Latest News
ਕਾਮਰੇਡ ਅਣਖੀ ਦੀਆਂ ਪ੍ਰਾਪਤੀਆਂ ਬਿਜਲੀ ਮੁਲਾਜ਼ਮਾਂ ਦੇ ਮੂੰਹੋਂ ਬੋਲਦੀਆਂ

Published on 06 Dec, 2019 10:41 AM.

ਕਾਮਰੇਡ ਅਣਖੀ ਦੀਆਂ ਪ੍ਰਾਪਤੀਆਂ ਬਿਜਲੀ ਮੁਲਾਜ਼ਮਾਂ ਦੇ ਮੂੰਹੋਂ ਬੋਲਦੀਆਂ
ਪਟਿਆਲਾ (ਪੱਤਰ ਪ੍ਰੇਰਕ)
ਸ਼ੁੱਕਰਵਾਰ ਨੂੰ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਵੱਲੋਂ ਕਾ. ਭਗਵਾਨ ਸਿੰਘ ਅਣਖੀ ਦੀ 28ਵੀਂ ਬਰਸੀ ਸੁਸ਼ੀਲ ਪੈਲਸ ਪਟਿਆਲਾ (ਨੇੜੇ ਅਣਖੀ ਭਵਨ) ਵਿਖੇ ਸਮੁੱਚੇ ਪੰਜਾਬ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਪਹੁੰਚ ਕੇ ਫੈਡ: ਏਟਕ ਦੇ ਕਾਮਿਆਂ ਨੇ ਸ਼ਾਨਦਾਰ ਢੰਗ ਨਾਲ ਮਨਾਈ। ਇਸ ਸਮੇਂ ਜਥੇਬੰਦੀ ਦਾ ਝੰਡਾ ਸੂਬੇ ਦੇ ਪ੍ਰਧਾਨ ਹਰਭਜਨ ਸਿੰਘ ਪਿਲਖਣੀ ਨੇ ਚੜ੍ਹਾ ਕੇ ਇਸ ਸਮਾਗਮ ਦੀ ਸ਼ੁਰੂਆਤ ਕੀਤੀ। ਉਦਘਾਟਨੀ ਭਾਸ਼ਣ ਕਰਦੇ ਸਮੇਂ ਕਾ. ਸਤਨਾਮ ਸਿੰਘ ਛਲੇੜੀ ਨੇ ਦੱਸਿਆ ਕਿ ਸਾਥੀ ਅਣਖੀ ਮਿਹਨਤੀ, ਨਿਡਰ, ਨਿਧੜਕ ਅਤੇ ਸੂਝਵਾਨ ਆਗੂ ਸਨ। ਉਨ੍ਹਾ ਨੇ ਜਥੇਬੰਦੀ ਦੇ ਪ੍ਰਧਾਨ, ਜਨਰਲ ਸਕੱਤਰ ਦੇ ਅਹੁਦਿਆਂ 'ਤੇ ਰਹਿੰਦਿਆਂ ਬਿਜਲੀ ਮੁਲਾਜ਼ਮਾਂ ਲਈ ਸ਼ਾਨਦਾਰ ਕੰਮ ਕੀਤੇ। ਉਹ ਨਾ-ਮੁਰਾਦ ਬਿਮਾਰੀ ਕੈਂਸਰ ਦੀ ਲਪੇਟ ਵਿੱਚ ਆਉਣ ਦੇ ਬਾਵਜੂਦ ਸਮੁੱਚੇ ਪੰਜਾਬ ਦੀ ਅਗਵਾਈ ਕਰਦੇ ਰਹੇ। ਬਿਜਲੀ ਮੁਲਾਜ਼ਮਾਂ ਦੇ 1.1.1986 ਦੇ ਸਕੇਲਾਂ ਦੀ ਸੁਧਾਈ ਸਮੇਂ ਚੋਖੀ ਮਿਹਨਤ ਕਰਕੇ ਇਕ ਸਕੇਲਾਂ ਦਾ ਏਜੰਡਾ ਤਿਆਰ ਕੀਤਾ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਤੋਂ 9/16 ਸਾਲਾ ਸਕੇਲ ਅਤੇ 23 ਸਾਲਾ ਤਰੱਕੀ ਇੰਕਰੀਮੈਂਟ ਦੀ ਮੰਗ ਕਰਕੇ ਮੈਨੇਜਮੈਂਟ 'ਤੇ ਆਪਣੀਆਂ ਦਲੀਲਾਂ ਰਾਹੀਂ 9/16 ਅਤੇ 23 ਸਾਲਾ ਇੰਕਰੀਮੈਂਟ ਮੰਨਣ ਲਈ ਮੈਨੇਜਮੈਂਟ ਨੂੰ ਮਜਬੂਰ ਕੀਤਾ। ਉਨ੍ਹਾ ਵੱਲੋਂ ਮੁਲਾਜ਼ਮਾਂ ਦੇ ਸੰਘਰਸ਼ਾਂ ਵਿੱਚ ਸ਼ਾਮਲ ਰਹਿੰਦਿਆਂ ਉਹ 15 ਅਗਸਤ 1991 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਇਸ ਮੌਕੇ ਕੁਲ ਹਿੰਦ ਬਿਜਲੀ ਫੈਡਰੇਸ਼ਨ ਦੇ ਜਨਰਲ ਸਕੱਤਰ ਕਾ. ਮੋਹਣ ਸ਼ਰਮਾ ਨੇ ਬੋਲਦਿਅÎ ਦੱਸਿਆ ਕਿ ਦੇਸ਼ 'ਤੇ ਕਾਬਜ਼ ਨਰਿੰਦਰ ਮੋਦੀ ਦੀ ਸਰਕਾਰ ਪਬਲਿਕ ਸੈਕਟਰ ਦੇ ਅਦਾਰੇ ਤੋੜ ਰਹੀ ਹੈ, 44 ਕਿਰਤ ਕਾਨੂੰਨਾਂ ਨੂੰ ਤੋੜ ਕੇ 4 ਬਣਾ ਰਹੀ ਹੈ ਅਤੇ ਕਿਰਤੀਆਂ ਨੂੰ ਜਥੇਬੰਦਕ ਹੋ ਕੇ ਮੰਗਾਂ ਦੀ ਪ੍ਰਾਪਤੀ ਦਾ ਰਾਹ ਔਖਾ ਕਰਨ ਜਾ ਰਹੀ ਹੈ। ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਨਹੀਂ ਕਰ ਰਹੀ। ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾ ਰਹੀ। ਸਾਡੇ ਦੇਸ਼ ਦੇ ਗੁਆਂਢੀ ਦੇਸ਼ਾਂ ਨਾਲ ਹਾਲਾਤ ਸੁਖਾਵੇਂ ਨਹੀਂ ਹਨ। ਮੋਦੀ ਵੱਲੋਂ ਝੂਠ ਬੋਲ ਕੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਮੀਡੀਆ ਰਾਹੀਂ ਆਪਣਾ ਝੂਠਾ ਪ੍ਰਚਾਰ ਕਰਵਾ ਕੇ ਦੇਸ਼ ਦੀ ਸੱਤਾ ਵਿੱਚ ਦੁਬਾਰਾ ਕਬਜ਼ਾ ਕਰਨ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ। ਅਜਿਹੇ ਸਮੇਂ ਅਣਖੀ ਦੀ ਸੋਚ ਤੇ ਲੀਡਰਸ਼ਿਪ ਨੂੰ ਹੋਰ ਮਿਹਨਤ ਕਰਨ ਦੀ ਲੋੜ ਹੈ। ਕਾ. ਨਿਰਮਲ ਸਿੰਘ ਧਾਰੀਵਾਲ, ਜਨਰਲ ਸਕੱਤਰ ਏਟਕ ਪੰਜਾਬ ਨੇ ਬੋਲਦਿਆਂ ਦੱਸਿਆ ਕਿ ਕਾ. ਅਣਖੀ ਮਿਹਨਤੀ ਤੇ ਮਿੱਠ-ਬੋਲੜੇ ਵਿਅਕਤੀ ਸਨ। ਉਨ੍ਹਾ ਦਾ ਵਿਛੋੜੇ ਨੂੰ ਬੇਸ਼ੱਕ 29 ਸਾਲ ਹੋ ਗਏ ਹਨ, ਪ੍ਰੰਤੂ ਉਨ੍ਹਾ ਦੀਆਂ ਕੀਤੀਆਂ ਪ੍ਰਾਪਤੀਆਂ ਬਿਜਲੀ ਕਾਮਿਆਂ ਵਿੱਚ ਮੂੰਹੋਂ ਬੋਲ ਰਹੀਆਂ ਹਨ। ਸਾਥੀ ਅਣਖੀ ਨਾਲ ਸਟੇਟ ਕਮੇਟੀ ਵਿੱਚ ਕੰਮ ਕਰਦੇ ਆਗੂ ਕਾ. ਹਰਭਜਨ ਸਿੰਘ ਪਰਮਾਰ, ਬਸੰਤ ਰਾਮ ਵੇਰਕਾ, ਤੇਜਿੰਦਰ ਸਿੰਘ ਮੋਹੀ, ਮਹਿੰਦਰ ਸਿੰਘ ਬਟਾਲਾ, ਪਦਮ ਠਾਕਰ, ਦਰਸ਼ਨ ਸਿੰਘ ਢਿੱਲੋਂ ਆਦਿ ਆਗੂਆਂ ਨੇ ਜਥੇਬੰਦੀ ਵਿੱਚ ਸ਼ਾਨਦਾਰ ਕੰਮ ਕਰਦਿਆਂ ਆਪਣਾ ਸਾਰਾ ਜੀਵਨ ਮਜ਼ਦੂਰ ਜਮਾਤ ਲਈ ਨਿਛਾਵਰ ਕਰ ਦਿੱਤਾ ਹੈ। ਉਨ੍ਹਾ ਦੀ 28ਵੀਂ ਬਰਸੀ ਮੌਕੇ ਜਥੇਬੰਦੀ ਉਨ੍ਹਾ ਨੂੰ ਲਾਲ ਸਲਾਮ ਕਰਦੀ ਹੈ। ਪਿਛਲੇ ਦਿਨੀਂ ਸਟੇਟ ਆਗੂ ਕਾਮਰੇਡ ਮੁਸ਼ਤਾਕ ਮਸੀਹ ਜੋ ਕਿ ਲੋਕਾਂ ਨੂੰ ਸਮਰਪਿਤ ਆਗੂ ਸਨ, ਉਨ੍ਹਾਂ ਦੇ ਸਦੀਵੀ ਵਿਛੋੜੇ ਤੋਂ ਬਾਅਦ ਜਥੇਬੰਦੀ ਬਰਸੀ ਮੌਕੇ ਉਨ੍ਹਾ ਵੱਲੋਂ ਕੀਤੇ ਉਪਰਾਲਿਆਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕਰਦੀ ਹੈ।
ਕਾਮਰੇਡ ਜਗਰੂਪ ਮੁੱਖ ਸਲਾਹਕਾਰ ਰੁਜ਼ਗਾਰ ਪ੍ਰਾਪਤੀ ਮੁਹਿੰਮ ਭਾਰਤ ਨੇ ਵਿੱਛੜੇ ਸਾਥੀਆਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਵਿੱਚ ਕੋਈ ਅੰਤਰ ਨਹੀਂ ਹੈ। ਇਨ੍ਹਾਂ ਦੀਆਂ ਨੀਤੀਆਂ ਕਾਰਪੋਰੇਟ ਘਰਾਣਿਆਂ ਦੇ ਪੱਖੀ ਹਨ। ਪੰਜਾਬ ਵਿੱਚ ਨਸ਼ਾ ਬੇਤਹਾਸ਼ਾ ਹੋ ਗਿਆ ਹੈ, ਬੇਰੁਜ਼ਗਾਰੀ ਵਧੀ ਹੈ, ਮਹਿੰਗਾਈ ਸਿਖਰਾਂ ਨੂੰ ਛੂਹ ਰਹੀ ਹੈ, ਪਰ ਸਰਕਾਰ ਅੰਦਰ ਮੌਜੂਦਾ ਰਾਜਨੀਤਕ ਲੋਕ ਇੱਕ-ਦੂਜੇ ਨੂੰ ਗਾਲਾਂ ਕੱਢ ਕੇ ਵਾਰੀ-ਵਾਰੀ 5 ਸਾਲ ਸੱਤਾ ਦਾ ਅਨੰਦ ਭੋਗ ਰਹੇ ਹਨ। ਇਸ ਸਮੇਂ ਕਾ. ਸੁਖਦੇਵ ਸ਼ਰਮਾ, ਸਤਨਾਮ ਸਿੰਘ ਛਲੇੜੀ, ਜਗਦੀਸ਼ ਸ਼ਰਮਾ, ਜਸਵੀਰ ਸਿੰਘ ਆਦਿ ਨੇ ਵੀ ਬੋਲਦਿਆਂ ਇਨ੍ਹਾਂ ਆਗੂਆਂ ਨੂੰ ਬਰਸੀ ਮੌਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਦੱਸਿਆ ਕਿ ਸਰਕਾਰਾਂ ਦੀਆਂ ਗਲਤ ਨੀਤੀਆਂ ਕਰਕੇ ਪਬਲਿਕ ਸੈਕਟਰ ਦੇ ਅਦਾਰੇ ਟੁੱਟ ਰਹੇ ਹਨ। ਸਰਕਾਰਾਂ ਕੋਲੋਂ ਤਨਖਾਹਾਂ ਅਤੇ ਪੈਨਸ਼ਨਾਂ ਨਹੀਂ ਦਿੱਤੀਆਂ ਜਾ ਰਹੀਆਂ। ਬਿਜਲੀ ਬੋਰਡ ਨੂੰ ਤੋੜ ਕੇ ਦੋ ਭਾਗਾਂ ਵਿੱਚ ਵੰਡ ਕੇ ਇਸ ਦਾ ਭੋਗ ਪਾ ਦਿੱਤਾ ਹੈ।
ਇਸ ਬਰਸੀ ਮੌਕੇ ਸਾਬਕਾ ਪ੍ਰਧਾਨ/ਜਨਰਲ ਸਕੱਤਰ ਅਤੇ ਹੋਰ ਸਟੇਟ ਆਗੂ ਸਰਵਸ੍ਰੀ ਕਾ. ਗੁਰਨਾਮ ਸਿੰਘ ਗਿੱਲ, ਰਾਧੇ ਸ਼ਿਆਮ, ਕੇਵਲ ਸਿੰਘ ਬਣਵੈਤ, ਰਾਮ ਕੁਮਾਰ, ਰਣਜੀਤ ਸਿੰਘ ਗਿੱਲ, ਗੁਰਬਖਸ਼ ਸਿੰਘ, ਜਗਦੇਵ ਸਿੰਘ ਬਾਹੀਆ, ਮਨਜੀਤ ਸਿੰਘ ਚਾਹਲ, ਅਵਤਾਰ ਸਿੰਘ ਸ਼ੇਰਗਿੱਲ, ਕੁਲਦੀਪ ਸਿੰਘ ਭੋਲਾ, ਕਸ਼ਮੀਰ ਸਿੰਘ ਗਦਾਈਆ ਆਦਿ ਆਗੂਆਂ ਨੇ ਬਰਸੀ ਮੌਕੇ ਲਾਲ ਸਲਾਮ ਕਰਦਿਆਂ ਜਥੇਬੰਦੀ ਵੱਲੋਂ ਕੀਤੇ ਜਾ ਰਹੇ ਉਦਮਾਂ ਦੀ ਸਰਾਹਨਾ ਕੀਤੀ। ਜਥੇਬੰਦੀ ਦੀ ਮੌਜੂਦਾ ਲੀਡਰਸ਼ਿਪ ਕਾ. ਰਣਜੀਤ ਸਿੰਘ ਬਿੰਜੋਕੀ, ਗੁਰਮੀਤ ਸਿੰਘ ਧਾਰੀਵਾਲ, ਆਰ ਕੇ ਤਿਵਾੜੀ, ਰਣਜੀਤ ਸਿੰਘ ਨੀਲੋਂ, ਪ੍ਰਦਿਉਮਨ ਗੌਤਮ, ਰਮਨ ਭਾਰਦਵਾਜ, ਨਰਿੰਦਰ ਕੁਮਾਰ ਬੱਲ, ਗੁਰਪ੍ਰੀਤ ਸਿੰਘ ਗੰਡੀਵਿੰਡ, ਸੁਖਦੇਵ ਗੋਸਲ, ਸੁਰਿੰਦਰਪਾਲ ਲਹੌਰੀਆ ਤੇ ਜਥੇਬੰਦੀ ਦੇ ਜਨਰਲ ਸਕੱਤਰ ਨਰਿੰਦਰ ਸੈਣੀ, ਸੂਬਾ ਪ੍ਰਧਾਨ ਹਰਭਜਨ ਸਿੰਘ ਪਿਲਖਣੀ ਨੇ ਵਿੱਛੜੇ ਆਗੂਆਂ ਨੂੰ ਲਾਲ ਸਲਾਮ ਕਰਦਿਆਂ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਨਵੰਬਰ ਮਹੀਨੇ ਦੀ ਤਨਖਾਹ ਜਥੇਬੰਦੀ ਵੱਲੋਂ ਕੀਤੇ ਸੰਘਰਸ਼ ਤੋਂ ਪਾਈ ਹੈ। ਜਥੇਬੰਦੀ ਨੇ ਪਾਵਰਕਾਮ ਦੀ ਮੈਨੇਜਮੈਂਟ ਤੋਂ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਜਿਵੇਂ ਕਿ ਪੇ ਬੈਂਡ ਸਾਲ 1.12.2011 ਤੋਂ ਲੈਣਾ, 6ਵਾਂ ਤਨਖ਼ਾਹ ਕਮਿਸ਼ਨ ਲੈਣਾ, ਮੁਲਾਜ਼ਮਾਂ ਦੀਆਂ ਡੀ ਏ ਦੀਆਂ ਕਿਸ਼ਤਾਂ ਅਤੇ ਏਰੀਅਰ ਲੈਣਾ, ਤਰੱਕੀ ਪਾਲਿਸੀ ਤੇਜ਼ ਕਰਨਾ, ਨਵੀਂ ਭਰਤੀ ਕਰਵਾਉਣੀ, 23 ਸਾਲਾ ਪ੍ਰਮੋਸ਼ਨਲ ਸਕੇਲ ਦੀਆਂ ਤਰੁੱਟੀਆਂ ਦੂਰ ਕਰਵਾਉਣੀਆਂ, 281/13 ਦੇ ਲਾਈਨਮੈਨਾਂ ਨੂੰ 3 ਸਾਲ ਦਾ ਅਜ਼ਮਾਇਸ਼ੀ ਸਮਾਂ ਪੂਰਾ ਹੋਣ 'ਤੇ ਪੂਰੇ ਸਕੇਲ ਦਿਲਵਾਉਣੇ ਆਦਿ ਮੰਗਾਂ ਅਜੇ ਬਾਕੀ ਹਨ, ਜਿਨ੍ਹਾ ਦੀ ਪ੍ਰਾਪਤੀ ਲਈ ਸੰਘਰਸ਼ ਕਰਕੇ ਮੰਗਾਂ ਨੂੰ ਲਾਗੂ ਕਰਵਾਉਣਾ ਹੀ ਅਣਖੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।

201 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper