ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਦੇਸ਼ ਦੀ ਅਰਥ-ਵਿਵਸਥਾ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਹੈ ਕਿ ਵਿਕਾਸ ਦਰ ਪਿਛਲੇ 15 ਸਾਲ ਦੇ ਸਭ ਤੋਂ ਹੇਠਲੇ ਪੱਧਰ 'ਤੇ ਪੁੱਜ ਗਈ ਹੈ, ਬੇਰੁਜ਼ਗਾਰੀ ਦਰ 45 ਸਾਲਾਂ ਦੀ ਉਤਲੀ ਪੱਧਰ 'ਤੇ ਪੁੱਜ ਗਈ ਹੈ, ਘਰੇਲੂ ਮੰਗ ਚਾਰ ਦਹਾਕਿਆਂ ਦੇ ਹੇਠਲੇ ਪੱਧਰ 'ਤੇ ਹੈ, ਬੈਂਕਾਂ 'ਤੇ ਡੁੱਬਦੇ ਕਰਜ਼ਿਆਂ ਦਾ ਬੋਝ ਪਹਿਲਾਂ ਕਿਸੇ ਵੀ ਸਮੇਂ ਨਾਲੋਂ ਸਭ ਤੋਂ ਵੱਧ ਹੈ, ਬਿਜਲੀ ਦੀ ਮੰਗ 15 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 'ਤੇ ਪੁੱਜ ਗਈ ਹੈ, ਕੁਲ-ਮਿਲਾ ਕੇ ਅਰਥ-ਵਿਵਸਥਾ ਦੀ ਹਾਲਤ ਬੇਹੱਦ ਗੰਭੀਰ ਹੈ। ਉਨ੍ਹਾ 'ਦੀ ਹਿੰਦੂ' ਅਖਬਾਰ ਵਿਚ ਲਿਖੇ ਲੇਖ ਵਿਚ ਇਹ ਵੀ ਕਿਹਾ ਕਿ ਉਹ ਆਪੋਜ਼ੀਸ਼ਨ ਦੇ ਆਗੂ ਦੇ ਰੂਪ ਵਿਚ ਇਹ ਨਹੀਂ ਕਹਿ ਰਹੇ।
ਡਾ. ਮਨਮੋਹਨ ਸਿੰਘ ਦਾ ਲੇਖ ਉਦੋਂ ਛਪਿਆ ਹੈ, ਜਦ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਸੰਸਦ ਦੇ ਸਰਦ ਰੁੱਤ ਅਜਲਾਸ ਦੇ ਪਹਿਲੇ ਦਿਨ ਕਿਹਾ ਕਿ ਦੇਸ਼ ਦੀ ਆਰਥਕ ਹਾਲਤ ਠੀਕ ਹੈ। ਕੁਲ ਘਰੇਲੂ ਉਤਪਾਦਨ ਦੀ ਵਿਕਾਸ ਦਰ 7.5 ਫੀਸਦੀ ਦੇ ਹਿਸਾਬ ਨਾਲ ਵਧ ਰਹੀ ਹੈ, ਜੋ ਕਿ ਜੀ-20 ਦੇਸ਼ਾਂ ਵਿਚ ਸਭ ਤੋਂ ਵੱਧ ਹੈ।
ਡਾ. ਮਨਮੋਹਨ ਸਿੰਘ ਨੇ ਲਿਖਿਆ ਹੈ ਕਿ ਦੇਸ਼ ਦੀਆਂ ਤਮਾਮ ਸੰਸਥਾਵਾਂ ਤੇ ਸਰਕਾਰ ਪ੍ਰਤੀ ਲੋਕਾਂ ਦਾ ਵਿਸ਼ਵਾਸ ਘਟਿਆ ਹੈ। ਆਰਥਕ ਸੁਸਤੀ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇਹ ਇਕ ਕਾਰਨ ਹੈ। ਅਰਥ-ਵਿਵਸਥਾ ਕਿਸੇ ਵੀ ਦੇਸ਼ ਦੀ ਸਮਾਜੀ ਸਥਿਤੀ ਨੂੰ ਦਰਸਾਉਂਦੀ ਹੈ। ਅਰਥ-ਵਿਵਸਥਾ ਲਈ ਇਹ ਬੇਹੱਦ ਅਹਿਮ ਹੁੰਦਾ ਹੈ ਕਿ ਉਸ ਦੇਸ਼ ਦੇ ਲੋਕ ਉਥੋਂ ਦੇ ਸੰਸਥਾਨਾਂ 'ਤੇ ਕਿੰਨਾ ਭਰੋਸਾ ਕਰਦੇ ਹਨ। ਇਹ ਸੰਬੰਧ ਜਿੰਨਾ ਮਜ਼ਬੂਤ ਹੋਵੇਗਾ, ਅਰਥ-ਵਿਵਸਥਾ ਦੀ ਨੀਂਹ ਓਨੀ ਮਜ਼ਬੂਤ ਹੋਵੇਗੀ।
ਉਨ੍ਹਾ ਕਿਹਾ ਕਿ ਦੇਸ਼ ਦੇ ਕਈ ਵੱਡੇ ਸਨਅਤਕਾਰ ਖੁਦ ਨੂੰ ਡਰੇ ਮਹਿਸੂਸ ਕਰ ਰਹੇ ਹਨ। ਉਹ ਸਰਕਾਰੀ ਤੰਤਰ ਤੋਂ ਡਰਨ ਲੱਗੇ ਹਨ। ਡਰ ਦੇ ਮਾਹੌਲ ਕਾਰਨ ਬੈਂਕਰ ਕਰਜ਼ੇ ਦੇਣ ਵਿਚ ਹਿਚਕਚਾ ਰਹੇ ਹਨ, ਸਨਅਤਕਾਰ ਨਵੇਂ ਪਲਾਂਟ ਤੇ ਪ੍ਰੋਜੈਕਟ ਸ਼ੁਰੂ ਕਰਨ ਤੋਂ ਡਰ ਰਹੇ ਹਨ, ਟੈਕਨਾਲੋਜੀ ਸਟਾਰਟਅਪ ਸਰਵੀਲਾਂਸ (ਨਿਗਾਹਬਾਨੀ) ਕਾਰਨ ਡਰ ਰਹੇ ਹਨ, ਸਰਕਾਰੀ ਏਜੰਸੀਆਂ ਤੇ ਸੰਸਥਾਨਾਂ ਦੇ ਅਧਿਕਾਰੀ ਸੱਚ ਬੋਲਣ ਤੋਂ ਡਰ ਰਹੇ ਹਨ।
ਇਹ ਅਜਿਹੇ ਲੋਕ ਹਨ, ਜਿਹੜੇ ਅਰਥ-ਵਿਵਸਥਾ ਦੀ ਗੱਡੀ ਦੇ ਪਹੀਏ ਦੀ ਤਰ੍ਹਾਂ ਕੰਮ ਕਰਦੇ ਹਨ, ਪਰ ਹਰ ਕੋਈ ਡਰਿਆ ਹੋਇਆ ਹੈ ਤੇ ਵਿਕਾਸ ਦੀ ਗੱਡੀ ਦੀ ਰਫਤਾਰ ਸੁਸਤ ਹੋ ਗਈ ਹੈ।