Latest News
ਨਾਗਰਿਕਤਾ ਸੋਧ ਬਿਲ ਦੀ ਹਮਾਇਤ ਕਰਕੇ ਅਕਾਲੀ ਦਲ ਨੇ ਆਪਣੇ ਵਿਰਸੇ ਨਾਲ ਧ੍ਰੋਹ ਕਮਾਇਆ : ਅਰਸ਼ੀ

Published on 12 Dec, 2019 10:03 AM.


ਭੀਖੀ (ਧਰਮਵੀਰ ਸ਼ਰਮਾ, ਭਰਭੂਰ ਸਿੰਘ ਮੰਨਣ) : ਭਾਰਤੀ ਕਮਿਊਨਿਸਟ ਪਾਰਟੀ ਵੱਲੋਂ 26 ਦਸੰਬਰ ਨੂੰ ਮਾਨਸਾ ਦੀ ਪੁਰਾਣੀ ਅਨਾਜ ਮੰਡੀ ਵਿਚ ਕੀਤੀ ਜਾ ਰਹੀ 'ਸੰਵਿਧਾਨ ਬਚਾਓ, ਦੇਸ਼ ਬਚਾਓ ਰੈਲੀ' ਦੀਆਂ ਤਿਆਰੀਆਂ ਵਜੋਂ ਭੀਖੀ ਕਸਬੇ ਦੇ ਹਨੂੰਮਾਨ ਮੰਦਰ 'ਚ ਪਾਰਟੀ ਵਰਕਰਾਂ ਤੇ ਜਮਹੂਰੀ ਧਿਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਕਂੌਸਲ ਮੈਂਬਰ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਅਕਾਲੀ ਦਲ ਨੇ ਨਾਗਰਿਕਤਾ ਸੋਧ ਬਿਲ ਦੀ ਹਮਾਇਤ ਕਰਕੇ ਆਪਣੇ ਦੇਸ਼ਭਗਤ ਵਿਰਸੇ ਨੂੰ ਢਾਹ ਲਾਈ ਹੈ, ਜਿਸ ਕਰਕੇ ਇਤਹਾਸ ਉਸ ਨੂੰ ਕਦੀ ਮੁਆਫ ਨਹੀਂ ਕਰੇਗਾ।
ਉਨ੍ਹਾ ਕਿਹਾ ਕਿ ਦੇਸ਼ ਅੱਜ ਸਭ ਤੋਂ ਮੁਸ਼ਕਿਲ ਦੌਰ ਵਿੱਚੋਂ ਲੰਘ ਰਿਹਾ ਹੈ। ਲੋਕਾਂ ਨੂੰ ਅਜੇ ਤਕ 1947 ਦੇ ਜ਼ਖਮ ਨਹੀਂ ਭੁੱਲੇ ਪਰ ਆਰ ਐੱਸ ਐੱਸ ਦਾ ਮੁਖੌਟਾ ਬਣੀ ਭਾਜਪਾ ਵੱਲੋਂ ਦੇਸ਼ ਨੂੰ ਫਿਰ ਤੋਂ ਵੰਡਣ ਦੀਆਂ ਕੋਝੀਆਂ ਕੋਸਿਸ਼ਾਂ ਜਾਰੀ ਹਨ। ਲੋਕਾਂ ਨੂੰ ਝੂਠੇ ਸੁਪਨੇ ਦਿਖਾ ਤੇ ਜੁਮਲਿਆਂ ਨਾਲ ਭਰਮਾ ਕੇ ਦੇਸ਼ ਦੀ ਸੱਤਾ 'ਤੇ ਕਾਬਜ਼ ਹੋਈ ਮੋਦੀ ਸਰਕਾਰ ਹਿੰਦੂ ਰਾਸ਼ਟਰਵਾਦ ਦਾ ਬੇਲੋੜਾ ਮੁੱਦਾ ਚੁੱਕ ਕੇ ਦੇਸ਼ ਦੇ ਲੋਕਾਂ ਦਾ ਧਿਆਨ ਹੋਰ ਪਾਸੇ ਭਟਕਾ ਰਹੀ ਹੈ। ਨਾਗਰਿਕਤਾ ਸੋਧ ਬਿਲ ਦੇਸ਼ ਨੂੰ ਧਾਰਮਿਕ ਅਧਾਰ 'ਤੇ ਵੰਡਣ ਤੇ ਲੋਕਾਂ ਦੇ ਮਨਾਂ ਵਿੱਚ ਸਿਰਫ ਜ਼ਹਿਰ ਭਰਨ ਦਾ ਕੰਮ ਹੀ ਕਰੇਗਾ, ਜਿਸ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਢਾਹ ਲੱਗੇਗੀ। ਮੋਦੀ ਸਰਕਾਰ ਵੱਲੋਂ ਹਰ ਸਾਲ 2 ਕਰੋੜ ਰੁਜ਼ਗਾਰ ਦੇਣ ਦੀ ਗੱਲ ਕਹੀ ਗਈ ਸੀ ਪਰ ਬੇਰੁਜ਼ਗਾਰੀ ਨੇ ਪਿਛਲੇ 45 ਸਾਲਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਸਮੁੱਚੇ ਦੇਸ਼ ਦਾ ਵਪਾਰ ਚੰਦ ਘਰਾਣਿਆਂ ਦੀ ਮੁੱਠੀ ਵਿਚ ਹੋ ਗਿਆ ਹੈ। ਹੁਣ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ-ਨਾਲ ਛੋਟੇ ਵਪਾਰੀ ਵੀ ਘਾਟੇ ਕਾਰਨ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ।
ਰੈਲੀ ਵਿਚ ਜਿਥੇ ਪਾਰਟੀ ਦੇ ਕੌਮੀ ਅਤੇ ਸੂਬਾ ਆਗੂ ਪਹੁੰਚ ਰਹੇ ਹਨ, ਉੱਥੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਵੀ ਵਿਸੇਸ਼ ਤੌਰ 'ਤੇ ਸੰਬੋਧਨ ਕਰਨਗੇ। ਕਾਮਰੇਡ ਅਰਸ਼ੀ ਨੇ ਰੈਲੀ ਵਿਚ ਜਮਹੂਰੀ ਲੋਕਾਂ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਪਾਰਟੀ ਦੇ ਤਹਿਸੀਲ ਸਕੱਤਰ ਕਾ. ਰੂਪ ਸਿੰਘ ਢਿੱਲੋਂ, ਨਗਰ ਪੰਚਾਇਤ ਦੇ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ, ਕੌਂਸਲਰ ਮੱਖਣ ਸਿੰਘ ਹਾਜ਼ੀ, ਕੇਵਲ ਸਿੰਘ, ਮੰਗਤ ਸਿੰਘ, ਕੁਲਦੀਪ ਸਿੰਘ, ਰਣਜੀਵ ਸਿੰਘ, ਬਲਵਿੰਦਰ ਸ਼ਰਮਾ, ਸੇਵਾ ਮੁਕਤ ਕਰਮਚਾਰੀ ਯੂਨੀਅਨ ਦੇ ਆਗੂ ਮਾ. ਚਰਨਜੀਤ ਸਿੰਘ ਧਲੇਵਾਂ, ਦਰਸ਼ਨ ਸਿੰਘ, ਲੱਖਾ ਸਿੰਘ, ਵਿਜੈ ਕੁਮਾਰ, ਗੁਰਨਾਮ ਸਿੰਘ, ਪਿਆਰਾ ਸਿੰਘ, ਜੋਨੀ ਕੁਮਾਰ ਜਿੰਦਲ, ਹਰਦੇਵ ਸਿੰਘ ਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ। ਬਰੇਟਾ (ਰੀਤਵਾਲ) : ਰੈਲੀ ਲਈ ਲਾਮਬੰਦੀ ਦੇ ਹਿੱਸੇ ਵਜੋਂ ਮੰਡੇਰ ਵਿਚ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਅਰਸ਼ੀ ਨੇ ਕਿਹਾ ਕਿ ਦੇਸ਼ ਗੰਭੀਰ ਆਰਥਕ ਸੰਕਟ ਵਿਚੋਂ ਲੰਘ ਰਿਹਾ ਹੈ ਪਰ ਮੋਦੀ ਸਰਕਾਰ ਨੂੰ ਆਰ ਐਸ ਐਸ ਦੇ ਫਿਰਕੂ ਏਜੰਡੇ ਨੂੰ ਲਾਗੂ ਕਰਨ ਦੀ ਚਿੰਤਾ ਹੈ ਤਾਂਕਿ ਦੇਸ਼ ਨੂੰ ਅਖੌਤੀ ਹਿੰਦੂ ਰਾਸ਼ਟਰ ਵਿਚ ਤਬਦੀਲ ਕੀਤਾ ਜਾ ਸਕੇ। ਉਨ੍ਹਾ ਕਿਹਾ ਕਿ ਰੈਲੀ ਵਿਚ ਕਨ੍ਹਈਆ ਕੁਮਾਰ ਤੋਂ ਇਲਾਵਾ ਪਾਰਟੀ ਦੇ ਕੌਮੀ ਸਕੱਤਰ ਡਾ. ਬੀ ਕੇ ਕਾਂਗੋ ਵੀ ਪੁੱਜ ਰਹੇ ਹਨ। ਮੀਟਿੰਗ ਨੂੰ ਕਾਮਰੇਡ ਸ਼ੰਭੂ ਮੰਡੇਰ, ਜ਼ਿਲ੍ਹਾ ਮੀਤ ਸਕੱਤਰ ਸੀਤਾ ਰਾਮ ਗੋਬਿੰਦਪੁਰਾ, ਸਾਬਕਾ ਪੰਚ ਪਰਮਜੀਤ ਕੌਰ ਨੇ ਸੰਬੋਧਨ ਕਰਦਿਆਂ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਦਾ ਸੱਦਾ ਦਿੱਤਾ। ਇਸ ਮੌਕੇ ਮੇਲਾ ਸਿੰਘ ਤੇ ਮਜੀਠਾ ਸਿੰਘ ਨੂੰ ਮੌਜੂਦ ਸਨ।

392 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper