Latest News
ਪੰਜਾਬ ਦੀ ਆਰਥਕ ਤੇ ਸਮਾਜੀ ਹਾਲਤ ਤਬਾਹੀ ਦੇ ਕੰਢੇ 'ਤੇ : ਬੰਤ ਬਰਾੜ

Published on 02 Dec, 2019 11:11 AM.


ਚੰਡੀਗੜ੍ਹ : ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਨੇ ਪੰਜਾਬ ਨੂੰ ਆਰਥਕ ਅਤੇ ਸਮਾਜਕ ਤੌਰ 'ਤੇ ਬਰਬਾਦੀ ਦੇ ਕੰਢੇ 'ਤੇ ਖੜ੍ਹਾ ਕਰ ਦਿਤਾ ਹੈ। ਸੋਮਵਾਰ ਇਥੇ ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਹੋਇਆਂ ਆਖਿਆ ਹੈ ਕਿ ਉਹਨਾਂ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਆਰਥਕ ਅਤੇ ਸਮਾਜਕ ਤੌਰ 'ਤੇ ਅਤੀ ਭਿਆਨਕ ਦੌਰ ਵਿਚੋਂ ਨਿਕਲ ਰਿਹਾ ਹੈ। ਹਾਲਾਤ ਏਨੇ ਮਾੜੇ ਹੋ ਗਏ ਹਨ ਕਿ ਪੰਜਾਬ ਦੇ 3.5 ਲੱਖ ਮੁਲਾਜ਼ਮਾਂ ਅਤੇ 1.5 ਲੱਖ ਪੈਨਸ਼ਨਰਾਂ ਨੂੰ ਤਨਖਾਹਾਂ ਦੇਣ ਜੋਗੇ ਪੈਸੇ ਵੀ ਨਹੀਂ ਹਨ। ਕਈ ਵਿਭਾਗਾਂ ਦੇ ਕਰਮਚਾਰੀਆਂ ਨੂੰ ਪਿਛਲੇ ਮਹੀਨਿਆਂ ਦੀਆਂ ਤਨਖਾਹਾਂ ਵੀ ਨਹੀਂ ਦਿਤੀਆਂ ਗਈਆਂ। ਉਹਨਾ ਕਿਹਾ ਕਿ ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੰਨਿਆ ਹੈ ਕਿ ਪੰਜਾਬ ਸਰਕਾਰ ਕੋਲ ਵਿਕਾਸ ਦੇ ਕੰਮਾਂ ਅਤੇ ਦੂਜੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਲਈ ਕੋਈ ਰਕਮ ਨਹੀਂ ਹੈ। ਸਾਥੀ ਬਰਾੜ ਨੇ ਕਿਹਾ ਕਿ ਇਹ ਠੀਕ ਹੈ ਕਿ ਕੇਂਦਰ ਸਰਕਾਰ ਨੇ ਜੀ ਐੱਸ ਟੀ ਲਾ ਕੇ ਸੂਬਿਆਂ ਦੇ ਅਧਿਕਾਰਾਂ ਨੂੰ ਹੜੱਪ ਲਿਆ ਹੈ ਤੇ ਹੁਣ ਉਹ ਪੰਜਾਬ ਦਾ ਬਣਦਾ ਹਿੱਸਾ ਵੀ ਵਕਤ ਸਿਰ ਨਹੀਂ ਦੇ ਰਹੀ। ਪੰਜਾਬ ਦੇ ਜੀ ਐੱਸ ਟੀ ਦੇ ਹਿੱਸੇ 17109 ਕਰੋੜ ਵਿਚੋਂ ਸਤੰਬਰ ਤੱਕ ਸਿਰਫ 6647 ਕਰੋੜ ਰੁਪਏ ਹੀ ਪਹੁੰਚੇ ਹਨ। ਕੇਂਦਰ ਪੰਜਾਬ ਸਿਰ ਚੜ੍ਹੇ 2 ਲੱਖ ਕਰੋੜ ਤੱਕ ਦੇ ਕਰਜ਼ ਤੋਂ ਮੁਕਤ ਕਰਨ ਲਈ ਜਾਣ-ਬੁਝ ਕੇ ਵਿਸ਼ੇਸ਼ ਪੈਕੇਜ ਨਾ ਦੇ ਕੇ ਹਾਲਤ ਨੂੰ ਵਿਗਾੜਨ ਵਿਚ ਹਿੱਸਾ ਪਾ ਰਿਹਾ ਹੈ। ਪੰਜਾਬ ਦੀ ਅਕਾਲੀ ਪਾਰਟੀ ਦੀ ਨੁਮਾਇੰਦਗੀ ਕਰਦੀ ਕੇਂਦਰੀ ਕੈਬਨਿਟ ਮੰਤਰੀ ਇਹਨਾਂ ਸੁਆਲਾਂ ਬਾਰੇ ਖਾਮੋਸ਼ ਬੈਠੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਵੀ ਪਿਛਲੇ ਤਿੰਨ ਸਾਲਾਂ ਵਿਚ ਹਰ ਫਰੰਟ 'ਤੇ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਲੋਕਾਂ ਉਤੇ ਸਾਰੇ ਦੇਸ ਵਿਚੋਂ ਸਭ ਤੋਂ ਵੱਧ ਬਿਜਲੀ ਅਤੇ ਹੋਰ ਟੈਕਸ ਲਾ ਕੇ ਵੀ ਢੁਕਵੇਂ ਸਾਧਨ ਜੁਟਾਉਣ ਵਿਚ ਅਸਫਲ ਰਹੀ ਹੈ, ਜਿਸ ਨੇ ਪੰਜਾਬ ਨੂੰ ਦੀਵਾਲੀਆਪੁਣੇ ਦੇ ਕੰਢੇ ਤੱਕ ਪੁਚਾ ਦਿੱਤਾ ਹੈ।
ਪੰਜਾਬ ਸਰਕਾਰ ਬੁਢਾਪਾ ਪੈਨਸ਼ਨਾਂ, ਉਸਾਰੀ ਮਜ਼ਦੂਰਾਂ, ਮਨਰੇਗਾ, ਸਨਅਤੀ ਮਜ਼ਦੂਰਾਂ ਅਤੇ ਠੇਕੇਦਾਰੀ ਅਧੀਨ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਧਾਉਣ ਬਾਰੇ ਅਤੇ ਉਜਰਤਾਂ ਸਮੇਂ ਸਿਰ ਦੇਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੈ। ਅੰਕੜਿਆਂ ਅਨੁਸਾਰ 5000 ਕਰੋੜ ਰੁਪਏ ਦੇ ਬਿੱਲ ਜਿਹੜੇ ਸਰਕਾਰ ਨੇ ਭੁਗਤਾਨ ਕਰਨੇ ਹਨ, ਉਹ ਵੀ ਨਹੀਂ ਦਿੱਤੇ ਗਏ ਅਤੇ ਦੇਣਦਾਰੀਆਂ ਦਾ ਕਰਜ਼ਾ ਵੀ ਅੱਗੇ ਪਾ ਦਿੱਤਾ ਗਿਆ ਹੈ। ਉਹਨਾ ਆਖਿਆ ਕਿ ਨਸ਼ਾ ਵਪਾਰ, ਭ੍ਰਿਸ਼ਟਾਚਾਰ, ਗੁੰਡਾਗਰਦੀ, ਦਲਿਤਾਂ, ਮਜ਼ਦੂਰਾਂ ਅਤੇ ਕਿਸਾਨਾਂ 'ਤੇ ਅੱਤਿਆਚਾਰ ਵਧਿਆ ਹੈ, ਪਰ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀ, ਜਿਹੜੇ ਆਪ ਇਸ ਤਬਾਹੀ ਦੇ ਜ਼ਿੰਮੇਵਾਰ ਹਨ, ਸਿਰਫ ਇਕ-ਦੂਜੇ 'ਤੇ ਦੂਸ਼ਣਬਾਜ਼ੀ ਨਾਲ ਕੰਮ ਸਾਰ ਰਹੇ ਹਨ। ਉਹਨਾ ਆਖਿਆ ਹੈ ਕਿ ਸੀ ਪੀ ਆਈ ਦੂਜੀਆਂ ਖੱਬੀਆਂ ਪਾਰਟੀਆਂ ਨਾਲ ਮਿਲ ਕੇ ਇਹਨਾਂ ਸੁਆਲਾਂ 'ਤੇ ਜ਼ੋਰਦਾਰ ਸੰਘਰਸ਼ ਕਰੇਗੀ।

126 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper