਿ ਬੈਠੇ ਸੁਤੇ£'' ਵਰਗੇ ਉਹਨਾਂ ਦੇ ਬੋਲ ਲੋਕ-ਦੋਖੀ ਸਥਾਪਤੀ ਨੂੰ ਵੰਗਾਰਦੇ ਹੋਏ, ਸਾਡੇ ਸਮੇਂ ਦੇ ਅੱਜ ਵੀ ਸੰਗੀ-ਸਾਥੀ ਬਣਦੇ ਹਨ। ਉਹਨਾਂ ਕਿਹਾ ਕਿ ਕਿਹਨਾਂ ਸਮਿਆਂ 'ਚ ਬਾਬਾ ਨਾਨਕ ਤਿੱਖਾ ਸੁਆਲ ਖੜ੍ਹਾ ਕਰਦੇ ਹਨ ਕਿ, ''ਰਾਜਾ ਨਿਆਉ ਕਰੇ ਹਥਿ ਹੋਇ£'' ਭਾਵ ਹਾਕਮ ਦੇ ਹੱਥ 'ਤੇ ਪੈਸਾ ਰੱਖੋ, ਵੱਢੀ ਦਿਉ ਤਾਂ ਉਹ ਨਿਆਂ ਕਰਦਾ ਹੈ। ਇਹ ਇਤਿਹਾਸਕ ਸੱਚ ਸਾਡੇ ਸਮੇਂ ਦਾ ਵੀ ਸੱਚ ਹੈ। ਅੱਜ ਉਸ ਤੋਂ ਹਾਲਤ ਬਦਤਰ ਹੈ। ਡਾ. ਸਵਰਾਜਬੀਰ ਨੇ ਕਿਹਾ ਕਿ ਪੰਜਾਬ ਤੋਂ ਉੱਚੇ ਉੱਠ ਕੇ ਬਾਬਾ ਨਾਨਕ ਹਿੰਦੋਸਤਾਨ ਦੀ ਗੱਲ ਕਰਦੇ ਹਨ। ''ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ£'' ਅੱਜ ਜੋ ਅੰਧ ਰਾਸ਼ਟਰਵਾਦ ਦਾ ਧੁੰਧਲਕਾ ਫੈਲਾਇਆ ਜਾ ਰਿਹਾ ਹੈ। ਬਾਬਾ ਨਾਨਕ ਸਾਨੂੰ ਅਜਿਹੀ ਧੁੰਦ ਚੀਰਦੇ ਵਿਚਾਰਾਂ ਦੇ ਚਾਨਣ ਦਾ ਛੱਟਾ ਦਿੰਦੇ ਹੋਏ ਹਕੀਕੀ ਕੌਮੀ ਭਾਵਨਾ ਦਾ ਪ੍ਰਮਾਣ ਦਿੰਦੇ ਹਨ।
ਵਿਚਾਰ-ਚਰਚਾ 'ਚ ਕਾਮਰੇਡ ਜਗਰੂਪ, ਡਾ. ਸੁਰਿੰਦਰ ਸਿੱਧੂ, ਰਾਜਿੰਦਰ ਕੁਮਾਰ ਫਗਵਾੜਾ, ਡਾ. ਹਰਜਿੰਦਰ ਅਟਵਾਲ, ਡਾ. ਸੈਲੇਸ਼, ਦੇਸ ਰਾਜ ਕਾਲੀ, ਮਨਜੀਤ ਸਿੰਘ, ਚੇਤਨ ਕੁਮਾਰ, ਉੱਘੇ ਪੱਤਰਕਾਰ ਸਤਨਾਮ ਮਾਣਕ, ਡਾ. ਜਗਜੀਤ ਸਿੰਘ ਚੀਮਾ, ਨਾਮਵਰ ਆਲੋਚਕ ਡਾ. ਰਜਨੀਸ਼ ਬਹਾਦਰ ਵੱਲੋਂ ਕੀਤੇ ਸੁਆਲਾਂ ਦੇ ਡਾ. ਸਵਰਾਜਬੀਰ ਨੇ ਸਾਰਥਿਕ ਜਵਾਬ ਦਿੱਤੇ। ਕਮੇਟੀ ਦੇ ਵਿੱਤ ਸਕੱਤਰ ਰਣਜੀਤ ਸਿੰਘ ਔਲਖ ਨੇ ਧੰਨਵਾਦ ਦੇ ਸ਼ਬਦ ਕਹੇ ਅਤੇ ਅਜਿਹੇ ਸੈਮੀਨਾਰ ਜਾਰੀ ਰੱਖਣ ਦਾ ਭਰੋਸਾ ਦਿੱਤਾ। ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਵਿਚਾਰ-ਚਰਚਾ 'ਚ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ।