Latest News
ਅੱਜ ਕਰਤਾਰਪੁਰ ਨੂੰ ਚਾਲੇ

Published on 08 Nov, 2019 10:58 AM.


ਡੇਰਾ ਬਾਬਾ ਨਾਨਕ (ਰਮੇਸ਼ ਸ਼ਰਮਾ)
ਗੁਰੂ ਨਾਨਕ ਨਾਮਲੇਵਿਆਂ ਦੀ ਕਈ ਦਹਾਕਿਆਂ ਪੁਰਾਣੀ ਇੱਛਾ ਅੱਜ ਪੂਰੀ ਹੋਵੇਗੀ, ਜਦੋਂ ਕਰਤਾਰਪੁਰ ਲਾਂਘੇ ਦਾ ਰਸਮੀ ਤੌਰ 'ਤੇ ਉਦਘਾਟਨ ਹੋਵੇਗਾ। ਪਹਿਲੇ ਦਿਨ ਚੁਣੀਆਂ ਸ਼ਖਸੀਅਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣਗੀਆਂ। ਆਮ ਸ਼ਰਧਾਲੂਆਂ ਲਈ ਇਹ ਲਾਂਘਾ 12 ਨਵੰਬਰ ਨੂੰ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਖੁੱਲ੍ਹੇਗਾ।
ਸ਼ਨੀਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ ਸਾਢੇ 9 ਵਜੇ ਪਹਿਲੇ ਜਥੇ ਨੂੰ ਡੇਰਾ ਬਾਬਾ ਨਾਨਕ ਤੋਂ ਰਵਾਨਾ ਕਰਨਗੇ। ਇਸ ਈਵੈਂਟ ਨੂੰ ਸਿਰਫ ਸਰਕਾਰੀ ਮੀਡੀਆ ਹੀ ਕਵਰ ਕਰੇਗਾ। ਜਥੇ ਦਾ ਸਵਾਗਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਕਰਨਗੇ। ਮੋਦੀ ਲੱਗਭੱਗ 11 ਵਜੇ ਸ਼ਿਕਾਰ ਮਾਛੀਆਂ ਵਿਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਟੇਜ ਤੋਂ ਇਕ ਸਭਾ ਨੂੰ ਵੀ ਸੰਬੋਧਨ ਕਰਨਗੇ। ਉਹ ਸੁਲਤਾਨਪੁਰ ਲੋਧੀ ਦੇ ਗੁਰਦਵਾਰਾ ਬੇਰ ਸਾਹਿਬ ਵਿਚ ਮੱਥਾ ਟੇਕਣ ਲਈ ਵੀ ਪੁੱਜਣਗੇ।
ਕਰਤਾਰਪੁਰ ਜਾਣ ਵਾਲੇ ਪਹਿਲੇ ਜਥੇ ਵਿਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਨ੍ਹਾ ਦੇ ਮੰਤਰੀ ਸਾਥੀ ਤੇ ਵੱਖ-ਵੱਖ ਪਾਰਟੀਆਂ ਦੇ ਵਿਧਾਇਕ ਅਤੇ ਹੋਰ ਸ਼ਖਸੀਅਤਾਂ ਸ਼ਾਮਲ ਹੋਣਗੀਆਂ। ਨਵਜੋਤ ਸਿੰਘ ਸਿੱਧੂ ਆਪਣੇ ਮਿੱਤਰ ਇਮਰਾਨ ਖਾਨ ਦੇ ਖਾਸ ਸੱਦੇ 'ਤੇ ਜਾ ਰਹੇ ਹਨ। ਕਰਤਾਰਪੁਰ ਲਾਂਘਾ ਦੋਹਾਂ ਦੇਸ਼ਾਂ ਵਿਚਾਲੇ ਕੜਵਾਹਟ ਭਰੇ ਮਾਹੌਲ ਵਿਚ ਮਿਲਵਰਤਣ ਦੀ ਸ਼ਾਨਦਾਰ ਮਿਸਾਲ ਸਾਬਤ ਹੋਣ ਜਾ ਰਿਹਾ ਹੈ। ਰੋਜ਼ਾਨਾ ਪੰਜ ਹਜ਼ਾਰ ਸ਼ਰਧਾਲੂ ਸਵੇਰੇ ਗੁਰਦਵਾਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਇਆ ਕਰਨਗੇ ਤੇ ਸ਼ਾਮ ਨੂੰ ਪਰਤਿਆ ਕਰਨਗੇ।
'ਦੀ ਡਾਨ' ਮੁਤਾਬਕ ਕਰਤਾਰਪੁਰ ਸਾਹਿਬ ਦੇ ਕਸਟੋਡੀਅਨ ਰਮੇਸ਼ ਸਿੰਘ ਅਰੋੜਾ ਨੇ ਕਿਹਾ ਹੈ ਕਿ ਉਹ ਆਸ ਕਰਦੇ ਹਨ ਕਿ ਨੇੜ-ਭਵਿੱਖ ਵਿਚ ਸ਼ਰਧਾਲੂ ਪਾਕਿਸਤਾਨ ਸਥਿਤ ਹੋਰਨਾਂ ਗੁਰਧਾਮਾਂ ਦੇ ਵੀ ਦਰਸ਼ਨ ਕਰ ਸਕਣਗੇ। ਮਲੇਸ਼ੀਆ ਤੋਂ ਕਰਤਾਰਪੁਰ ਪੁੱਜੇ ਹੋਏ ਕਰਨਦੀਪ ਸਿੰਘ ਨੇ ਕਿਹਾ ਕਿ 70 ਤੋਂ ਵੱਧ ਸਾਲਾਂ ਬਾਅਦ ਸੰਗਤਾਂ ਨੂੰ ਕਰਤਾਰਪੁਰ ਪੁੱਜਣ ਦਾ ਮੌਕਾ ਮਿਲੇਗਾ। ਇਹ ਅਤਿਅੰਤ ਜਜ਼ਬਾਤੀ ਮੌਕਾ ਹੋਵੇਗਾ। ਕੁਝ ਹੋਰਨਾਂ ਸ਼ਰਧਾਲੂਆਂ ਨੇ ਕਿਹਾ ਕਿ ਲਾਂਘਾ ਦੋਹਾਂ ਦੇਸ਼ਾਂ ਵਿਚਾਲੇ ਵਰ੍ਹਿਆਂ ਦੀ ਦੁਸ਼ਮਣੀ ਨੂੰ ਖਤਮ ਕਰਨ ਵਿਚ ਸਹਾਈ ਹੋਵੇਗਾ। 1947 ਵਿਚ ਭਾਰਤ ਦੀ ਵੰਡ ਵੇਲੇ ਲੱਖਾਂ ਸਿੱਖ ਭਾਰਤ ਆ ਗਏ ਸਨ। ਹੁਣ ਉਥੇ ਕਰੀਬ 20 ਹਜ਼ਾਰ ਸਿੱਖ ਹਨ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੁੱਲ੍ਹਣ ਜਾ ਰਹੇ ਕਰਤਾਰਪੁਰ ਸਾਹਿਬ ਲਾਂਘੇ ਦੇ ਸੰਗਤੀ ਦਰਸ਼ਨਾਂ ਦੀ ਖੁਸ਼ੀ ਵਿੱਚ ਕਰਵਾਏ ਜਾ ਰਹੇ ਡੇਰਾ ਬਾਬਾ ਨਾਨਕ ਉਤਸਵ ਦਾ ਮੁੱਖ ਮੰਤਵ ਸਾਰੇ ਸਮਾਜ ਤੇ ਖਾਸਕਰ ਨੌਜਵਾਨ ਪੀੜ੍ਹੀ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ ਜੋੜ ਕੇ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ਉਤੇ ਚੱਲ ਕੇ ਸੋਹਣੇ ਸਮਾਜ ਦੀ ਸਿਰਜਣਾ ਕਰਨਾ ਹੈ।
ਇਨ੍ਹਾਂ ਵਿਚਾਰ ਦਾ ਪ੍ਰਗਟਾਵਾ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ੁੱਕਰਵਾਰ ਉਤਸਵ ਦੇ ਆਗਾਜ਼ ਤੋਂ ਬਾਅਦ ਸੰਬੋਧਨ ਕਰਦਿਆਂ ਕੀਤਾ। ਉਨ੍ਹਾ ਕਿਹਾ ਕਿ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਨਾਲ ਨਾਨਕ ਨਾਮ ਲੇਵਾ ਸੰਗਤ ਵੱਲੋਂ ਵਿੱਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਨ ਦੀ ਵਰ੍ਹਿਆਂ ਤੋਂ ਕੀਤੀ ਜਾ ਰਹੀ ਅਰਦਾਸ ਪੂਰੀ ਹੋਣ ਜਾ ਰਹੀ ਹੈ।
ਇਸ ਤੋਂ ਪਹਿਲਾ ਰੰਧਾਵਾ ਨੇ ਸ਼ਮ੍ਹਾ ਰੌਸ਼ਨ ਕਰ ਕੇ ਧਾਰਮਿਕ, ਕਲਾ ਤੇ ਸਾਹਿਤ ਦੇ ਸੁਮੇਲ ਵਾਲੇ ਚਾਰ ਰੋਜ਼ਾ ਡੇਰਾ ਬਾਬਾ ਨਾਨਕ ਉਤਸਵ ਦਾ ਰਸਮੀ ਆਗਾਜ਼ ਕੀਤਾ।ਇਹ ਉਤਸਵ ਸਹਿਕਾਰਤਾ ਵਿਭਾਗ ਦੇ ਸਮੂਹ ਸਹਿਕਾਰੀ ਅਦਾਰਿਆਂ ਵੱਲੋਂ ਮਿਲ ਕੇ ਕਰਵਾਇਆ ਜਾ ਰਿਹਾ ਹੈ, ਜੋ 8 ਤੋਂ 11 ਨਵੰਬਰ ਤੱਕ ਡੇਰਾ ਬਾਬਾ ਨਾਨਕ ਵਿਖੇ ਹੋਣਾ ਹੈ। ਬੀਤੇ ਦਿਨ ਅਤੇ ਰਾਤ ਨੂੰ ਆਏ ਤੇਜ਼ ਮੀਂਹ ਅਤੇ ਹਨੇਰੀ ਦੇ ਕਾਰਨ ਮੁੱਖ ਪੰਡਾਲ ਸਣੇ ਸਾਰੇ ਪੰਡਾਲਾਂ ਅਤੇ ਟੈਂਟ ਸਿਟੀ ਦੇ ਆਲੇ-ਦੁਆਲੇ ਖੜ੍ਹੇ ਪਾਣੀ ਕਾਰਨ ਹੋਏ ਨੁਕਸਾਨ ਦੇ ਬਾਵਜੂਦ ਸੰਗਤ ਦੀ ਸ਼ਰਧਾ ਤੇ ਉਤਸ਼ਾਹ ਅਤੇ ਪ੍ਰਬੰਧਕਾਂ ਦੇ ਸਿਰੜ ਅਤੇ ਕੀਤੇ ਬਦਲਵੇਂ ਪ੍ਰਬੰਧਾਂ ਸਦਕਾ ਡੇਰਾ ਬਾਬਾ ਉਤਸਵ ਦਾ ਆਗਾਜ਼ ਸ਼ਰਧਾ ਤੇ ਉਤਸ਼ਾਹ ਨਾਲ ਹੋਇਆ, ਜਿਸ ਨੇ ਖਚਾਖਚਾ ਭਰੇ ਪੰਡਾਲ ਨੂੰ ਰੂਹਾਨੀਅਤ ਦੇ ਰੰਗ ਵਿੱਚ ਰੰਗ ਦਿੱਤਾ।
ਸਭ ਤੋਂ ਪਹਿਲਾਂ ਖਾਲਸਾ ਕਾਲਜ ਅੰਮ੍ਰਿਤਸਰ ਦੇ 50 ਰਾਗੀ ਕਲਾਕਾਰ ਵਿਦਿਆਰਥੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕੁਦਰਤ ਦੀ ਸਿਫਤ ਵਿੱਚ ਉਚਾਰੀ ਗਈ ਆਰਤੀ ਗਾਇਨ ਕੀਤੀ। ਉਸ ਤੋਂ ਬਾਅਦ ਪੁਲੀਸ ਡੀ.ਏ.ਵੀ. ਸਕੂਲ, ਅੰਮ੍ਰਿਤਸਰ ਦੇ ਵਿਦਿਆਰਥੀਆਂ ਵੱਲੋਂ 'ਗੁਰੂ ਨਾਨਕ ਮਹਿਮਾ' ਐਕਸ਼ਨ ਗੀਤ ਦੀ ਪੇਸ਼ਕਾਰੀ ਕੀਤੀ ਗਈ। ਸ਼ੋਮਣੀ ਐਵਾਰਡ ਜੇਤੂ ਨਾਟਕਕਾਰ ਡਾ. ਕੇਵਲ ਧਾਲੀਵਾਲ ਦੀ ਨਿਰਦੇਸ਼ਨਾਂ ਹੇਠ ਲਘੂ ਨਾਟਕ 'ਜਗਤ ਗੁਰੂ ਬਾਬਾ ਨਾਨਕ' ਖੇਡਿਆ ਗਿਆ, ਜਿਸ ਵਿੱਚ ਪਹਿਲੀ ਪਾਤਸ਼ਾਹ ਦਾ ਜੀਵਨ ਅਤੇ ਫਲਸਫੇ ਉਪਰ ਚਾਨਣਾ ਪਾਇਆ ਗਿਆ।
ਇਸ ਤੋਂ ਬਾਅਦ ਬਾਬਿਆਂ ਦੇ ਲੋਕ ਨਾਚ ਮਲਵਈ ਗਿੱਧਾ ਪੇਸ਼ ਕੀਤਾ ਗਿਆ, ਜਿਸ ਦੀ ਖਾਸੀਅਤ ਬਾਬਾ ਨਾਨਕ ਨਾਲ ਸੰਬੰਧਤ ਲੋਕ ਬੋਲੀਆਂ ਪਾਈਆਂ ਗਈਆਂ। ਇਸ ਮੌਕੇ ਸਹਿਕਾਰਤਾ ਮੰਤਰੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ। ਇਨ੍ਹਾਂ ਕਿਤਾਬਾਂ ਵਿੱਚ ਪ੍ਰਿਥੀਪਾਲ ਸਿੰਘ ਕਪੂਰ ਦੀ 'ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ', ਡਾ. ਅਮਰਜੀਤ ਸਿੰਘ ਵੱਲੋਂ ਸੰਪਾਦਤ ਕੀਤੀ 'ਗੁਰੂ ਨਾਨਕ: ਪ੍ਰੰਪਰਾ ਅਤੇ ਦਰਸ਼ਨ', ਡਾ. ਨਰੇਸ਼ ਵੱਲੋਂ ਸੰਪਾਦਤ 'ਗੁਰੂ ਨਾਨਕ ਬਾਣੀ ਅਤੇ ਪੰਜਾਬੀ ਚਿੰਤਨ', ਕੇਵਲ ਧਾਲੀਵਾਲ ਵੱਲੋਂ ਸੰਪਾਦਿਤ 'ਜਿੱਥੇ ਬਾਬਾ ਪੈਰੁ ਧਰਿ' ਅਤੇ 'ਕਾਵਿ ਸ਼ਾਸਤਰ ਗੁਰੂ ਨਾਨਕ ਵਿਸ਼ੇਸ਼ ਅੰਕ ਚਾਰ ਜਿਲਦਾਂ' ਸ਼ਾਮਲ ਸਨ।
ਇਸ ਮੌਕੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਪਰਸਨ ਡਾ. ਸੁਰਜੀਤ ਪਾਤਰ, ਸਰਬੱਤ ਦਾ ਭਲਾ ਟਰੱਸਟ ਦੇ ਚੇਅਰਪਰਸਨ ਐੱਸ ਪੀ ਸਿੰਘ ਓਬਰਾਏ, ਮਾਰਕਫੱੈਡ ਦੇ ਐੱਮ ਡੀ ਵਰੂਣ ਰੂਜ਼ਮ, ਮਿਲਕਫੈੱਡ ਦੇ ਐੱਮ ਡੀ ਕਮਲਦੀਪ ਸਿੰਘ ਸੰਘਾ, ਸ਼ੂਗਰਫੈਡ ਦੇ ਐੱਮ ਡੀ ਪੁਨੀਤ ਗੋਇਲ ਅਤੇ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਐੱਮ ਡੀ ਡਾ. ਐੱਸ ਕੇ. ਬਾਤਿਸ਼, ਉਤਸਵ ਦੇ ਕੋਆਰਡੀਨੇਟਰ ਅਮਰਜੀਤ ਸਿੰਘ ਗਰੇਵਾਲ ਤੇ ਭਗਵੰਤ ਸਿੰਘ ਸੱਚਰ ਹਾਜ਼ਰ ਸਨ।

403 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper