Latest News
ਕਿਸੇ ਵੀ ਵਿਅਕਤੀ ਨਾਲ ਧਰਮ ਆਧਾਰਿਤ ਵਿਤਕਰਾ ਸੰਵਿਧਾਨ ਦੀ ਘੋਰ ਉਲੰਘਣਾ : ਡਾ. ਦਿਆਲ

Published on 12 Dec, 2019 10:03 AM.


ਲੁਧਿਆਣਾ (ਐਮ ਐਸ ਭਾਟੀਆ, ਸਤੀਸ਼ ਸਚਦੇਵਾ)-ਇੱਥੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਦੇਵੀ ਕੁਮਾਰੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਾ. ਜੋਗਿੰਦਰ ਦਿਆਲ ਮੈਂਬਰ ਕੌਮੀ ਕੌਂਸਲ ਸੀ ਪੀ ਆਈ ਨੇ ਕਿਹਾ ਕਿ ਦੇਸ਼ ਵਿੱਚ ਮੋਦੀ ਸਰਕਾਰ ਆਉਣ ਤੋਂ ਬਾਅਦ ਦਲਿਤਾਂ, ਘੱਟ ਗਿਣਤੀਆਂ ਅਤੇ ਔਰਤਾਂ 'ਤੇ ਅੱਤਿਆਚਾਰ ਵੱਧ ਰਹੇ ਹਨ। ਇਹਨਾਂ ਦਿਨਾਂ ਵਿੱਚ ਔਰਤਾਂ ਅਤੇ ਬੱਚੀਆਂ 'ਤੇ ਜ਼ੁਲਮ ਸੱਭਿਅਕ ਸਮਾਜ ਦੇ ਮੱਥੇ 'ਤੇ ਕਲੰਕ ਹਨ। ਉਨ੍ਹਾਂ ਕਿਹਾ ਕੇਂਦਰ ਵਿੱਚ ਰਾਜ ਕਰ ਰਹੀ ਐਨ.ਡੀ.ਏ. ਸਰਕਾਰ ਨੇ ਧਰਮ 'ਤੇ ਆਧਾਰਿਤ ਵਿਅਕਤੀਆਂ ਨਾਲ ਵਿਤਕਰੇ ਦਾ ਕਾਨੂੰਨ ਪਾਸ ਕਰ ਦਿੱਤਾ, ਜੋ ਸਾਡੇ ਸੰਵਿਧਾਨ ਦੀ ਮੂਲ ਭਾਵਨਾ ਦੀ ਘੋਰ ਉਲੰਘਣਾ ਹੈ, ਕਿਉਂਕਿ ਇੱਥੋਂ ਦੀਆਂ ਘੱਟ ਗਿਣਤੀਆਂ ਖਾਸ ਤੌਰ 'ਤੇ ਮੁਸਲਮਾਨਾਂ ਨੂੰ ਸੰਵਿਧਾਨ ਵਿੱਚ ਬਰਾਬਰਤਾ ਦੇ ਹੱਕ ਅਧੀਨ ਨਾਗਰਿਕਤਾ ਦਾ ਹੱਕ ਨਹੀਂ ਦਿੱਤਾ ਜਾ ਰਿਹਾ। ਇਸ ਗੱਲ ਦਾ ਵਿਰੋਧ ਅਮਰੀਕਾ ਅਤੇ ਸਾਰੇ ਯੂਰਪ ਵਿੱਚ ਵੀ ਹੋ ਰਿਹਾ ਹੈ। ਮੋਦੀ ਸਰਕਾਰ ਆਉਣ ਤੋਂ ਬਾਅਦ ਅੱਜ ਪਿਆਜ ਦੀ ਕੀਮਤ 150 ਰੁਪਏ ਕਿਲੋ ਨੂੰ ਪਾਰ ਕਰ ਗਈ ਹੈ। ਉਹਨਾਂ ਕਿਹਾ ਕਿ ਇੱਥੋਂ ਦੇ ਮਿਹਨਤਕਸ਼ ਲੋਕਾਂ ਨੂੰ ਵਧੇਰੇ ਇੱਕਠੇ ਹੋ ਕੇ ਹਿੰਮਤ ਨਾਲ ਲੜਾਈ ਤੇਜ ਕਰਨੀ ਚਾਹੀਦੀ ਹੈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ ਨੇ ਕਿਹਾ ਕਿ 20 ਮਾਰਚ 2020 ਨੂੰ ਦਿੱਲੀ ਵਿਖੇ ਪਿੰਡਾਂ ਦੇ ਕਾਮੇਂ ਇਕ ਵਿਸ਼ਾਲ ਰੋਸ ਰੈਲੀ ਕਰਕੇ ਆਪਣੀਆਂ ਮੰਗਾਂ ਦਾ ਮੰਗ-ਪੱਤਰ ਦੇਸ਼ ਦੇ ਰਾਸ਼ਟਰਪਤੀ ਨੂੰ ਪੇਸ਼ ਕਰਨ ਜਾ ਰਹੇ ਹਨ। ਪੰਜਾਬ ਸਰਕਾਰ ਪਿੰਡਾਂ ਦੀਆਂ ਸ਼ਾਮਲਾਤ ਜਮੀਨਾਂ ਨੂੰ ਵੱਡੇ ਸਨਅਤਕਾਰਾਂ ਦੇ ਹਵਾਲੇ ਕਰਨ ਜਾ ਰਹੀ ਹੈ। ਇਹ ਜ਼ਮੀਨਾਂ ਪੇਂਡੂ ਵਿਕਾਸ, ਇੱਥੋਂ ਦੇ ਛੋਟੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਰੋਟੀ ਰੋਜੀ ਦਾ ਸਾਧਨ ਹੈ ਅਤੇ ਲੈਂਡ ਹੋਲਡਿੰਗ ਐਕਟ 2007 ਦੀ ਧਾਰਾ 42-ਏ ਅਧੀਨ ਇਸਨੂੰ ਮੁੜ ਤਕਸੀਮ ਨਹੀਂ ਕੀਤਾ ਜਾ ਸਕਦਾ। ਜੱਥੇਬੰਦੀ ਇਹਨਾਂ ਜ਼ਮੀਨਾਂ ਨੂੰ ਬਚਾਉਣ ਲਈ 23 ਦਸੰਬਰ ਨੂੰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਸਰਕਾਰ ਨੂੰ ਮੰਗ-ਪੱਤਰ ਭੇਜੇਗੀ। ਉਹਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਨੇ ਅਜੇ ਤੱਕ ਅਨੁਸੂਚਿਤ ਜਾਤੀਆਂ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਾਰੀ ਨਹੀਂ ਕੀਤੇ, ਜਿਸ ਕਾਰਨ ਇਹਨਾਂ ਵਿਦਿਆਰਥੀਆਂ ਅਤੇ ਮਾਪਿਆਂ ਦੇ ਮਨਾਂ ਵਿੱਚ ਭਾਰੀ ਰੋਸ ਹੈ। ਵਰਕਿੰਗ ਕਮੇਟੀ ਨੇ ਇਹ ਫੈਸਲਾ ਕੀਤਾ ਹੈ ਕਿ ਕਾ. ਗੁਲਜ਼ਾਰ ਗੋਰੀਆ ਦੀ ਜਿੰਮੇਵਾਰੀ ਕੇਂਦਰ ਵਿੱਚ ਤਹਿ ਹੋ ਗਈ ਹੈ। ਇਸ ਕਰਕੇ ਜੱਥੇਬੰਦੀ ਦੇ ਪ੍ਰਧਾਨ ਦੀ ਜਿੰਮੇਵਾਰੀ ਕਾ. ਸੰਤੋਖ ਸਿੰਘ ਸੰਘੇੜਾ ਨੂੰ ਅਤੇ ਜਨਰਲ ਸਕੱਤਰ ਦੀ ਜਿੰਮੇਵਾਰੀ ਕਾ. ਦੇਵੀ ਕੁਮਾਰੀ ਨੂੰ ਸਰਵ-ਸੰਮਤੀ ਨਾਲ ਦਿੱਤੀ ਗਈ ਹੈ। ਇਹਨਾਂ ਦੇ ਨਾਲ ਕਾ. ਗੁਲਜ਼ਾਰ ਸਿੰਘ ਗੋਰੀਆ ਸੀਨੀਅਰ ਮੀਤ ਪ੍ਰਧਾਨ ਅਤੇ ਕਾ. ਹਰਦੇਵ ਅਰਸ਼ੀ ਨੂੰ ਵੀ ਮੀਤ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ ਹੈ। ਮੀਟਿੰਗ ਨੇ ਫੈਸਲਾ ਕੀਤਾ ਹੈ ਕਿ 8 ਜਨਵਰੀ ਨੂੰ ਦੇਸ਼ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਵੱਲੋਂ ਦਿੱਤੇ ਗਏ ਦੇਸ਼-ਵਿਆਪੀ ਹੜਤਾਲ ਵਿੱਚ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾਵੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੀਤਮ ਸਿੰਘ ਨਿਆਮਤਪੁਰ, ਨਾਨਕਚੰਦ ਲੰਬੀ, ਸੁਰਿੰਦਰ ਕੁਮਾਰ ਭੈਣੀ, ਗੁਰਮੁੱਖ ਸਿੰਘ ਬਾਦਲ, ਮੁਖਤਿਆਰ ਸਿੰਘ ਫਾਜ਼ਿਲਕਾ, ਮਹਿੰਗਾ ਰਾਮ ਦੋਦਾ, ਸਵਰਨ ਸਿੰਘ ਨਾਗੋਕੇ, ਪਿਆਰੇ ਲਾਲ ਸੰਗਰੂਰ, ਪ੍ਰਕਾਸ਼ ਕੈਰੋਂ ਨੰਗਲ, ਕੁਲਵੰਤ ਸਿੰਘ ਹੁੰਝਣ, ਨਿਰਮਲ ਸਿੰਘ ਬਠਰਿਆਣਾ, ਨਛੱਤਰ ਪਾਲ ਹੁਸ਼ਿਆਰਪੁਰ, ਜੁਗਰਾਜ ਰਾਮਾ ਬਰਨਾਲਾ, ਜੋਗਿੰਦਰ ਸਿੰਘ ਗੋਪਾਲਪੁਰ, ਬਲਵੀਰ ਸਿੰਘ ਦੀਨਾ ਨਗਰ, ਸਿਮਰਤ ਕੌਰ ਝਾਂਮਪੁਰ, ਅਮਰਨਾਥ ਫਤਿਹਗੜ੍ਹ ਸਾਹਿਬ, ਹੀਰਾ ਸਿੰਘ ਤਰਨਤਾਰਨ, ਸੁਖਦੇਵ ਸਿੰਘ ਤਰਨਤਾਰਨ, ਮੇਜਰ ਸਿੰਘ ਤਰਨਤਾਰਨ, ਰਛਪਾਲ ਸਿੰਘ ਘੁਰਕਵਿੰਡ, ਮਹਿੰਦਰਪਾਲ ਫਗਵਾੜਾ, ਕੁਲਵੰਤ ਕੌਰ ਅਮ੍ਰਿਤਸਰ ਦਿਹਾਤੀ, ਅਮਰਜੀਤ ਕੌਰ ਬਾਮ, ਬਲਵੀਰ ਸਾਲਾਪੁਰੀ, ਮਹਿੰਦਰ ਮੰਜਾਲੀਆਂ, ਰਣਜੀਤ ਸਿੰਘ ਸ਼ਹੀਦ ਭਗਤ ਸਿੰਘ ਨਗਰ, ਸ਼ੇਰ ਸਿੰਘ ਅਤੇ ਭਰਪੂਰ ਸਿੰਘ ਫਾਜ਼ਿਲਕਾ ਆਦਿ ਨੇ ਸੰਬੋਧਨ ਕੀਤਾ।

112 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper