Latest News
ਸੋਨੀਆ ਨਾਲ ਸਰਕਾਰ ਬਣਾਉਣ ਬਾਰੇ ਗੱਲ ਨਹੀਂ ਹੋਈ : ਪਵਾਰ

Published on 18 Nov, 2019 11:15 AM.


ਨਵੀਂ ਦਿੱਲੀ : ਐੱਨ ਸੀ ਪੀ ਆਗੂ ਸ਼ਰਦ ਪਵਾਰ ਦੀ ਸੋਨੀਆ ਗਾਂਧੀ ਨਾਲ ਸੋਮਵਾਰ ਲੱਗਭੱਗ 50 ਮਿੰਟ ਦੀ ਮੁਲਾਕਾਤ ਤੋਂ ਬਾਅਦ ਕਾਂਗਰਸ ਨੇ ਕਿਹਾ ਕਿ ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਲਈ ਅਜੇ ਹੋਰ ਗੱਲਬਾਤ ਹੋਵੇਗੀ। ਕਾਂਗਰਸ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਟਵੀਟ ਕੀਤਾ ਕਿ ਸ਼ਰਦ ਪਵਾਰ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਅਤੇ ਮਹਾਰਾਸ਼ਟਰ ਦੀ ਸਥਿਤੀ ਤੋਂ ਜਾਣੂੰ ਕਰਾਇਆ। ਇਹ ਫੈਸਲਾ ਹੋਇਆ ਕਿ ਐੱਨ ਸੀ ਪੀ ਤੇ ਕਾਂਗਰਸ ਦੇ ਨੁਮਾਇੰਦੇ ਇਕ-ਦੋ ਦਿਨਾਂ ਵਿਚ ਦਿੱਲੀ ਵਿਚ ਮਿਲਣਗੇ।
ਪਵਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਬਣਾਉਣ ਲਈ ਕੋਈ ਗੱਲ ਨਹੀਂ ਹੋਈ। ਉਨ੍ਹਾ ਸੋਨੀਆ ਗਾਂਧੀ ਨੂੰ ਸਿਰਫ ਸੂਬੇ ਦੇ ਹਾਲਾਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾ ਇਹ ਵੀ ਕਿਹਾ ਕਿ ਸ਼ਿਵ ਸੈਨਾ ਨਾਲ ਘੱਟੋ-ਘੱਟ ਸਾਂਝੇ ਪ੍ਰੋਗਰਾਮ 'ਤੇ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾ ਸ਼ਿਵ ਸੈਨਾ ਨੂੰ ਸਰਕਾਰ ਬਣਾਉਣ ਦਾ ਭਰੋਸਾ ਦੇਣ ਤੋਂ ਵੀ ਇਨਕਾਰ ਕੀਤਾ। ਸ਼ਿਵ ਸੈਨਾ ਆਗੂ ਸੰਜੇ ਰਾਉਤ ਦੇ 170 ਵਿਧਾਇਕਾਂ ਦੀ ਹਮਾਇਤ ਬਾਰੇ ਬਿਆਨ 'ਤੇ ਪਵਾਰ ਨੇ ਕਿਹਾ ਕਿ ਇਹ ਉਨ੍ਹਾ ਤੋਂ ਹੀ ਪੁੱਛੋ। ਉਨ੍ਹਾ ਕਿਹਾ ਕਿ ਇਹ ਖਬਰਾਂ ਹਨ ਕਿ ਸਿਰਫ ਅੱੈਨ ਸੀ ਪੀ ਤੇ ਕਾਂਗਰਸ ਹੀ ਮਿਲ ਕੇ ਗੱਲਾਂ ਕਰਦੀਆਂ ਹਨ। ਇਸ ਲਈ ਹੁਣ ਸਵਾਭੀਮਾਨ ਪਕਸ਼ ਦੇ ਰਾਜੂ ਸ਼ੈਟੀ, ਸਮਾਜਵਾਦੀ ਪਾਰਟੀ ਤੇ ਹੋਰਨਾਂ ਪਾਰਟੀਆਂ ਨੂੰ ਵੀ ਭਰੋਸੇ ਵਿਚ ਲਿਆ ਜਾਵੇਗਾ।
ਪਵਾਰ ਨੇ ਸਵੇਰੇ ਸੰਸਦ ਦੇ ਸਰਦ ਰੁੱਤ ਅਜਲਾਸ ਦੀ ਸ਼ੁਰੂਆਤ ਤੋਂ ਪਹਿਲਾਂ ਇਹ ਬਿਆਨ ਦੇ ਕੇ ਬੇਯਕੀਨੀ ਜਿਹੀ ਪੈਦਾ ਕਰ ਦਿੱਤੀ ਸੀ ਕਿ ਮਹਾਰਾਸ਼ਟਰ ਵਿਚ ਸਰਕਾਰ ਬਣਾਉਣ ਦਾ ਦਾਅਵਾ ਕਰਨ ਵਾਲੀਆਂ ਸਾਰੀਆਂ ਪਾਰਟੀਆਂ ਨੂੰ ਆਪਣਾ-ਆਪਣਾ ਰਾਹ ਚੁਣਨਾ ਚਾਹੀਦਾ। ਭਾਜਪਾ ਤੇ ਸ਼ਿਵ ਸੈਨਾ ਮਿਲ ਕੇ ਚੋਣਾਂ ਲੜੀਆਂ ਸਨ। ਇਸੇ ਤਰ੍ਹਾਂ ਐੱਨ ਸੀ ਪੀ ਤੇ ਕਾਂਗਰਸ ਮਿਲ ਕੇ ਲੜੀਆਂ ਸਨ। ਉਹ ਆਪਣਾ ਰਾਹ ਚੁਣਨ, ਅਸੀਂ ਆਪਣੀ ਸਿਆਸਤ ਕਰਾਂਗੇ। ਜਦੋਂ ਪੱਤਰਕਾਰ ਨੇ ਉਨ੍ਹਾ ਨੂੰ ਪੁੱਛਿਆ ਕਿ ਸ਼ਿਵ ਸੈਨਾ ਦਾ ਦਾਅਵਾ ਹੈ ਕਿ ਉਹ ਐੱਨ ਸੀ ਪੀ ਦੀ ਹਮਾਇਤ ਨਾਲ ਸਰਕਾਰ ਬਣਾਏਗੀ, ਤਾਂ ਉਨ੍ਹਾ ਭੇਦਭਰੀ ਮੁਸਕਾਨ ਨਾਲ ਕਿਹਾ, 'ਸੱਚੀਂ।'
ਇਸੇ ਦਰਮਿਆਨ ਰਿਪਬਲੀਕਨ ਪਾਰਟੀ ਆਫ ਇੰਡੀਆ ਦੇ ਪ੍ਰਧਾਨ ਰਾਮਦਾਸ ਅਠਾਵਲੇ ਨੇ ਇਹ ਸ਼ੁਰਲੀ ਛੱਡੀ ਹੈ ਕਿ ਉਨ੍ਹਾ ਸ਼ਿਵ ਸੈਨਾ ਆਗੂ ਸੰਜੇ ਰਾਉਤ ਨੂੰ ਤਿੰਨ ਸਾਲ ਭਾਜਪਾ ਤੇ ਦੋ ਸਾਲ ਸ਼ਿਵ ਸੈਨਾ ਦੇ ਮੁੱਖ ਮੰਤਰੀ ਦਾ ਫਾਰਮੂਲਾ ਸੁਝਾਇਆ ਹੈ। ਰਾਉਤ ਨੇ ਕਿਹਾ ਕਿ ਜੇ ਭਾਜਪਾ ਤਿਆਰ ਹੈ ਤਾਂ ਸ਼ਿਵ ਸੈਨਾ ਵਿਚਾਰ ਕਰ ਸਕਦੀ ਹੈ। ਹੁਣ ਉਹ ਭਾਜਪਾ ਨਾਲ ਇਸ ਬਾਰੇ ਚਰਚਾ ਕਰਨਗੇ।

355 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper