Latest News
ਅੰਮ੍ਰਿਤਸਰ-ਲੁਧਿਆਣਾ-ਚੰਡੀਗੜ੍ਹ ਕਾਰੀਡੋਰ ਦੀ ਸੰਭਾਵਨਾ ਤਲਾਸ਼ੀ ਜਾਵੇਗੀ

Published on 03 Dec, 2019 11:36 AM.


ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਸਰਕਾਰ ਨੇ ਅੰਮ੍ਰਿਤਸਰ-ਲੁਧਿਆਣਾ-ਚੰਡੀਗੜ੍ਹ-ਕੌਮੀ ਰਾਜਧਾਨੀ ਖੇਤਰ ਕਾਰੀਡੋਰ ਵਿੱਚ ਹਾਈਪਰਲੂਪ ਟਰਾਂਸਪੋਰਟ ਬੁਨਿਆਦੀ ਢਾਂਚਾ ਪ੍ਰੋਜੈਕਟ ਦੀ ਸੰਭਾਵਨਾ ਤਲਾਸ਼ਣ ਦਾ ਫੈਸਲਾ ਕੀਤਾ ਹੈ, ਤਾਂ ਕਿ ਖੇਤਰ ਵਿੱਚ ਅੰਤਰ-ਸ਼ਹਿਰੀ ਆਵਾਜਾਈ ਨੂੰ ਸੁਧਾਰਨ ਦੇ ਨਾਲ-ਨਾਲ ਸੁਚਾਰੂ ਬਣਾਇਆ ਜਾ ਸਕੇ।
ਇਨਵੈਸਟਮੈਂਟ ਪ੍ਰਮੋਸ਼ਨ ਦੇ ਵਧੀਕ ਪ੍ਰਮੁੱਖ ਸਕੱਤਰ ਵਿੰਨੀ ਮਹਾਜਨ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਮੰਗਲਵਾਰ ਲਾਸ ਏਂਜਲਸ ਆਧਾਰਤ ਕੰਪਨੀ ਵਰਜਿਨ ਹਾਈਪਰਲੂਪ ਵਨ ਨਾਲ ਇਕ ਸਮਝੌਤਾ ਸਹੀਬੱਧ ਕੀਤਾ ਹੈ, ਜੋ ਇਸ ਪ੍ਰੋਜੈਕਟ ਲਈ ਆਰਥਕ ਪੱਖੋਂ ਪੂਰਵ ਸੰਭਾਵਨਾਵਾਂ ਘੋਖੇਗੀ। ਇਸ ਕੰਪਨੀ ਨੂੰ ਇਸ ਦੇ ਵੱਡੇ ਨਿਵੇਸ਼ਕਾਰ ਦੁਬਈ ਆਧਾਰਤ ਡੀ ਪੀ ਵਰਲਡ ਵੱਲੋਂ ਸਹਿਯੋਗ ਕੀਤਾ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ ਪੀ ਵਰਲਡ ਸਬ-ਕੌਂਟੀਨੈਂਟ ਦੇ ਸੀ ਈ ਓ ਅਤੇ ਮੈਨੇਜਿੰਗ ਡਾਇਰੈਕਟਰ ਰਿਜ਼ਵਾਨ ਸੂਮਰ ਦੀ ਮੌਜੂਦਗੀ ਵਿੱਚ ਇਸ ਐੱਮ ਓ ਯੂ 'ਤੇ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ ਸ਼ਿਵਾ ਪ੍ਰਸਾਦ ਅਤੇ ਵਰਜਿਨ ਹਾਈਪਰਲੂਪ ਵਨ ਕੰਪਨੀ ਦੇ ਮੱਧ ਪੂਰਬੀ ਅਤੇ ਭਾਰਤ ਦੇ ਮੈਨੇਜਿੰਗ ਡਾਇਰੈਕਟਰ ਹਰਜ ਧਾਲੀਵਾਲ ਨੇ ਦਸਤਖ਼ਤ ਕੀਤੇ।
ਵਰਜਿਨ ਹਾਈਪਰਲੂਪ ਕੰਪਨੀ ਵੱਲੋਂ ਹਰਿਆਣਾ ਸਰਕਾਰ ਨਾਲ ਵੀ ਵੱਖਰਾ ਐੱਮ ਓ ਯੂ ਕੀਤੇ ਜਾਣਾ ਵਿਚਾਰ ਅਧੀਨ ਹੈ, ਤਾਂ ਕਿ ਇਸ ਪ੍ਰਣਾਲੀ ਦੀ ਸੰਭਾਵਨਾ ਦਾ ਮੁਲਾਂਕਣ ਕੀਤਾ ਜਾ ਸਕੇ ਕਿ ਪੰਜਾਬ ਤੋਂ ਇਸ ਦਾ ਰੂਟ ਕੌਮੀ ਰਾਜਧਾਨੀ ਖੇਤਰ ਤੱਕ ਵਧਾਇਆ ਜਾ ਸਕਦਾ ਹੈ। ਇਸ ਕੰਪਨੀ ਦੇ ਅਨੁਮਾਨ ਮੁਤਾਬਕ ਅੰਮ੍ਰਿਤਸਰ-ਲੁਧਿਆਣਾ-ਚੰਡੀਗੜ੍ਹ ਕਾਰੀਡੋਰ ਨਾਲ ਹਾਈਪਰਲੂਪ ਆਵਾਜਾਈ ਪ੍ਰੋਜੈਕਟ ਨਾਲ ਸੜਕ ਰਸਤੇ ਲੱਗਦਾ ਪੰਜ ਘੰਟਿਆਂ ਦਾ ਸਮਾਂ ਘਟ ਕੇ ਅੱਧੇ ਘੰਟੇ ਤੋਂ ਵੀ ਘੱਟ ਰਹਿ ਜਾਵੇਗਾ। ਕੈਪਟਨ ਨੇ ਕਿਹਾ ਕਿ ਹਾਈਪਰਲੂਪ ਸਿਸਟਮ ਦੇ ਨਿਰਮਾਣ ਲਈ ਪੰਜਾਬ ਮਹਾਰਾਸ਼ਟਰ ਤੋਂ ਬਾਅਦ ਮੁਲਕ ਦਾ ਦੂਜਾ ਸੂਬਾ ਬਣਨ ਵਿੱਚ ਗਹਿਰੀ ਦਿਲਚਸਪੀ ਰੱਖਦਾ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਸੂਬੇ ਵਿੱਚ ਹਾਈਪਰਲੂਪ ਪ੍ਰੋਜੈਕਟ ਦੀ ਸੰਭਾਵਨਾ ਤਲਾਸ਼ਣ ਦੀ ਇੱਛਾ ਰੱਖਦੇ ਹਾਂ, ਜਿਸ ਨਾਲ ਮੁਲਕ ਵਿੱਚ ਹੋਰ ਵੱਡੇ ਕੇਂਦਰਾਂ ਨਾਲ ਜੁੜਿਆ ਜਾ ਸਕਦਾ ਹੈ। ਭਵਿੱਖ ਵਿੱਚ ਇਸ ਪ੍ਰੋਜੈਕਟ ਨੂੰ ਪੰਜਾਬ ਤੋਂ ਬਾਹਰ ਐੱਨ ਸੀ ਆਰ ਨਾਲ ਵੀ ਜੋੜਿਆ ਜਾ ਸਕਦਾ ਹੈ।
ਨਿਵੇਸ਼ ਪੰਜਾਬ ਦੇ ਸਲਾਹਕਾਰ ਮੋਸ਼ੇ ਕੋਹਲੀ ਮੁਤਾਬਕ ਹਾਈਪਰਲੂਪ ਪ੍ਰੋਜੈਕਟ ਦਾ ਪੂਰਵ ਸੰਭਾਵਿਤ ਅਧਿਐਨ ਛੇ ਹਫ਼ਤਿਆਂ ਵਿੱਚ ਮੁਕੰਮਲ ਹੋ ਜਾਵੇਗਾ। ਇਸ ਵਿੱਚ ਪ੍ਰੋਜੈਕਟ ਦੀ ਕੀਮਤ ਮੰਗ ਅਤੇ ਕਾਰੀਡੋਰ ਦੇ ਸਮਾਜਕ, ਆਰਥਕ ਲਾਭ ਵਰਗੇ ਵੱਖ-ਵੱਖ ਪਹਿਲੂਆਂ ਦਾ ਮੁਲਾਂਕਣ ਕੀਤਾ ਜਾਵੇਗਾ। ਉਨ੍ਹਾ ਕਿਹਾ, 'ਮੈਂ ਮੁੱਖ ਮੰਤਰੀ, ਮੰਤਰੀਆਂ ਅਤੇ ਸਰਕਾਰ ਦੇ ਅਧਿਕਾਰੀਆਂ ਤੋਂ ਇਲਾਵਾ ਇਨਵੈੱਸਟਮੈਂਟ ਪ੍ਰਮੋਸ਼ਨ ਬਿਊਰੋ ਦੇ ਆਪਣੇ ਸਾਥੀਆਂ ਅਤੇ ਖਾਸ ਤੌਰ 'ਤੇ ਵਰਜਿਨ ਹਾਈਪਰਲੂਪ ਕੰਪਨੀ ਦੇ ਐੱਮ ਡੀ ਹਰਜ ਧਾਲੀਵਾਲ ਅਤੇ ਉਸ ਦੀ ਟੀਮ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਇਸ ਪ੍ਰੋਜੈਕਟ ਨੂੰ ਸੰਭਵ ਬਣਾਉਣ ਲਈ ਸਖ਼ਤ ਮਿਹਨਤ ਕੀਤੀ।' ਹਰਜ ਧਾਲੀਵਾਲ ਨੇ ਕਿਹਾ ਕਿ ਇਸ ਪ੍ਰੋਜੈਕਟ 'ਤੇ ਕੰਮ ਕਰਨ ਲਈ ਪੰਜਾਬ ਸਰਕਾਰ ਦਾ ਭਾਈਵਾਲ ਬਣਨ ਦੀ ਸਾਨੂੰ ਬਹੁਤ ਖੁਸ਼ੀ ਹੈ। ਪੰਜਾਬ ਵਿੱਚ ਇਕ ਹਾਈਪਰਲੂਪ ਰੂਟ ਸੂਬੇ ਲਈ ਵੱਡਾ ਬਦਲਾਅ ਲਿਆ ਸਕਦਾ ਹੈ ਅਤੇ ਅਸੀਂ ਇਸ ਪ੍ਰੋਜੈਕਟ ਲਈ ਅੱਗੇ ਵਧਣਾ ਚਾਹੁੰਦੇ ਹਾਂ, ਜਿਵੇਂ ਕਿ ਅਸੀਂ ਮਹਾਰਾਸ਼ਟਰ ਵਿੱਚ ਕੀਤਾ ਹੈ। ਇਸ ਬੁਨਿਆਦੀ ਢਾਂਚਾ ਪ੍ਰੋਜੈਕਟ ਰਾਹੀਂ ਪੰਜਾਬ ਦੇ ਵੱਡੇ ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ ਅਤੇ ਚੰਡੀਗੜ੍ਹ ਨੂੰ ਉੱਤਰ ਭਾਰਤ ਵਿੱਚ ਬਾਕੀ ਥਾਵਾਂ ਨਾਲ ਜੋੜਣ ਵਿੱਚ ਆਰਥਕ ਤੌਰ 'ਤੇ ਅਥਾਹ ਸਮਰੱਥਾ ਹੈ। ਰਿਜ਼ਵਾਨ ਸੂਮਰ ਨੇ ਕਿਹਾ ਕਿ ਡੀ ਪੀ ਵਰਲਡ ਅਤੇ ਵਰਜਿਨ ਹਾਈਪਰਲੂਪ ਨੂੰ ਪੰਜਾਬ ਸਰਕਾਰ ਨਾਲ ਵਿਚਾਰ-ਵਟਾਂਦਰਾ ਕਰ ਕੇ ਬਹੁਤ ਖੁਸ਼ੀ ਹੋਈ ਹੈ। ਮੁਲਕ ਵਿੱਚ ਮਹਾਰਾਸ਼ਟਰ ਤੋਂ ਬਾਅਦ ਸੰਭਾਵਿਤ ਕੌਮੀ ਹਾਈਪਰਲੂਪ ਨੈੱਟਵਰਕ ਲਈ ਪੰਜਾਬ ਦੂਜਾ ਸੂਬਾ ਹੋਵੇਗਾ। ਡੀ ਪੀ ਵਰਲਡ ਹਾਈਪਰਲੂਪ ਦੀ ਸ਼ੁਰੂਆਤ ਲਈ ਅਥਾਹ ਸੰਭਾਵਨਾਵਾਂ ਦੇਖਦਾ ਹੈ ਅਤੇ ਕਾਰਗੋ ਦੇ ਤੇਜ਼ੀ ਨਾਲ ਚੱਲਣ ਲਈ ਹਾਈਪਰਲੂਪ ਤਕਨਾਲੋਜੀ ਦਾ ਲਾਭ ਉਠਾਉਣ ਵਾਸਤੇ ਡੀ ਪੀ ਵਰਲਡ ਕਾਰਗੋ ਸਪੀਡ ਵਰਗੀਆਂ ਨਵੀਨਤਾਵਾਂ ਨੂੰ ਲਾਗੂ ਕਰਨ ਵਿੱਚ ਮੋਹਰੀ ਹੈ।

241 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper