ਡੇਰਾ ਬਾਬਾ ਨਾਨਕ/ਅੰਮ੍ਰਿਤਸਰ
(ਰਮੇਸ਼ ਸ਼ਰਮਾ, ਅਵਤਾਰ ਸਿੰਘ ਆਨੰਦ)
ਸ੍ਰੀ ਕਰਤਾਰਪੁਰ ਸਾਹਿਬ ਦੇ ਅਸਾਨੀ ਨਾਲ ਦਰਸ਼ਨ ਸ਼ਨੀਵਾਰ ਸੰਭਵ ਹੋ ਗਏ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਦਿਆਂ ਲੱਗਭੱਗ 500 ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਰਵਾਨਾ ਕੀਤਾ। ਜਥੇ ਵਿਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਐੱਚ ਐੱਸ ਫੂਲਕਾ ਤੇ ਨਵਜੋਤ ਸਿੰਘ ਸਿੱਧੂ ਸ਼ਾਮਲ ਸਨ। ਕਾਗਜ਼ ਪੂਰੇ ਨਾ ਹੋਣ ਕਰਕੇ ਹੰਸ ਰਾਜ ਹੰਸ ਨਹੀਂ ਜਾ ਸਕੇ। ਪਹਿਲੇ ਜਥੇ ਵਿਚ ਅਹਿਮ ਸ਼ਖਸੀਅਤਾਂ ਗਈਆਂ। ਆਮ ਲੋਕਾਂ ਲਈ ਇਹ ਲਾਂਘਾ ਬਾਬਾ ਨਾਨਕ ਦੇ 12 ਨਵੰਬਰ ਨੂੰ 550ਵੇਂ ਪ੍ਰਕਾਸ਼ ਪੁਰਬ 'ਤੇ ਖੁੱਲ੍ਹੇਗਾ। ਪਾਕਿਸਤਾਨ ਪੁੱਜਣ 'ਤੇ ਜਥੇ ਦਾ ਸਵਾਗਤ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੀਤਾ।
ਮੋਦੀ ਨੇ ਇੰਟੈਗਰੇਟਿਡ ਚੈੱਕ ਪੋਸਟ ਦਾ ਵੀ ਉਦਘਾਟਨ ਕੀਤਾ, ਜਿਥੋਂ ਸ਼ਰਧਾਲੂ ਕਲੀਅਰੈਂਸ ਹਾਸਲ ਕਰਿਆ ਕਰਨਗੇ। ਲਾਂਘਾ ਕੌਮ ਨੂੰ ਸਮਰਪਤ ਕਰਨ ਤੋਂ ਪਹਿਲਾਂ ਮੋਦੀ ਨੇ ਗਵਰਨਰ ਵੀ ਪੀ ਸਿੰਘ ਬਦਨੌਰ, ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਲੰਗਰ ਛਕਿਆ। ਪ੍ਰਧਾਨ ਮੰਤਰੀ ਨੇ ਗੁਰੂ ਨਾਨਕ ਦੀ ਜ਼ਿੰਦਗੀ ਤੇ ਸਿਖਿਆਵਾਂ ਬਾਰੇ ਵੀਡੀਓ ਅਤੇ ਕਰਤਾਰਪੁਰ ਲਾਂਘੇ ਦਾ ਮਾਡਲ ਵੀ ਦੇਖਿਆ। ਜਥੇ ਨੂੰ ਰਵਾਨਾ ਕਰਨ ਵੇਲੇ ਉਨ੍ਹਾ ਡਾ. ਮਨਮੋਹਨ ਸਿੰਘ ਤੇ ਉਨ੍ਹਾ ਦੀ ਪਤਨੀ ਗੁਰਸ਼ਰਨ ਕੌਰ ਕੁਝ ਚਿਰ ਗੱਲਬਾਤ ਵੀ ਕੀਤੀ।
ਜਥਾ ਰਵਾਨਾ ਕਰਨ ਵੇਲੇ ਮੋਦੀ ਨੇ ਇਮਰਾਨ ਖਾਨ ਦਾ ਵੀ ਸ਼ੁਕਰੀਆ ਕੀਤਾ। ਉਨ੍ਹਾ ਕਿਹਾ ਕਿ ਹੁਣ ਕਰਤਾਰਪੁਰ ਸਾਹਿਬ ਸਥਿਤ ਗੁਰਧਾਮ ਦੇ ਦਰਸ਼ਨ ਸੁਖਾਲੇ ਹੋ ਜਾਣਗੇ। ਉਨ੍ਹਾ ਇਹ ਵੀ ਕਿਹਾ ਕਿ ਧਾਰਾ 370 ਖਤਮ ਹੋਣ ਨਾਲ ਹੁਣ ਜੰਮੂ-ਕਸ਼ਮੀਰ ਤੇ ਲੱਦਾਖ ਦੇ ਸਿੱਖਾਂ ਨੂੰ ਉਨ੍ਹਾਂ ਦੇ ਪੂਰੇ ਅਧਿਕਾਰ ਅਸਾਨੀ ਨਾਲ ਮਿਲ ਸਕਣਗੇ। ਉਨ੍ਹਾ 550 ਰੁਪਏ ਦਾ ਵਿਸ਼ੇਸ਼ ਸਿੱਕਾ ਤੇ ਡਾਕ ਟਿਕਟਾਂ ਵੀ ਜਾਰੀ ਕੀਤੀਆਂ।
ਇਮਰਾਨ ਖਾਨ ਨੇ ਆਪਣੇ ਪਾਸੇ ਲਾਂਘੇ ਦਾ ਉਦਘਾਟਨ ਕਰਨ ਵੇਲੇ 12 ਹਜ਼ਾਰ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਿਰਫ ਸਰਹੱਦ ਹੀ ਨਹੀਂ, ਸਗੋਂ ਸਿੱਖ ਕੌਮ ਲਈ ਆਪਣੇ ਦਿਲ ਵੀ ਖੋਲ੍ਹ ਰਹੇ ਹਨ। ਧਾਰਮਕ ਏਕਤਾ ਤੇ ਸਦਭਾਵਨਾ ਇਸ ਖਿੱਤੇ ਦੇ ਅਮਨ ਲਈ ਬਹੁਤ ਜ਼ਰੂਰੀ ਹੈ। ਉਨ੍ਹਾ ਕਿਹਾ ਕਿ ਕਸ਼ਮੀਰ ਮੁੱਦਾ ਹੱਲ ਹੋਣ ਨਾਲ ਭਾਰਤ ਤੇ ਪਾਕਿਸਤਾਨ ਵਿਚਾਲੇ ਮਤਭੇਦ ਖਤਮ ਕਰਨ ਵਿਚ ਮਦਦ ਮਿਲੇਗੀ। ਉਨ੍ਹਾ ਕਿਹਾ, 'ਜਦੋਂ ਮੈਂ ਪ੍ਰਧਾਨ ਮੰਤਰੀ ਬਣਿਆ, ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਜੇ ਅਸੀਂ ਕਸ਼ਮੀਰ ਮੁੱਦਾ ਹੱਲ ਕਰ ਲਈਏ ਤਾਂ ਆਪਣੇ ਸਾਰੇ ਮਸਲੇ ਹੱਲ ਕਰ ਸਕਦੇ ਹਾਂ ਤੇ ਪੁਰਅਮਨ ਢੰਗ ਨਾਲ ਰਹਿ ਸਕਦੇ ਹਾਂ, ਪਰ ਮੈਂ ਭਰੇ ਦਿਲੋਂ ਕਹਿ ਰਿਹਾ ਹਾਂ ਕਿ ਕਸ਼ਮੀਰ ਵਿਚ ਜੋ ਹੋ ਰਿਹਾ ਹੈ, ਉਹ ਖੇਤਰੀ ਮੁੱਦੇ ਤੋਂ ਬਾਹਰਾ ਹੈ। ਇਹ ਹੁਣ ਮਨੁੱਖੀ ਅਧਿਕਾਰਾਂ ਦਾ ਮੁੱਦਾ ਬਣ ਗਿਆ ਹੈ। 80 ਲੱਖ ਲੋਕਾਂ ਨੂੰ ਕੈਦ ਕਰ ਰੱਖਿਆ ਹੈ। ਅਮਨ ਏਦਾਂ ਨਹੀਂ ਹੋਣ ਲੱਗਾ। ਮੈਂ ਹੁਣ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਕਹਿੰਦਾ ਹਾਂ ਕਿ ਕਸ਼ਮੀਰ ਮਸਲਾ ਹੱਲ ਕਰੋ ਤਾਂ ਕਿ ਲੋਕ ਮਨੁੱਖਾਂ ਵਾਂਗ ਰਹਿ ਸਕਣ। ਮੈਂ ਆਸ ਕਰਦਾ ਹਾਂ ਕਿ ਇਕ ਦਿਨ ਅਸੀਂ ਭਾਰਤ ਨਾਲ ਮਤਭੇਦ ਹੱਲ ਕਰ ਲਵਾਂਗੇ ਅਤੇ ਜੇ ਕਸ਼ਮੀਰ ਮਸਲਾ ਹੱਲ ਕਰ ਲਈਏ ਤਾਂ ਸਾਡੇ ਰਿਸ਼ਤੇ ਉਸ ਤਰ੍ਹਾਂ ਦੇ ਹੋ ਜਾਣਗੇ, ਜਿਹੋ ਜਿਹੇ ਹੋਣੇ ਚਾਹੀਦੇ ਹਨ। ਮੈਂ ਉਮੀਦ ਕਰਦਾ ਹਾਂ ਕਿ ਉਹ ਦਿਨ ਦੂਰ ਨਹੀਂ।' ਇਮਰਾਨ ਸਿੱਧੂ ਨੂੰ ਜੱਫੀ ਪਾ ਕੇ ਮਿਲੇ ਤੇ ਡਾ. ਮਨਮੋਹਨ ਸਿੰਘ ਨਾਲ ਵੀ ਗੱਲ ਕੀਤੀ। ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਕਸ਼ਮੀਰ ਮੁੱਦੇ ਦਾ ਅਸਿੱਧਾ ਜ਼ਿਕਰ ਕਰਦਿਆਂ ਕਿਹਾ, 'ਜੇ ਬਰਲਿਨ ਦੀ ਕੰਧ ਢਾਹੀ ਜਾ ਸਕਦੀ ਹੈ, ਜੇ ਕਰਤਾਰਪੁਰ ਲਾਂਘਾ ਖੋਲ੍ਹਿਆ ਜਾ ਸਕਦਾ ਹੈ ਤਾਂ ਲਾਈਨ ਆਫ ਕੰਟਰੋਲ ਦੀ ਆਰਜ਼ੀ ਸਰਹੱਦ ਵੀ ਖਤਮ ਕੀਤੀ ਜਾ ਸਕਦੀ ਹੈ।'