Latest News
ਲੱਖਾਂ ਖਰਚ ਕੇ ਵੀ ਅਮਰੀਕਾ ਪੁੱਜਣ ਦੀ ਹਸਰਤ ਦਿਲ 'ਚ ਹੀ ਰਹਿ ਗਈ

Published on 18 Oct, 2019 09:36 AM.

ਨਵੀਂ ਦਿੱਲੀ : ਮੈਕਸੀਕੋ ਵੱਲੋਂ ਡਿਪੋਰਟ ਕੀਤੇ 311 ਭਾਰਤੀ ਅਮਰੀਕਾ ਜਾਣ ਦੀ ਹਸਰਤ ਦਿਲਾਂ ਵਿਚ ਲਈ ਸ਼ੁੱਕਰਵਾਰ ਸਵੇਰੇ ਮੁਲਕ ਪਰਤਣ ਨੂੰ ਮਜਬੂਰ ਹੋ ਗਏ। ਉਨ੍ਹਾਂ ਨੂੰ ਮੈਕਸੀਕੋ ਦੇ 74 ਅਧਿਕਾਰੀ ਚਾਰਟਰਡ ਫਲਾਈਟ ਵਿਚ ਲੈ ਕੇ ਆਏ। ਲੱਖਾਂ ਰੁਪਏ ਬਰਬਾਦ ਕਰਨ ਵਾਲੇ ਇਨ੍ਹਾਂ ਲੋਕਾਂ ਵਿਚੋਂ ਬਹੁਤੇ ਪੰਜਾਬ ਤੇ ਹਰਿਆਣਾ ਦੇ ਹਨ।
ਪਟਿਆਲਾ ਦੇ 19 ਸਾਲ ਦੇ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਅਮਰੀਕਾ ਪੁੱਜਣ ਲਈ ਜੂਨ ਵਿਚ ਗਿਆ ਸੀ ਅਤੇ ਇਕੁਆਡੋਰ ਤੋਂ ਸੱਤ ਦੇਸ਼ ਗਾਹ ਕੇ ਮੈਕਸੀਕੋ ਪੁੱਜਾ ਸੀ। ਉਹ 7 ਦਿਨ ਪਨਾਮਾ ਦੇ ਸੰਘਣੇ ਜੰਗਲਾਂ ਵਿਚੋਂ ਲੰਘ ਕੇ 22 ਸਤੰਬਰ ਨੂੰ ਮੈਕਸੀਕੋ ਪੁੱਜਾ ਸੀ। ਉਹ ਅਮਰੀਕਾ ਤੋਂ 800 ਕਿਲੋਮੀਟਰ ਦੂਰ ਸਨ ਕਿ ਮੈਕਸੀਕਨ ਅਧਿਕਾਰੀਆਂ ਨੇ ਫੜ ਲਿਆ। ਪਨਾਮਾ ਦੇ ਜੰਗਲਾਂ ਵਿਚੋਂ ਲੰਘਦਿਆਂ ਉਸ ਨੇ ਕਈ ਪਿੰਜਰ ਦੇਖੇ। ਲਗਦਾ ਹੈ ਉਹ ਵੀ ਉਸ ਵਰਗੇ ਪ੍ਰਵਾਸੀ ਸਨ।
ਜਲੰਧਰ ਦੀ ਕਮਲਜੀਤ ਕੌਰ (34) ਡਿਪੋਰਟ ਕੀਤੀ ਇੱਕੋ-ਇੱਕ ਮਹਿਲਾ ਹੈ। ਉਸ ਨੇ ਦੱਸਿਆ ਕਿ ਪਤੀ ਤੇ ਬੇਟੇ ਨਾਲ ਅਮਕੀਰਾ ਪੁੱਜਣ ਲਈ ਉਸ ਨੇ 53 ਲੱਖ ਖਰਚੇ ਸਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਨੂੰ ਧਮਕੀ ਦਿੱਤੀ ਹੋਈ ਹੈ ਕਿ ਜੇ ਉਸ ਦੀ ਸਰਹੱਦ ਵੱਲੋਂ ਕੋਈ ਗੈਰ-ਕਾਨੂੰਨੀ ਪ੍ਰਵਾਸੀ ਅਮਰੀਕਾ ਵਿਚ ਦਾਖਲ ਹੋਇਆ ਤਾਂ ਉਹ ਉਸ ਤੋਂ ਬਰਾਮਦ ਕੀਤੀਆਂ ਜਾਣ ਵਾਲੀਆਂ ਚੀਜ਼ਾਂ 'ਤੇ ਟੈਰਿਫ ਵਧਾ ਦੇਵੇਗਾ।

361 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper