ਨਵੀਂ ਦਿੱਲੀ : 'ਆਜ ਤਕ' ਟੀ ਵੀ ਦੀ ਤੇਜ਼ਤਰਾਰ ਐਂਕਰ ਅੰਜਨਾ ਓਮ ਕਸ਼ਯਪ ਸ਼ਿਵ ਸੈਨਾ ਆਗੂ ਊਧਵ ਠਾਕਰੇ ਦੇ ਬੇਟੇ ਆਦਿੱਤਿਆ ਠਾਕਰੇ ਬਾਰੇ ਟਿੱਪਣੀ ਕਰਕੇ ਸ਼ਿਵ ਸੈਨਾ ਦੇ ਨਿਸ਼ਾਨੇ 'ਤੇ ਆ ਗਈ। ਮਹਾਰਾਸ਼ਟਰ ਅਸੰਬਲੀ ਚੋਣਾਂ ਦੇ ਐਲਾਨ ਦੇ ਬਾਅਦ ਇਕ ਸ਼ੋਅ ਦੌਰਾਨ ਆਦਿੱਤਿਆ ਠਾਕਰੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਦੇ ਗਠਜੋੜ ਬਾਰੇ ਬਿਆਨ 'ਤੇ ਪ੍ਰਤੀਕਿਰਿਆ ਦੇ ਰਹੇ ਸਨ। ਠਾਕਰੇ ਨੇ ਕਿਹਾ ਸੀ ਕਿ ਹਰ ਪਾਰਟੀ ਨੂੰ ਵੱਡਾ ਸੁਫਨਾ ਦੇਖਣ ਦਾ ਹੱਕ ਹੈ। ਇਸੇ ਦਰਮਿਆਨ ਅੰਜਨਾ ਨੇ ਆਫ ਸਕਰੀਨ ਆਦਿੱਤਿਆ ਬਾਰੇ ਕਹਿ ਦਿੱਤਾ ਕਿ ਇਹ ਸ਼ਿਵ ਸੈਨਾ ਦਾ ਰਾਹੁਲ ਗਾਂਧੀ ਸਾਬਤ ਹੋਵੇਗਾ। ਲਿਖ ਕੇ ਰੱਖ ਲਓ। ਉਸ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਮਾਈਕਰੋ ਫੋਨ ਆਨ ਹੈ ਤੇ ਦਰਸ਼ਕ ਉਸ ਦੀ ਗੱਲ ਸੁਣ ਰਹੇ ਹਨ।
ਵਿਵਾਦ ਵਧਣ 'ਤੇ ਅੰਜਨਾ ਨੇ ਟਵੀਟ ਕੀਤਾ, ''ਆਦਿੱਤਿਆ ਠਾਕਰੇ ਬਾਰੇ ਮੇਰੇ ਜਿਸ ਬਿਆਨ ਨੂੰ ਨਫਰਤ ਨਾਲ ਫੈਲਾਇਆ ਜਾ ਰਿਹਾ ਹੈ, ਉਹ ਇਕ ਫੈਸਲੇ ਸੰਬੰਧੀ ਚੂਕ ਸੀ। ਮੈਂ ਇਸ ਲਈ ਅਫਸੋਸ ਜ਼ਾਹਰ ਕਰਦੀ ਹਾਂ। ਮੇਰੇ ਇਸ ਬਿਆਨ ਦਾ ਮੇਰੇ ਚੈਨਲ ਜਾਂ ਨੈੱਟਵਰਕ ਨਾਲ ਕਿਸੇ ਵੀ ਤਰ੍ਹਾਂ ਦਾ ਸੰਬੰਧ ਨਹੀਂ।'' ਟਵਿੱਟਰ ਦੇ ਖਿਡਾਰੀ ਕਿਥੇ ਬਾਜ਼ ਆਉਣ ਵਾਲੇ। ਕਈਆਂ ਨੇ ਮੁਆਫੀ ਨੂੰ ਥੁੱਕ ਕੇ ਚੱਟਣਾ ਕਹਿ ਦਿੱਤਾ। ਕੁਝ ਅੰਜਨਾ ਦੀ ਹਮਾਇਤ ਵਿਚ ਵੀ ਆ ਗਏ। ਉਨ੍ਹਾਂ ਕਿਹਾ ਕਿ ਜੇ ਤੁਸੀਂ ਸੱਚ ਬੋਲਿਆ ਹੈ ਤਾਂ ਡਰਨ ਦੀ ਕੀ ਲੋੜ।
ਇਕ ਨੇ ਲਿਖਿਆ ਸ਼ਿਵ ਸੈਨਾ ਨੂੰ ਇਸ ਮਹਿਲਾ ਵਿਰੁੱਧ ਐਕਸ਼ਨ ਲੈਣਾ ਚਾਹੀਦਾ ਹੈ, ਕਿਉਂਕਿ ਉਸ ਨੇ ਰਾਹੁਲ ਗਾਂਧੀ ਕਹਿ ਦਿੱਤਾ।
ਇਕ ਹੋਰ ਨੇ ਇਹ ਲਿਖਿਆ ਕਿ ਮੁਆਫੀਨਾਮੇ ਲਈ ਤੁਹਾਨੂੰ ਲੇਡੀ ਸਾਵਰਕਰ ਐਵਾਰਡ ਨਾਲ ਸਨਮਾਨਿਆ ਜਾਣਾ ਚਾਹੀਦਾ ਹੈ। ਤੁਸੀਂ ਸਾਵਰਕਰ ਨਾਲੋਂ ਵੀ ਵਧੇਰੇ ਸਰਲਤਾ ਨਾਲ ਮੁਆਫੀ ਮੰਗ ਲਈ। ਇਕ ਯੂਜ਼ਰ ਨੇ ਲਿਖਿਆ, ''ਬਹੁਤ ਸ਼ੌਕ ਸੀ ਨਾ ਤੁਹਾਨੂੰ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰ ਰਹੇ ਡਾਕਟਰਾਂ ਨੂੰ ਬੇਇੱਜ਼ਤ ਕਰਨ ਦਾ ਆਈ ਸੀ ਯੂ ਵਿਚ ਵੜ ਕੇ। ਅਸੀਂ ਡਾਕਟਰ ਸੀ, ਇਸ ਲਈ ਸਭਿਆ ਢੰਗ ਨਾਲ ਪੇਸ਼ ਆਏ ਸੀ, ਹੁਣ ਆਗੂਆਂ ਨਾਲ ਵਾਹ ਪਿਆ ਹੈ ਤਾਂ ਮੁਆਫੀ ਮੰਗਦੀ ਘੁੰਮ ਰਹੀ ਹੋ।''
ਸ਼ਿਵ ਸੈਨਾ ਦੀ ਆਗੂ ਤੇ ਤਰਜਮਾਨ ਪ੍ਰਿਅੰਕਾ ਚਤੁਰਵੇਦੀ ਨੇ ਤਾਂ ਬਹੁਤ ਹੀ ਸਖਤ ਟਿੱਪਣੀ ਕੀਤੀ ਹੈ। ਪਿੱਛੇ ਜਿਹੇ ਕਾਂਗਰਸ ਛੱਡ ਕੇ ਸ਼ਿਵ ਸੈਨਾ ਵਿਚ ਸ਼ਾਮਲ ਹੋਈ ਚਤੁਰਵੇਦੀ ਨੇ ਕਿਹਾ, ''ਕੌਣ ਕੀ ਸਾਬਤ ਹੋਵੇਗਾ ਉਹ ਤਾਂ ਸਮਾਂ ਹੀ ਤੈਅ ਕਰੇਗਾ, ਪਰ ਕੁਝ ਲੋਕ ਤਾਂ ਬਹੁਤ ਪਹਿਲਾਂ ਤੋਂ ਹੀ ਭਾੜੇ ਦੇ ਟੱਟੂ ਸਾਬਤ ਹੋ ਚੁੱਕੇ ਹਨ। ਪੱਤਰਕਾਰਤਾ 'ਤੇ ਧਿਆਨ ਦਿਓ, ਭਵਿੱਖਬਾਣੀ ਤਾਂ ਤੋਤਾ ਵੀ ਸੜਕਾਂ 'ਤੇ ਪੈਸੇ ਲੈ ਕੇ ਕਰਦਾ ਹੈ।''