Latest News
ਮਹਾਰਾਸ਼ਟਰ 'ਚ ਮਹਾਂ-ਸਸਪੈਂਸ

Published on 11 Nov, 2019 11:53 AM.


ਮੁੰਬਈ : ਮਹਾਰਾਸ਼ਟਰ ਦੇ ਗਵਰਨਰ ਭਗਤ ਸਿੰਘ ਕੋਸ਼ਿਆਰੀ ਨੇ ਸੋਮਵਾਰ ਨਵੀਂ ਸਰਕਾਰ ਦੇ ਗਠਨ ਬਾਰੇ ਤਕੜਾ ਸਸਪੈਂਸ ਪੈਦਾ ਕਰ ਦਿੱਤਾ। ਸ਼ਿਵ ਸੈਨਾ ਦੇ ਪ੍ਰਧਾਨ ਊਧਵ ਠਾਕਰੇ ਦੇ ਬੇਟੇ ਆਦਿੱਤਿਆ ਠਾਕਰੇ ਪਾਰਟੀ ਆਗੂਆਂ ਨੂੰ ਨਾਲ ਲੈ ਕੇ ਗਵਰਨਰ ਨੂੰ ਮਿਲੇ ਤੇ ਸਰਕਾਰ ਬਣਾਉਣ ਦੀ ਇੱਛਾ ਜ਼ਾਹਰ ਕੀਤੀ। ਜਦ ਗਵਰਨਰ ਨੇ ਹਮਾਇਤੀਆਂ ਦੀਆਂ ਚਿੱਠੀਆਂ ਮੰਗੀਆਂ ਤਾਂ ਆਦਿੱਤਿਆ ਨੇ 48 ਘੰਟਿਆਂ ਦਾ ਸਮਾਂ ਦੇਣ ਦੀ ਮੰਗ ਕੀਤੀ, ਜਿਹੜੀ ਗਵਰਨਰ ਨੇ ਰੱਦ ਕਰ ਦਿੱਤੀ। ਗਵਰਨਰ ਨੇ ਕਿਹਾ ਕਿ ਉਹ ਪਹਿਲਾਂ ਹੀ ਸਮਾਂ ਦੇ ਚੁੱਕੇ ਹਨ। ਇਸ ਤੋਂ ਬਾਅਦ ਗਵਰਨਰ ਨੇ ਫੋਨ ਕਰਕੇ ਤੀਜੀ ਸਭ ਤੋਂ ਵੱਡੀ ਪਾਰਟੀ ਐੱਨ ਸੀ ਪੀ ਦੇ ਆਗੂ ਅਜੀਤ ਪਵਾਰ ਨੂੰ ਰਾਜ ਭਵਨ ਸੱਦ ਲਿਆ।
ਕਾਂਗਰਸ ਨੇ ਸ਼ਿਵ ਸੈਨਾ ਨੂੰ ਹਮਾਇਤ ਅੰਤਲੇ ਛਿਣਾਂ ਵਿਚ ਰੋਕ ਲਈ। ਕਾਂਗਰਸ ਨੇ ਲੰਮੇ ਵਿਚਾਰ-ਵਟਾਂਦਰੇ ਤੋਂ ਬਾਅਦ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਉਹ ਮੰਗਲਵਾਰ ਐੱਨ ਸੀ ਪੀ ਨਾਲ ਹੋਰ ਗੱਲਬਾਤ ਕਰਨਾ ਚਾਹੁੰਦੀ ਹੈ। ਬਿਆਨ ਮੁਤਾਬਕ ਕਾਂਗਰਸ ਪ੍ਰਧਾਨ (ਸੋਨੀਆ ਗਾਂਧੀ) ਨੇ ਸ਼ਰਦ ਪਵਾਰ ਨਾਲ ਗੱਲ ਕੀਤੀ ਹੈ ਤੇ ਪਾਰਟੀ ਅੱੈਨ ਸੀ ਪੀ ਨਾਲ ਹੋਰ ਗੱਲ ਕਰਨੀ ਚਾਹੁੰਦੀ ਹੈ।
ਇਸ ਤੋਂ ਪਹਿਲਾਂ ਰਿਪੋਰਟਾਂ ਸਨ ਕਿ ਕਾਂਗਰਸ ਬਾਹਰੋਂ ਹਮਾਇਤ ਦੇਣ ਲਈ ਮੰਨ ਗਈ ਹੈ। ਊਧਵ ਠਾਕਰੇ ਦੀ ਸੋਨੀਆ ਗਾਂਧੀ ਨਾਲ ਫੋਨ 'ਤੇ ਗੱਲਬਾਤ ਹੋਈ ਸੀ। ਸ਼ਾਮੀਂ ਕਾਂਗਰਸ ਨੇ ਆਪਣੇ 44 ਵਿਧਾਇਕਾਂ ਦੇ ਦਸਤਖਤਾਂ ਵਾਲਾ ਹਮਾਇਤੀ ਪੱਤਰ ਸ਼ਿਵ ਸੈਨਾ ਨੂੰ ਭੇਜ ਦਿੱਤਾ ਹੈ।
ਇਸੇ ਦੌਰਾਨ ਦਿਨੇ ਊਧਵ ਠਾਕਰੇ ਆਪਣੇ ਬੇਟੇ ਆਦਿੱਤਿਆ ਠਾਕਰੇ ਨਾਲ ਐੱਨ ਸੀ ਪੀ ਆਗੂ ਸ਼ਰਦ ਪਵਾਰ ਨੂੰ ਮਿਲੇ। ਐੱਨ ਸੀ ਪੀ ਨੇ ਐਤਵਾਰ ਹੀ ਕਹਿ ਦਿੱਤਾ ਸੀ ਕਿ ਸ਼ਿਵ ਸੈਨਾ ਭਾਜਪਾ ਨਾਲੋਂ ਸੰਬੰਧ ਤੋੜ ਕੇ ਐੱਨ ਡੀ ਏ ਤੋਂ ਬਾਹਰ ਆ ਜਾਂਦੀ ਹੈ ਤਾਂ ਘੱਟੋ-ਘੱਟ ਸਾਂਝੇ ਪ੍ਰੋਗਰਾਮ ਦੇ ਆਧਾਰ 'ਤੇ ਉਹ ਉਸ ਦੀ ਹਮਾਇਤ ਕਰਨ ਲਈ ਤਿਆਰ ਹੈ।
ਸ਼ਿਵ ਸੈਨਾ ਦੇ ਇੱਕੋ-ਇਕ ਮੰਤਰੀ ਅਰਵਿੰਦ ਸਾਵੰਤ ਨੇ ਸਵੇਰੇ ਮੋਦੀ ਸਰਕਾਰ ਤੋਂ ਅਸਤੀਫਾ ਦੇ ਦਿੱਤਾ ਸੀ।
ਸੋਨੀਆ ਗਾਂਧੀ ਨੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀਆਂ ਅਸ਼ੋਕ ਚਵਾਨ, ਪ੍ਰਿਥਵੀ ਰਾਜ, ਸੁਸ਼ੀਲ ਕੁਮਾਰ ਸ਼ਿੰਦੇ ਅਤੇ ਸੂਬਾ ਪ੍ਰਧਾਨ ਬਾਲਾ ਸਾਹਿਬ ਥੋਰਾਟ ਨਾਲ ਲੰਮਾ ਵਿਚਾਰ-ਵਟਾਂਦਰਾ ਕੀਤਾ। ਪਾਰਟੀ ਦੀ ਵਰਕਿੰਗ ਕਮੇਟੀ ਦੀ ਸੋਨੀਆ ਦੀ ਰਿਹਾਇਸ਼ਗਾਹ 'ਤੇ ਦਿਨੇ ਹੋਈ ਮੀਟਿੰਗ ਵਿਚ ਫੈਸਲਾ ਨਹੀਂ ਹੋ ਸਕਿਆ ਸੀ। ਸ਼ਾਮੀਂ ਚਾਰ ਵਜੇ ਦੁਬਾਰਾ ਮੀਟਿੰਗ ਕੀਤੀ ਗਈ। ਦਰਅਸਲ ਸੋਨੀਆ 'ਤੇ ਇਹ ਦਬਾਅ ਹੈ ਕਿ ਵਿਧਾਇਕ ਤਾਜ਼ਾ ਚੋਣਾਂ ਦੇ ਹੱਕ ਵਿਚ ਨਹੀਂ ਹਨ। ਸੋਨੀਆ ਨੇ ਜੈਪੁਰ ਵਿਚ ਠਹਿਰੇ ਵਿਧਾਇਕਾਂ ਨਾਲ ਫੋਨ 'ਤੇ ਗੱਲਬਾਤ ਕੀਤੀ ਸੀ। ਸ਼ਿਵ ਸੈਨਾ ਆਗੂ ਸੰਜੇ ਰਾਉਤ ਨੇ ਐਤਵਾਰ ਕਿਹਾ ਸੀ ਕਿ ਸੋਨੀਆ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਮਹਾਰਾਸ਼ਟਰ ਦੀ ਦੁਸ਼ਮਣ ਨਹੀਂ ਹੈ।
288 ਮੈਂਬਰੀ ਅਸੰਬਲੀ ਵਿਚ ਬਹੁਮਤ ਸਾਬਤ ਕਰਨ ਲਈ 145 ਮੈਂਬਰਾਂ ਦੀ ਲੋੜ ਪੈਣੀ ਹੈ। ਸ਼ਿਵ ਸੈਨਾ ਦੇ 56, ਐੱਨ ਸੀ ਪੀ ਦੇ 54 ਤੇ ਕਾਂਗਰਸ ਦੇ 44 ਵਿਧਾਇਕ ਮਿਲਾ ਕੇ 154 ਬਣ ਜਾਂਦੇ ਹਨ। ਭਾਜਪਾ ਨੇ ਸੰਨ੍ਹ ਨਾ ਲਾਈ ਤਾਂ ਉਨ੍ਹਾਂ ਦੀ ਸਰਕਾਰ ਬਹੁਮਤ ਹਾਸਲ ਕਰ ਸਕਦੀ ਹੈ।

187 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper