Latest News
ਕੈਪਟਨ ਵੱਲੋਂ ਅਦਾਲਤਾਂ ਤੋਂ ਬਾਹਰ ਨਿਆਂ ਦਾ ਵਿਰੋਧ

Published on 07 Dec, 2019 12:01 PM.


ਨਵੀਂ ਦਿੱਲੀ,
(ਨਵਾਂ ਜ਼ਮਾਨਾ ਸਰਵਿਸ)
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਨਿੱਚਰਵਾਰ ਨੂੰ ਕਿਹਾ ਕਿ ਉਹ ਭਾਵੇਂ ਪੁਲਸ ਵੱਲੋਂ ਆਪਣੇ ਉਤੇ ਹਮਲੇ ਦੀ ਸੂਰਤ ਵਿੱਚ ਗੋਲੀ ਚਲਾਉਣ ਦੇ ਹੱਕ ਵਿੱਚ ਹਨ, ਪ੍ਰੰਤੂ ਉਹ ਅਦਾਲਤਾਂ ਤੋਂ ਬਾਹਰ ਜਾ ਕੇ ਨਿਆਂ ਦੇਣ ਦੇ ਖਿਲਾਫ ਹਨ, ਕਿਉਂਕਿ ਇਹ ਦੇਸ਼ ਦੀ ਸੰਵਿਧਾਨਕ ਭਾਵਨਾ ਦੇ ਉਲਟ ਹੈ। ਇਸ ਦੇ ਨਾਲ ਹੀ ਉਨ੍ਹਾ ਨਾਗਰਿਕਤਾ ਸੋਧ ਬਿੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਇਸ ਨੂੰ ਸੂਬੇ ਦੀ ਵਿਧਾਨ ਸਭਾ ਵਿੱਚ ਪਾਸ ਨਹੀਂ ਹੋਣ ਦੇਣਗੇ। ਐੱਚ ਟੀ ਸੰਮੇਲਨ 2019 ਵਿੱਚ 'ਇਕ ਵਧੀਆ ਕੱਲ੍ਹ' ਸੈਸ਼ਨ ਦੌਰਾਨ ਛਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਸ਼ਮੂਲੀਅਤ ਦੌਰਾਨ ਕੈਪਟਨ ਸਿੰਘ ਨੇ ਤੇਲੰਗਾਨਾ ਵਿੱਚ ਬਲਾਤਕਾਰ ਦੇ ਮੁਲਜ਼ਮਾਂ ਨੂੰ ਮਾਰਨ ਦੀ ਘਟਨਾ ਦੇ ਸੰਦਰਭ ਵਿੱਚ ਬੋਲਦਿਆਂ ਕਿਹਾ, 'ਜੇ ਪੁਲਸ ਵਾਲਿਆਂ ਉਪਰ ਮੁਲਜ਼ਮਾਂ ਵੱਲੋਂ ਹਮਲਾ ਕੀਤਾ ਗਿਆ ਤਾਂ ਕੀਤੀ ਗਈ ਕਾਰਵਾਈ ਜਾਇਜ਼ ਹੈ।' ਉਨ੍ਹਾ ਹਾਲਾਂਕਿ ਇਹ ਗੱਲ ਸਾਫ ਕੀਤੀ ਕਿ ਇਨਕਾਊਂਟਰ ਵਰਗੀ ਕੋਈ ਗੱਲ ਨਹੀਂ ਸੀ। ਉਨ੍ਹਾ ਆਪਣੇ ਸੂਬੇ ਬਾਰੇ ਗੱਲ ਕਰਦਿਆਂ ਕਿਹਾ ਕਿ ਪੁਲਸ ਇਸ ਮੁੱਦੇ 'ਤੇ ਪੂਰੀ ਤਰਾਂ ਸਪੱਸ਼ਟ ਹੈ ਕਿ ਅੱਤਵਾਦੀਆਂ, ਗੁੰਡਿਆਂ/ ਗੈਂਗਸਟਰਾਂ ਨੂੰ ਹਥਿਆਰਾਂ ਦਾ ਆਤਮ ਸਮਰਪਣ ਕਰਨ ਲਈ ਕਿਹਾ ਜਾਂਦਾ ਹੈ, ਨਹੀਂ ਤਾਂ ਨਤੀਜੇ ਭੁਗਤਣੇ ਪੈਂਦੇ ਹਨ। ਬਘੇਲ ਨੇ ਕਿਹਾ ਕਿ ਦੇਸ਼ ਦੇ ਲੋਕ ਨਿਆਂ ਵਿੱਚ ਦੇਰੀ ਤੋਂ ਅੱਕ ਚੁੱਕੇ ਹਨ ਅਤੇ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਲੋੜ ਹੈ।
ਪੰਜਾਬ ਦੇ ਮੁੱਖ ਮੰਤਰੀ ਨੇ ਕੌਮੀ ਨਾਗਰਿਕਤਾ ਰਜਿਸਟਰ ਦਾ ਜ਼ੋਰਦਾਰ ਵਿਰੋਧ ਕਰਦਿਆਂ ਕਿਹਾ ਕਿ ਇਹ ਭਾਰਤ ਦੀ ਲੋਕਤੰਤਰੀ ਭਾਵਨਾ ਦੇ ਖਿਲਾਫ ਹੈ। ਜਦੋਂ ਉਨ੍ਹਾ ਨੂੰ ਪੁੱਛਿਆ ਗਿਆ ਕਿ ਕੇਂਦਰ ਦੇ ਕਾਨੂੰਨ ਬਣਾਉਣ ਤੋਂ ਬਾਅਦ ਇਸ ਸਮੱਸਿਆ ਨਾਲ ਪੰਜਾਬ ਕਿਵੇਂ ਟਾਕਰਾ ਕਰੇਗਾ ਤਾਂ ਉਨ੍ਹਾ ਕਿਹਾ, 'ਪ੍ਰਸਤਾਵਿਤ ਨਾਗਰਿਕਤਾ ਸੋਧ ਬਿੱਲ ਨੂੰ ਸੰਸਦ ਵੱਲੋਂ ਪਾਸ ਹੋਣ 'ਤੇ ਸਾਡੀ ਵਿਧਾਨ ਸਭਾ ਵਿੱਚ ਆਉਣ ਦਿਓ, ਉਥੇ ਸਾਡੇ ਕੋਲ ਦੋ-ਤਿਹਾਈ ਬਹੁਮਤ ਹੈ।' ਕੈਪਟਨ ਅਮਰਿੰਦਰ ਸਿੰਘ ਤੇ ਸ੍ਰੀ ਬਘੇਲ ਨੇ ਕਿਹਾ ਕਿ ਕਾਂਗਰਸ ਪਾਰਟੀ ਕੌਮੀ ਨਾਗਰਿਕਤਾ ਰਜਿਸਟਰ ਦਾ ਵਿਰੋਧ ਕਰਦੀ ਹੈ, ਜਿਹੜਾ ਕਿ ਲੋਕਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕਰਨ ਵਾਸਤੇ ਹਥਿਆਰ ਵਜੋਂ ਵਰਤਿਆ ਜਾ ਰਿਹਾ। ਉਹਨਾ ਕਿਹਾ ਕਿ ਮਹਾਰਾਸ਼ਟਰ ਤੇ ਹਰਿਆਣਾ ਦੇ ਚੋਣ ਨਤੀਜਿਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਦਾ ਰਾਸ਼ਟਰਵਾਦ ਦਾ ਏਜੰਡਾ ਹੁਣ ਚੋਣਾਂ ਵਿੱਚ ਨਹੀਂ ਚੱਲੇਗਾ। ਹਰ ਭਾਰਤੀ ਦਿਲ ਤੋਂ ਰਾਸ਼ਟਰ ਭਗਤ ਹੈ, ਪਰ ਲੋਕ ਸਭ ਤੋਂ ਪਹਿਲਾਂ ਆਪਣੀਆਂ ਇੱਛਾਵਾਂ ਦੀ ਪੂਰਤੀ ਚਾਹੁੰਦੇ ਹਨ। ਐੱਨ ਡੀ ਏ ਸਰਕਾਰ ਦੇ ਕਾਰਜਕਾਲ ਤੋਂ ਬਾਅਦ ਤਾਜ਼ਾ ਚੋਣ ਨਤੀਜਿਆਂ ਨੇ ਸਪੱਸ਼ਟ ਸੰਕੇਤ ਦੇ ਦਿੱਤੇ ਹਨ ਕਿ 'ਬਦਲਾਅ ਦੀ ਹਵਾ' ਚੱਲ ਰਹੀ ਹੈ।
ਬਦਲੇ ਦੀ ਰਾਜਨੀਤੀ ਦੇ ਮੁੱਦੇ 'ਤੇ ਬੋਲਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ 'ਸਭ ਪਾਰਟੀਆਂ ਵਿੱਚ ਨਹੀਂ ਹੁੰਦਾ।' ਉਨ੍ਹਾ ਆਪਣੇ ਸੂਬੇ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਜਿੱਥੇ ਵੀ ਕੁਝ ਗਲਤ ਹੋਇਆ ਹੈ, ਉਨ੍ਹਾ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਜੀ ਐੱਸ ਟੀ ਮੁੱਦੇ 'ਤੇ ਦੋਵਾਂ ਮੁੱਖ ਮੰਤਰੀਆਂ ਨੇ ਗੰਭੀਰ ਹੁੰਦਿਆਂ ਕੇਂਦਰ ਵੱਲੋਂ ਸੂਬਿਆਂ ਨੂੰ ਜੀ ਐੱਸ ਟੀ ਦਾ ਹਿੱਸਾ ਭੇਜਣ ਵਿੱਚ ਦੇਰੀ ਉਤੇ ਨਾਰਾਜ਼ਗੀ ਜ਼ਾਹਰ ਕੀਤੀ। ਕੈਪਟਨ ਨੇ ਕਿਹਾ ਕਿ ਪੰਜਾਬ ਉਧਾਰ ਦੇ ਪੈਸੇ ਨਾਲ ਗੁਜ਼ਾਰਾ ਨਹੀਂ ਕਰ ਸਕਦਾ ਅਤੇ ਇਹ ਕੇਂਦਰੀ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸੂਬਿਆਂ ਨੂੰ ਉਨ੍ਹਾ ਦਾ ਹਿੱਸਾ ਦਿੱਤਾ ਜਾਵੇ, ਕਿਉਂਕਿ ਸਾਰੀਆਂ ਵਿੱਤੀ ਸ਼ਕਤੀਆਂ ਹੁਣ ਕੇਂਦਰ ਕੋਲ ਹਨ ਅਤੇ ਸੂਬਿਆਂ ਕੋਈ ਆਮਦਨ ਦੇ ਸਾਧਨ ਨਹੀਂ ਹਨ।

248 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper