Latest News
ਹਰਿਆਣਾ 'ਚ ਸਮੱਗਲਰ ਫੜਨ ਗਏ ਪੰਜਾਬ ਪੁਲਸ ਦੇ ਮੁਲਾਜ਼ਮਾਂ ਦੀ ਗਿੱਦੜ-ਕੁੱਟ

Published on 09 Oct, 2019 11:55 AM.


ਦੇਸੂ ਜੋਧਾ ਹਰਿਆਣਾ, ਬਠਿੰਡਾ/
ਤਲਵੰਡੀ ਸਾਬੋ/ਸੰਗਤ ਮੰਡੀ (ਬਖਤੌਰ ਢਿੱਲੋਂ/ ਜਗਦੀਪ ਗਿੱਲ/ਜੋਸ਼ੀ)
ਨਿਯਮਾਂ ਨੂੰ ਅਣਗੌਲਿਆ ਕਰਕੇ ਦੂਜੇ ਰਾਜ ਵਿੱਚ ਛਾਪਾ ਮਾਰਨਾ ਬਠਿੰਡਾ ਪੁਲਸ ਨੂੰ ਇਸ ਕਦਰ ਪੁੱਠਾ ਪੈ ਗਿਆ ਕਿ ਉਸ ਵੱਲੋਂ ਕੀਤੀ ਬੇਲੋੜੀ ਫਾਇਰਿੰਗ ਨਾਲ ਨਾ ਸਿਰਫ ਇੱਕ ਬੇਗੁਨਾਹ ਕਾਮੇ ਦੀ ਮੌਤ ਹੋ ਗਈ, ਬਲਕਿ ਉਤੇਜਿਤ ਪੇਂਡੂਆਂ ਵੱਲੋਂ ਉਸ ਦੇ ਕਰਮਚਾਰੀਆਂ ਦੀ ਕੀਤੀ ਗਿੱਦੜਕੁੱਟ ਨੇ ਅੱਤਵਾਦ ਦਾ ''ਖਾਤਮਾ'' ਕਰਨ ਦੀ ਦਾਅਵੇਦਾਰ ਪੰਜਾਬ ਪੁਲਸ ਨੂੰ ਸ਼ਰਮਨਾਕ ਸਥਿਤੀ ਵਿੱਚ ਪਾ ਕੇ ਰੱਖ ਦਿੱਤਾ।
ਮਾਮਲਾ ਕੁੱਝ ਇਸ ਤਰ੍ਹਾਂ ਹੈ ਕਿ ਕੁਝ ਦਿਨ ਪਹਿਲਾਂ ਸੀ ਆਈ ਏ ਸਟਾਫ ਬਠਿੰਡਾ 1 ਦੀ ਪੁਲਸ ਨੇ ਕਿਸੇ ਵਿਅਕਤੀ ਤੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਸਨ। ਪੁੱਛਗਿੱਛ ਦੌਰਾਨ ਹੋਏ ਇੰਕਸ਼ਾਫ ਤੇ ਉਸ ਨੂੰ ਨਾਲ ਲੈ ਕੇ ਉਹ ਹਰਿਆਣਾ ਦੇ ਥਾਣਾ ਡੱਬਵਾਲੀ ਸ਼ਹਿਰੀ ਅਧੀਨ ਪੈਂਦੇ ਪਿੰਡ ਦੇਸੂ ਜੋਧਾ ਵਿਖੇ ਅਗਲੀ ਕਾਰਵਾਈ ਲਈ ਚਲੀ ਗਈ। ਨਿਯਮਾਂ ਮੁਤਾਬਿਕ ਦੂਜੇ ਰਾਜ ਜਾਂ ਥਾ੍ਵਣੇ ਵਿੱਚ ਜਾਣ ਸਮੇਂ ਉੱਥੋਂ ਦੀ ਪੁਲਸ ਨੂੰ ਸੂਚਿਤ ਕਰਨਾ ਜ਼ਰੂਰੀ ਹੁੰਦਾ ਹੈ, ਲੇਕਿਨ ਬਠਿੰਡਾ ਪੁਲਸ ਨੇ ਅਜਿਹਾ ਕਰਨ ਦੀ ਬਜਾਏ ਸਿੱਧੇ ਤੌਰ 'ਤੇ ਹੀ ਕੁਲਵਿੰਦਰ ਸਿੰਘ ਨਾਂਅ ਦੇ ਇੱਕ ਸ਼ਖ਼ਸ ਦੇ ਘਰ ਬੁੱਧਵਾਰ ਸਵੇਰੇ 6 ਵਜੇ ਦੇ ਕਰੀਬ ਉਦੋਂ ਛਾਪਾਮਾਰੀ ਜਾ ਕੀਤੀ, ਜਦੋਂ ਉਹ ਪਰਵਾਰ ਹਾਲੇ ਚਾਹ-ਪਾਣੀ ਹੀ ਪੀ ਰਿਹਾ ਸੀ।
ਇਸੇ ਦੌਰਾਨ ਹੋਈ ਤਲਖੀ ਤੋਂ ਇੱਕ ਪੁਲਸ ਕਰਮਚਾਰੀ ਇਸ ਕਦਰ ਆਪਾ ਖੋਹ ਬੈਠਾ ਕਿ ਉਸ ਨੇ ਫਿਲਮੀ ਸਟਾਈਲ ਵਿੱਚ ਆਪਣੇ ਆਟੋਮੈਟਿਕ ਹਥਿਆਰ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਫਾਇਰਿੰਗ ਨਾਲ ਕਰੀਬ 55 ਸਾਲਾ ਰਾਹਗੀਰ ਜੱਗਾ ਸਿੰਘ, ਜੋ ਕੁਲਵਿੰਦਰ ਦਾ ਚਾਚਾ ਲੱਗਦਾ ਸੀ, ਮਾਰਿਆ ਗਿਆ। ਬੱਸ ਫਿਰ ਕੀ ਸੀ ਅਚਨਚੇਤ ਰੋਣ-ਕੁਰਲਾਉਣ ਦੀ ਆਵਾਜ਼ ਸੁਣ ਕੇ ਅਣਗਿਣਤ ਪੇਂਡੂ ਘਟਨਾ ਸਥਾਨ 'ਤੇ ਪੁੱਜ ਗਏ। ਸੰਬੰਧਤ ਘਰ ਵਾਲਿਆਂ ਸਮੇਤ ਉਹ ਪੁਲਸ ਮੁਲਾਜ਼ਮਾਂ ਨੂੰ ਇਸ ਕਦਰ ਟੁੱਟ ਕੇ ਪੈ ਗਏ ਕਿ ਇੱਕ ਔਰਤ ਕਰਮਚਾਰੀ ਸਮੇਤ ਪੁਲਸੀਏ ਜਾਨ ਬਚਾ ਕੇ ਉਸ ਕਮਰੇ ਵਿੱਚ ਜਾ ਲੁਕੇ, ਜਿਸ ਵਿੱਚ ਪਹਿਲਾਂ ਹੀ ਸ੍ਰੀ ਗੁਰੂ ਗੰ੍ਰਥ ਸਾਹਿਬ ਦਾ ਸਧਾਰਨ ਪਾਠ ਪ੍ਰਕਾਸ਼ ਕੀਤਾ ਹੋਇਆ ਸੀ।
ਹਾਲਾਂਕਿ ਪੁਲਸ ਮੁਲਾਜ਼ਮਾਂ ਨੇ ਅੰਦਰੋਂ ਕੁੰਡਾ ਲਾ ਲਿਆ ਸੀ, ਪਰ ਬੇਗੁਨਾਹ ਦੀ ਮੌਤ ਤੋਂ ਪਿੰਡ ਵਾਲੇ ਏਨੇ ਜ਼ਿਆਦਾ ਗੁੱਸੇ ਵਿੱਚ ਸਨ ਕਿ ਉਹਨਾਂ ਵੱਲੋਂ ਕੀਤੀ ਧੱਕਾਮੁੱਕੀ ਨਾਲ ਕੁੰਡਾ ਟੁੱਟ ਗਿਆ। ਬਸ ਫਿਰ ਕੀ ਸੀ, ਲੋਕਾਂ ਨੇ ਬੜੀ ਬੇਦਰਦੀ ਨਾਲ ਪੁਲਸ ਵਾਲਿਆਂ ਨੂੰ ਸੋਟਿਆਂ, ਥਾਪਿਆਂ ਤੇ ਰਾਡਾਂ ਨਾਲ ਕੁਟਾਪਾ ਚਾੜ੍ਹ ਦਿੱਤਾਸ਼। ਇਸ ਮੌਕੇ ਹੱਥ ਜੋੜ-ਜੋੜ ਪੁਲਸ ਕਰਮਚਾਰੀ ਆਪਣੀ ਜਾਨ ਦੀ ਖੈਰ ਮੰਗਦੇ ਦੇਖੇ ਗਏ। ਇਹ ਸਾਰਾ ਕੁੱਝ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਆਪਣੇ ਸਮਾਰਟ ਫੋਨਾਂ ਰਾਹੀਂ ਕੀਤੀ ਵੀਡੀਓਗ੍ਰਾਫੀ ਵਿੱਚ ਕੈਦ ਹੋ ਚੁੱਕਾ ਹੈ, ਜੋ ਬੜੀ ਵੱਡੀ ਪੱਧਰ 'ਤੇ ਸੋਸ਼ਲ ਮੀਡੀਆ ਵਿੱਚ ਛਾਈ ਪਈ ਹੈ।
ਇਤਲਾਹ ਮਿਲਦਿਆਂ ਹੀ ਬਠਿੰਡਾ, ਡੱਬਵਾਲੀ ਅਤੇ ਸਿਰਸਾ ਤੋਂ ਮੀਡੀਆ ਪ੍ਰਤੀਨਿਧ ਪਿੰਡ ਦੇਸੂ ਜੋਧਾ ਨੂੰ ਚੱਲ ਪਏ। ਸੰਬੰਧਤ ਪਰਵਾਰ ਦੀਆਂ ਔਰਤਾਂ ਨੇ ਦੱਸਿਆ ਕਿ ਮੂੰਹ ਹਨੇਰੇ ਆਈ ਪੁਲਸ ਨੇ ਸੱਭਿਅਕ ਤਰੀਕੇ ਨਾਲ ਗੱਲ ਕਰਨ ਦੀ ਬਜਾਏ ਨਾ ਸਿਰਫ ਬਦਤਮੀਜ਼ੀ ਵਾਲਾ ਰੁਖ਼ ਅਪਨਾਇਆ, ਸਗੋਂ ਇਤਰਾਜ਼ ਕਰਨ 'ਤੇ ਬੇਲੋੜੀ ਫਾਇਰਿੰਗ ਕਰ ਦਿੱਤੀ, ਜਿਸ ਨਾਲ ਇੱਕ ਬੇਗੁਨਾਹ ਕਾਮੇ ਦੀ ਮੌਤ ਹੋ ਗਈ, ਜੋ ਮਜ਼ਦੂਰੀ ਕਰਨ ਲਈ ਜਾ ਰਿਹਾ ਸੀ।
ਪਿੰਡ ਵਾਸੀਆਂ ਦੇ ਗੁੱਸੇ ਦਾ ਇਹ ਸਿਖ਼ਰ ਹੀ ਸੀ ਕਿ ਗੋਲੀਬਾਰੀ ਤੋਂ ਬਾਅਦ ਉਹ ਪੁਲਸ ਕਰਮਚਾਰੀਆਂ ਨੂੰ ਨਾ ਸਿਰਫ ਧਰਤੀ 'ਤੇ ਘਸੀਟਦੇ ਰਹੇ, ਬਲਕਿ ਬਾਹਾਂ ਬੰਨ੍ਹ ਕੇ ਕੁੱਟਦੇ ਵੀ ਦੇਖੇ ਗਏ। ਜੇਕਰ ਕੁਝ ਸਮਝਦਾਰ ਪਿੰਡ ਵਾਸੀ ਮੌਕਾ ਨਾ ਸੰਭਾਲਦੇ ਤਾਂ ਬਹੁਤ ਵੱਡੇ ਪੱਧਰ 'ਤੇ ਜਾਨੀ ਨੁਕਸਾਨ ਹੋ ਸਕਦਾ ਸੀ। ਕਿਸੇ ਪੇਂਡੂ ਵੱਲੋਂ ਦਿੱਤੀ ਸੂਚਨਾ ਦੇ ਅਧਾਰ 'ਤੇ ਡੱਬਵਾਲੀ ਤੋਂ ਆਈ ਪੁਲਸ ਨੇ ਬਠਿੰਡਾ ਪੁਲਸ ਦੇ ਕਰਮਚਾਰੀਆਂ ਨੂੰ ਛੁਡਵਾ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ। ਦੂਜੇ ਪਾਸੇ ਸੂਚਨਾ ਮਿਲਣ 'ਤੇ ਬਠਿੰਡਾ ਦੇ ਵੱਖ-ਵੱਖ ਥਾਣਿਆਂ ਤੋਂ ਵੀ ਪੁਲਸ ਪਾਰਟੀਆਂ ਮੌਕੇ 'ਤੇ ਪੁੱਜ ਗਈਆਂ, ਪਰ ਉਸ ਤੋਂ ਪਹਿਲਾਂ ਹੀ ਹਰਿਆਣਾ ਪੁਲਸ ਨੇ ਹਾਲਾਤ ਨੂੰ ਆਪਣੇ ਕਾਬੂ ਵਿੱਚ ਲੈ ਲਿਆ ਸੀ।
ਮ੍ਰਿਤਕ ਜੱਗਾ ਸਿੰਘ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਹਰਿਆਣਾ ਪੁਲਸ ਨੇ ਪੋਸਟ-ਮਾਰਟਮ ਕਰਵਾਉਣ ਦਾ ਅਮਲ ਸ਼ੁਰੂ ਕਰ ਦਿੱਤਾ। ਥਾਣਾ ਸਿਟੀ ਡੱਬਵਾਲੀ ਵਿਖੇ ਮੌਜੂਦ ਡੀ ਐੱਸ ਪੀ ਕੁਲਦੀਪ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਪੁਲਸ ਲਿਖਾ-ਪੜ੍ਹੀ ਵਿੱਚ ਰੁਝੀ ਹੋਣ ਕਰਕੇ ਅਜੇ ਤੱਕ ਕਿਸੇ ਫਾਈਨਲ ਨਤੀਜੇ 'ਤੇ ਨਹੀਂ ਪੁੱਜੀ। ਦੂਜੇ ਪਾਸੇ ਸਥਾਨਕ ਮੈਕਸ ਹਸਪਤਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਠਿੰਡਾ ਰੇਂਜ ਦੇ ਆਈ ਜੀ ਸ੍ਰੀ ਏ ਕੇ ਮਿੱਤਲ ਨੇ ਦੱਸਿਆ ਕਿ ਗ੍ਰਿਫਤਾਰ ਕਥਿਤ ਦੋਸ਼ੀ ਵੱਲੋਂ ਮਿਲੀ ਜਾਣਕਾਰੀ ਦੇ ਅਧਾਰ 'ਤੇ ਉਸ ਨੂੰ ਨਾਲ ਲੈ ਕੇ ਜਿਉਂ ਹੀ ਬਠਿੰਡਾ ਦੀ ਪੁਲਸ ਪਾਰਟੀ ਹਰਿਆਣਾ ਦੇ ਬਾਰਡਰ ਨਜ਼ਦੀਕ ਪੁੱਜੀ ਤਾਂ ਸ਼ੱਕੀ ਵਿਅਕਤੀ ਭੱਜ ਨਿਕਲੇ, ਜਿਹਨਾਂ ਦਾ ਪਿੱਛਾ ਕਰਦੀ ਹੋਈ ਟੀਮ ਜਦ ਦੇਸੂ ਜੋਧਾ ਪੁੱਜੀ ਤਾਂ ਕੁਝ ਸ਼ਰਾਰਤੀ ਅਨਸਰਾਂ ਨੇ ਹਮਲਾ ਕਰ ਦਿੱਤਾ, ਜਿਸ ਦੀ ਬਦੌਲਤ ਸੱਤ ਕਰਮਚਾਰੀ ਜ਼ਖਮੀ ਹੋ ਗਏ।
ਤਲਵੰਡੀ ਸਾਬੋ ਤੋਂ ਜਗਦੀਪ ਗਿੱਲ ਅਨੁਸਾਰ ਪੰਜਾਬ ਪੁਲਸ ਦੇ ਇੱਕ ਮੁਲਾਜ਼ਮ ਦੇ ਗੋਲੀ ਲੱਗੀ ਦੱਸੀ ਜਾ ਰਹੀ ਹੈ। ਉਸ ਦੀ ਹਾਲਤ ਵੀ ਫ਼ਿਲਹਾਲ ਖ਼ਤਰੇ ਤੋਂ ਖ਼ਾਲੀ ਨਹੀਂ ਕਹੀ ਜਾ ਸਕਦੀ। ਥਾਣਾ ਰਾਮਾ ਮੰਡੀ ਦੀ ਪੁਲਸ ਨੇ ਦੋ ਦਿਨ ਪਹਿਲਾਂ ਇੱਕ ਗਗਨਦੀਪ ਨਾਂਅ ਦੇ ਸ਼ਖਸ ਤੋਂ 6000 ਗੋਲੀਆਂ ਬਰਾਮਦ ਦਾ ਦਾਅਵਾ ਕੀਤਾ ਸੀ। ਗਗਨਦੀਪ ਤੋਂ ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇਸੂ ਜੋਧਾ ਦਾ ਕੁਲਵਿੰਦਰ ਸਿੰਘ ਨਾਂਅ ਦਾ ਨਸ਼ਾ ਤਸਕਰ ਸੀ, ਜਿਸ ਤੋਂ ਅੱਗੋਂ ਉਹ ਮਾਲ ਲਿਆ ਕੇ ਪਿੰਡਾਂ ਵਿੱਚ ਸਪਲਾਈ ਕਰਦੇ ਸਨ । ਬਠਿੰਡਾ ਰੇਂਜ ਦੇ ਆਈ ਜੀ ਸ੍ਰੀ ਮਿੱਤਲ ਦੇ ਦਾਅਵੇ ਅਨੁਸਾਰ ਪੁਲਸ ਨੂੰ ਬੀਤੇ ਕੱਲ੍ਹ ਇਹ ਸੂਚਨਾ ਮਿਲੀ ਸੀ ਕਿ ਉਕਤ ਨਸ਼ਾ ਤਸਕਰ ਕੁਲਵਿੰਦਰ ਸਿੰਘ ਡੱਬਵਾਲੀ ਲਾਗੇ ਪੰਜਾਬ-ਹਰਿਆਣਾ ਦੀ ਹੱਦ ਉੱਪਰ ਇੱਕ ਪਿੰਡ ਵਿੱਚ ਆਇਆ ਹੋਇਆ ਹੈ। ਪੰਜਾਬ ਪੁਲਸ ਦੀ ਇੱਕ ਸੱਤ ਮੈਂਬਰੀ ਟੀਮ ਉਕਤ ਤਸਕਰ ਨੂੰ ਦਬੋਚਣ ਲਈ ਫੜੇ ਗਏ ਉਕਤ ਵਿਅਕਤੀ ਗਗਨਦੀਪ ਨੂੰ ਨਾਲ ਲੈ ਕੇ ਉਸ ਵੱਲੋਂ ਮੁਹੱਈਆ ਕਰਵਾਈ ਗਈ ਨਿਸ਼ਾਨਦੇਹੀ ਉਪਰ ਪੁੱਜੀ ਤਾਂ ਪੁਲਸ ਦੀਆਂ ਗੱਡੀਆਂ ਵੇਖ ਕੇ ਉਕਤ ਤਸਕਰ ਭੱਜ ਕੇ ਪਿੰਡ ਦੇਸੂ ਜੋਧਾ ਵਿੱਚ ਜਾ ਵੜਿਆ ।ਆਈ ਜੀ ਦੇ ਦਾਅਵੇ ਅਨੁਸਾਰ ਉਸ ਨੇ ਪਿੰਡ ਵੜਦੇ ਹੀ ਰੌਲਾ ਪਾ ਕੇ ਨਾ ਸਿਰਫ ਲੋਕ ਇਕੱਠੇ ਕਰ ਲਏ, ਸਗੋਂ ਪੁਲਸ ਪਾਰਟੀ ਉੱਪਰ ਇਕੱਠੇ ਹੋਏ ਲੋਕਾਂ ਨੇ ਹਮਲਾ ਕਰ ਦਿੱਤਾ । ਗਗਨਦੀਪ ਸਿੰਘ ਨੂੰ ਵੀ ਪਿੰਡ ਵਾਲਿਆਂ ਪੁਲਸ ਕਸਟੱਡੀ 'ਚੋਂ ਛੁਡਾ ਲਿਆ ।ਪੁਲਸ ਪਾਰਟੀ ਦੇ ਇੱਕ ਮੁਲਾਜ਼ਮ ਦੇ ਗੋਲੀ ਲੱਗਣ ਨਾਲ ਸਖ਼ਤ ਜ਼ਖ਼ਮੀ ਹੋਣ ਦੇ ਨਾਲ-ਨਾਲ ਬਾਕੀ ਪੁਲਸ ਦੀ ਉਕਤ ਟੁਕੜੀ ਵੀ, ਜਿਸ ਦੀ ਗਿਣਤੀ ਛੇ ਤੋਂ ਸੱਤ ਦੱਸੀ ਜਾ ਰਹੀ ਹੈ ਸਾਰੀ ਦੀ ਸਾਰੀ ਹੀ ਜ਼ਖਮੀ ਹੋ ਗਈ।
ਪੰਜਾਬ ਪੁਲਸ ਦੇ ਜ਼ਖਮੀ ਮੁਲਾਜ਼ਮਾਂ ਨੂੰ ਬਠਿੰਡਾ ਦੇ ਮੈੱਕਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ।ਇੱਕ ਪ੍ਰੈੱਸ ਕਾਨਫਰੰੰਸ ਵਿੱਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਆਈ ਜੀ ਮਿੱਤਲ ਨੇ ਕਿਹਾ ਕਿ ਇਸ ਖੂਨੀ ਘਟਨਾ ਦੀ ਜਾਂਚ ਹੁਣ ਸਿਰਸਾ ਪੁਲਸ ਕਰ ਰਹੀ ਹੈ। ਉਨ੍ਹਾ ਕਿਹਾ ਕਿ ਉਨ੍ਹਾਂ (ਪੁਲਸ) ਵੱਲੋਂ ਉਕਤ ਪਿੰਡ ਦੇ ਉਨ੍ਹਾਂ ਸਾਰੇ ਲੋਕਾਂ ਉਪਰ ਮੁਕੱਦਮਾ ਦਰਜ ਕਰਵਾਇਆ ਜਾਵੇਗਾ, ਜਿਨ੍ਹਾਂ ਇਕੱਠੇ ਹੋ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

458 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper