Latest News
ਆਪਣੇ ਕਹੇ 'ਤੇ ਮੁਆਫੀ ਮੰਗ ਲੈਂਦਾ ਹਾਂ, ਪਰ ਹੈਂਕੜਪੁਣਾ ਸੁਪਰੀਮ ਕੋਰਟ ਨੂੰ ਤਬਾਹ ਕਰ ਰਿਹੈ : ਜਸਟਿਸ ਅਰੁਣ ਮਿਸ਼ਰਾ

Published on 05 Dec, 2019 11:22 AM.


ਨਵੀਂ ਦਿੱਲੀ : ਸੁਪਰੀਮ ਕੋਰਟ ਦੇ ਜਸਟਿਸ ਅਰੁਣ ਮਿਸ਼ਰਾ ਨੇ ਸੀਨੀਅਰ ਐਡਵੋਕੇਟ ਗੋਪਾਲ ਸ਼ੰਕਰ ਨਾਰਾਇਣਨ ਨੂੰ ਹੱਤਕ ਅਦਾਲਤ ਦੀ ਧਮਕੀ ਦੇਣ ਦੇ ਮਾਮਲੇ ਵਿਚ ਵੀਰਵਾਰ ਕਿਹਾ ਕਿ ਜੇ ਕਿਸੇ ਨੂੰ ਠੇਸ ਪੁੱਜੀ ਹੈ ਤਾਂ ਉਹ ਮੁਆਫੀ ਮੰਗਣ ਲਈ ਤਿਆਰ ਹਨ, ਪਰ ਹੈਂਕੜਪੁਣਾ ਇਸ ਮਹਾਨ ਸੰਸਥਾ ਨੂੰ ਨਸ਼ਟ ਕਰ ਰਿਹਾ ਹੈ ਤੇ ਇਸ ਨੂੰ ਬਚਾਉਣਾ ਬਾਰ ਦਾ ਫਰਜ਼ ਹੈ। ਦਰਅਸਲ ਮੰਗਲਵਾਰ ਜ਼ਮੀਨ ਐਕੁਆਇਰਿੰਗ ਦੇ ਮਾਮਲੇ ਦੀ ਜਸਟਿਸ ਮਿਸ਼ਰਾ ਦੀ ਅਗਵਾਈ ਵਾਲੀ ਪੰਜ ਮੈਂਬਰੀ ਸੰਵਿਧਾਨਕ ਬੈਂਚ ਸੁਣਵਾਈ ਕਰ ਰਿਹਾ ਸੀ। ਨਾਰਾਇਣਨ ਦਲੀਲਾਂ ਦੇ ਰਹੇ ਸਨ। ਜਸਟਿਸ ਮਿਸ਼ਰਾ ਨੇ ਉਨ੍ਹਾ ਨੂੰ ਦਲੀਲਾਂ ਨਾ ਦੁਹਰਾਉਣ ਲਈ ਕਿਹਾ ਤਾਂ ਨੋਕ-ਝੋਕ ਹੋ ਗਈ। ਇਸ ਦੌਰਾਨ ਜਸਟਿਸ ਮਿਸ਼ਰਾ ਨੇ ਉਨ੍ਹਾ ਵਿਰੁੱਧ ਹੱਤਕ ਅਦਾਲਤ ਦੀ ਕਾਰਵਾਈ ਦੀ ਚਿਤਾਵਨੀ ਦੇ ਦਿੱਤੀ। ਇਸ ਤੋਂ ਬਾਅਦ ਨਾਰਾਇਣਨ ਕੋਰਟ ਵਿਚੋਂ ਨਿਕਲ ਗਏ। ਸੁਪਰੀਮ ਕੋਰਟ ਦੇ ਵਕੀਲਾਂ ਨੇ ਵੀਰਵਾਰ ਜਸਟਿਸ ਮਿਸ਼ਰਾ ਨੂੰ ਬੇਨਤੀ ਕੀਤੀ ਕਿ ਉਹ ਵਕੀਲਾਂ ਨਾਲ ਗੱਲ ਕਰਦਿਆਂ ਥੋੜ੍ਹਾ ਸੰਜਮ ਵਰਤਿਆ ਕਰਨ। ਜਸਟਿਸ ਮਿਸ਼ਰਾ ਤੇ ਜਸਟਿਸ ਐੱਮ ਆਰ ਸ਼ਾਹ ਦੀ ਬੈਂਚ ਅੱਗੇ ਸੀਨੀਅਰ ਵਕੀਲਾਂ ਕਪਿਲ ਸਿੱਬਲ, ਮੁਕੁਲ ਰੋਹਤਗੀ, ਅਭਿਸ਼ੇਕ ਮਨੂੰ ਸਿੰਘਵੀ ਤੇ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਕੁਮਾਰ ਖੰਨਾ ਨੇ ਇਸ ਮੁੱਦੇ ਦਾ ਜ਼ਿਕਰ ਕੀਤਾ। ਜਸਟਿਸ ਮਿਸ਼ਰਾ ਨੇ ਕਿਹਾ ਿ


ਕ ਉਹ ਕਿਸੇ ਵੀ ਹੋਰ ਜੱਜ ਨਾਲੋਂ ਵੱਧ ਵਕੀਲਾਂ ਦਾ ਸਨਮਾਨ ਕਰਦੇ ਹਨ, ਫਿਰ ਵੀ ਜੇ ਕੋਈ ਪੀੜਤ ਮਹਿਸੂਸ ਕਰ ਰਿਹਾ ਹੈ ਤਾਂ ਉਹ ਖਿਮਾ ਮੰਗਣ ਲਈ ਤਿਆਰ ਹਨ। ਜਸਟਿਸ ਮਿਸ਼ਰਾ ਨੇ ਕਿਹਾ, 'ਜੇ ਕਿਸੇ ਵੀ ਮੌਕੇ 'ਤੇ ਕਿਸੇ ਨੂੰ ਵੀ ਅਸੁਵਿਧਾ ਮਹਿਸੂਸ ਹੋਈ ਹੈ ਤਾਂ ਮੈਂ ਹੱਥ ਜੋੜ ਕੇ ਖਿਮਾ ਮੰਗਦਾ ਹਾਂ।' ਕਪਿਲ ਸਿੱਬਲ ਨੇ ਕਿਹਾ ਕਿ ਬਾਰ ਤੇ ਬੈਂਚ ਦੋਹਾਂ ਦਾ ਹੀ ਫਰਜ਼ ਹੈ ਕਿ ਉਹ ਅਦਾਲਤ ਦੀ ਸ਼ਾਨ ਬਣਾਈ ਰੱਖਣ ਅਤੇ ਦੋਹਾਂ ਨੂੰ ਇਕ-ਦੂਜੇ ਦਾ ਸਨਮਾਨ ਕਰਨਾ ਚਾਹੀਦਾ ਹੈ। ਸਿੰਘਵੀ ਨੇ ਕਿਹਾ ਕਿ ਅਦਾਲਤ ਵਿਚ ਪ੍ਰਸਪਰ ਸਦਭਾਵਨਾ ਦਾ ਮਾਹੌਲ ਬਣਾਈ ਰੱਖਣਾ ਚਾਹੀਦਾ ਹੈ। ਜਸਟਿਸ ਸ਼ਾਹ ਨੇ ਵਕੀਲਾਂ ਨੂੰ ਕਿਹਾ ਕਿ ਪ੍ਰਸਪਰ ਸਨਮਾਨ ਹੋਣਾ ਚਾਹੀਦਾ ਹੈ। ਮੰਗਲਵਾਰ ਜਦੋਂ ਬੈਂਚ ਨੇ ਨਾਰਾਇਣਨ ਨੂੰ ਬਹਿਸ ਜਾਰੀ ਰੱਖਣ ਲਈ ਕਿਹਾ ਤਾਂ ਉਨ੍ਹਾ ਇਕਦਮ ਇਨਕਾਰ ਕਰ ਦਿੱਤਾ।
ਰੋਹਤਗੀ ਨੇ ਕਿਹਾ ਕਿ ਨੌਜਵਾਨ ਵਕੀਲ ਇਸ ਕੋਰਟ ਵਿਚ ਆਉਣ ਤੋਂ ਡਰ ਰਹੇ ਹਨ ਅਤੇ ਇਹ ਗੱਲ ਬਾਰ ਦੇ ਮੈਂਬਰਾਂ ਨੂੰ ਪ੍ਰਭਾਵਤ ਕਰ ਰਹੀ ਹੈ। ਜਸਟਿਸ ਮਿਸ਼ਰਾ ਨੇ ਕਿਹਾ, 'ਮੈਂ ਬਾਰ ਨਾਲ ਜੁੜਿਆ ਰਿਹਾ ਹਾਂ। ਮੈਂ ਇਹੀ ਕਹਿਣਾ ਚਾਹਾਂਗਾ ਕਿ ਬਾਰ ਤਾਂ ਬੈਂਚ ਦੀ ਮਾਂ ਹੈ। ਮੈਂ ਕਿਸੇ ਵੀ ਹੋਰ ਚੀਜ਼ ਨਾਲੋਂ ਵੱਧ ਬਾਰ ਦਾ ਸਨਮਾਨ ਕਰਦਾ ਹਾਂ। ਮੈਂ ਦਿਲੋਂ ਕਹਿ ਰਿਹਾ ਹਾਂ ਤੇ ਕ੍ਰਿਪਾ ਕਰਕੇ ਇਸ ਤਰ੍ਹਾਂ ਦੀ ਕੋਈ ਧਾਰਨਾ ਆਪਣੇ ਦਿਮਾਗ ਵਿਚ ਨਾ ਰੱਖੋ।' ਉਨ੍ਹਾ ਕਿਹਾ ਕਿ ਉਨ੍ਹਾ ਨੂੰ ਕਿਸੇ ਪ੍ਰਤੀ ਕੋਈ ਸ਼ਿਕਾਇਤ ਨਹੀਂ ਹੈ ਅਤੇ ਉਨ੍ਹਾ ਜੱਜ ਵਜੋਂ ਕਰੀਬ 20 ਸਾਲ ਦੇ ਕਾਰਜਕਾਲ ਵਿਚ ਕਿਸੇ ਵੀ ਵਕੀਲ ਵਿਰੁੱਧ ਹੱਤਕ ਅਦਾਲਤ ਦੀ ਕਾਰਵਾਈ ਨਹੀਂ ਕੀਤੀ। ਉਨ੍ਹਾ ਕਿਹਾ ਕਿ ਹੈਂਕੜਪੁਣਾ ਇਸ ਮਹਾਨ ਸੰਸਥਾ ਨੂੰ ਨਸ਼ਟ ਕਰ ਰਿਹਾ ਹੈ ਤੇ ਬਾਰ ਦਾ ਇਹ ਫਰਜ਼ ਹੈ ਕਿ ਇਸ ਦੀ ਰਾਖੀ ਕਰੇ। ਉਨ੍ਹਾ ਕਿਹਾ ਕਿ ਅੱਜਕੱਲ੍ਹ ਕੋਰਟ ਨੂੰ ਉਚਿਤ ਢੰਗ ਨਾਲ ਸੰਬੋਧਨ ਨਹੀਂ ਕੀਤਾ ਜਾਂਦਾ। ਇਥੋਂ ਤਕ ਕਿ ਉਸ 'ਤੇ ਹਮਲਾ ਬੋਲਿਆ ਜਾਂਦਾ ਹੈ, ਇਹ ਸਹੀ ਨਹੀਂ ਅਤੇ ਇਸ ਤੋਂ ਬਚਣ ਦੀ ਲੋੜ ਹੈ। ਬਹਿਸ ਦੌਰਾਨ ਵਕੀਲ ਨੂੰ ਕਿਸੇ ਬਾਰੇ ਨਿੱਜੀ ਟਿੱਪਣੀਆਂ ਕਰਨ ਤੋਂ ਬਚਣਾ ਚਾਹੀਦਾ ਹੈ।
ਖੰਨਾ ਨੇ ਕਿਹਾ ਕਿ ਨਿਆਂ ਪਾਲਿਕਾ ਤੇ ਬਾਰ ਦੀ ਅਜ਼ਾਦੀ ਬਹੁਤ ਹੀ ਜ਼ਰੂਰੀ ਹੈ ਅਤੇ ਇਸ ਲਈ ਦੋਹਾਂ ਵਿਚਾਲੇ ਸਦਭਾਵਨਾ ਜ਼ਰੂਰੀ ਹੈ। ਜਸਟਿਸ ਮਿਸ਼ਰਾ ਨੇ ਅੰਤ ਵਿਚ ਖੰਨਾ ਨੂੰ ਕਿਹਾ ਕਿ ਉਹ ਨਾਰਾਇਣਨ ਨੂੰ ਉਨ੍ਹਾ ਨੂੰ ਮਿਲਣ ਲਈ ਕਹਿਣ। ਉਹ ਬਹੁਤ ਬੁੱਧੀਮਾਨ ਤੇ ਪ੍ਰਤਿਭਾਸ਼ਾਲੀ ਵਕੀਲ ਹਨ ਤੇ ਉਹ ਉਨ੍ਹਾ ਦੇ ਰੌਸ਼ਨ ਭਵਿੱਖ ਦੀ ਕਾਮਨਾ ਕਰਦੇ ਹਨ।

375 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper