Latest News
ਆਰਥਕ ਮੋਰਚੇ 'ਤੇ ਵੱਡਾ ਝਟਕਾ : ਮੂਡੀਜ਼ ਨੇ ਜੀ ਡੀ ਪੀ ਵਾਧਾ ਦਰ 5.80 ਫੀਸਦੀ ਤੱਕ ਘਟਾਈ

Published on 10 Oct, 2019 11:52 AM.


ਨਵੀਂ ਦਿੱਲੀ : ਮੂਡੀਜ਼ ਇਨਵੈਸਟਰਜ਼ ਸਰਵਿਸ ਨੇ 2019-20 ਵਿਚ ਭਾਰਤ ਦੇ ਕੁਲ ਘਰੇਲੂ ਉਤਪਾਦਨ (ਜੀ ਡੀ ਪੀ) ਦੀ ਵਾਧਾ ਦਰ ਦਾ ਅਨੁਮਾਨ 6.20 ਫੀਸਦੀ ਤੋਂ ਘਟਾ ਕੇ ਵੀਰਵਾਰ ਨੂੰ 5.80 ਫੀਸਦੀ ਕਰ ਦਿੱਤਾ। ਮੁਡੀਜ਼ ਦਾ ਕਹਿਣਾ ਹੈ ਕਿ ਭਾਰਤੀ ਅਰਥ-ਵਿਵਸਥਾ ਨਰਮੀ ਤੋਂ ਕਾਫੀ ਪ੍ਰਭਾਵਤ ਹੈ ਅਤੇ ਇਸ ਦੇ ਕੁਝ ਕਾਰਕ ਲੰਮ-ਮਿਆਦੀ ਅਸਰ ਵਾਲੇ ਹਨ। ਭਾਰਤੀ ਰਿਜ਼ਰਵ ਬੈਂਕ ਨੇ ਵੀ ਹਾਲ ਹੀ ਵਿਚ ਅਨੁਮਾਨ ਘਟਾ ਕੇ 6.10 ਫੀਸਦੀ ਕਰ ਦਿੱਤਾ ਸੀ।
ਮੂਡੀਜ਼ ਨੇ ਇਕ ਰਿਪੋਰਟ ਵਿਚ ਕਿਹਾ ਹੈ ਕਿ ਨਰਮੀ ਦਾ ਕਾਰਨ ਨਿਵੇਸ਼ ਵਿਚ ਕਮੀ ਹੈ, ਜੋ ਬਾਅਦ ਵਿਚ ਰੁਜ਼ਗਾਰ ਸਿਰਜਣ ਵਿਚ ਨਰਮੀ ਤੇ ਪੇਂਡੂ ਇਲਾਕਿਆਂ ਵਿਚ ਵਿੱਤੀ ਸੰਕਟ ਕਾਰਨ ਖਪਤ ਵਿਚ ਵੀ ਪ੍ਰਭਾਵੀ ਹੋ ਗਿਆ ਹੈ। ਉਸ ਨੇ ਕਿਹਾ ਕਿ ਨਰਮੀ ਦੇ ਕਈ ਕਾਰਨ ਹਨ ਅਤੇ ਇਨ੍ਹਾਂ ਵਿੱਚੋਂ ਬਹੁਤੇ ਘਰੇਲੂ ਹਨ ਤੇ ਲੰਮ-ਮਿਆਦੀ ਅਸਰ ਵਾਲੇ ਹਨ। ਤਾਂ ਵੀ ਮੂਡੀਜ਼ ਦਾ ਕਹਿਣਾ ਹੈ ਕਿ ਵਾਧਾ ਦਰ ਬਾਅਦ ਵਿਚ ਤੇਜ਼ ਹੋ ਕੇ 2020-21 ਵਿਚ 6.6 ਫੀਸਦੀ ਅਤੇ ਦਰਮਿਆਨੀ ਮਿਆਦ ਵਿਚ ਕਰੀਬ 7 ਫੀਸਦੀ ਹੋ ਜਾਵੇਗੀ। ਅਗਲੇ ਦੋ ਸਾਲ ਜੀ ਡੀ ਪੀ ਵਿਚ ਅਸਲ ਵਾਧੇ ਤੇ ਮਹਿੰਗਾਈ ਵਿਚ ਹਲਕੇ ਸੁਧਾਰ ਦੀ ਉਮੀਦ ਹੈ। ਦੋ ਸਾਲ ਪਹਿਲਾਂ ਦੀ ਸਥਿਤੀ ਨਾਲ ਤੁਲਨਾ ਕਰੀਏ ਤਾਂ ਜੀ ਡੀ ਪੀ ਵਾਧਾ ਦਰ 8 ਫੀਸਦੀ ਜਾਂ ਇਸ ਤੋਂ ਵੱਧ ਬਣੇ ਰਹਿਣ ਦੀ ਉਮੀਦ ਘਟ ਗਈ ਹੈ।
ਇਸ ਤੋਂ ਪਹਿਲਾਂ ਏਸ਼ੀਆਈ ਵਿਕਾਸ ਬੈਂਕ ਨੇ ਵੀ ਅਨੁਮਾਨ ਘਟਾ ਕੇ 6.5 ਫੀਸਦੀ ਤੇ ਆਰਗੇਨਾਈਜ਼ੇਸ਼ਨ ਆਫ ਇਕਨਾਮਿਕ ਕੋਆਪ੍ਰੇਸ਼ਨ ਐਂਡ ਡਿਵੈੱਲਪਮੈਂਟ ਨੇ 5.9 ਫੀਸਦੀ ਕਰ ਦਿੱਤਾ ਸੀ। ਰੇਟਿੰਗ ਏਜੰਸੀਆਂ ਸਟੈਂਡਰਡ ਐਂਡ ਪੁਅਰਸ ਨੇ ਵੀ ਅਨੁਮਾਨ 7.1 ਫੀਸਦੀ ਤੋਂ ਘਟਾ ਕੇ 6.3 ਫੀਸਦੀ ਕਰ ਦਿੱਤਾ ਸੀ। ਮੂਡੀਜ਼ ਨੇ ਕਾਰਪੋਰੇਟ ਟੈਕਸ ਵਿਚ ਕਟੌਤੀ ਤੇ ਘੱਟ ਜੀ ਡੀ ਪੀ ਵਾਧਾ ਦਰ ਦੇ ਕਾਰਨ ਰੈਵੇਨਿਊ ਘਾਟਾ ਸਰਕਾਰ ਦੇ 0.40 ਫੀਸਦੀ ਦੇ ਟੀਚੇ ਤੋਂ ਵਧ ਕੇ 3.70 ਫੀਸਦੀ ਤੱਕ ਪੁੱਜ ਜਾਣ ਦਾ ਖਦਸ਼ਾ ਜ਼ਾਹਰ ਕੀਤਾ ਹੈ। ਮੂਡੀਜ਼ ਦਾ ਕਹਿਣਾ ਹੈ ਕਿ ਕੌਮਾਂਤਰੀ ਸਟੈਂਡਰਡ ਦੇ ਹਿਸਾਬ ਨਾਲ ਜੀ ਡੀ ਪੀ ਵਿਚ 5 ਫੀਸਦੀ ਦਾ ਵਾਧਾ ਮੁਕਾਬਲਤਨ ਵਧੇਰੇ ਹੈ, ਪਰ ਭਾਰਤ ਦੇ ਸੰਦਰਭ ਵਿਚ ਘੱਟ ਹੈ।

20 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper