Latest News
ਸੁਖਬੀਰ ਵੱਲੋਂ ਪ੍ਰਧਾਨਗੀ ਦੀ ਚੋਣ ਤੋਂ ਪਹਿਲਾਂ ਜੋੜੇ ਝਾੜਨ ਤੇ ਬਰਤਨ ਸਾਫ ਕਰਨ ਦੀ ਸੇਵਾ

Published on 12 Dec, 2019 10:05 AM.


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ) : ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਬਾਕੀ ਦਲਾਂ ਵੱਲੋ ਆਪਣੀ-ਆਪਣੀ ਸਿਆਸੀ ਜ਼ਮੀਨ ਤਲਾਸ਼ਣ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ 99 ਸਥਾਪਨਾ ਦਿਵਸ ਨੂੰ ਮੁੱਖ ਰੱਖਦਿਆ ਸ਼ਨੀਵਾਰ ਦੋ ਵੱਖ-ਵੱਖ ਸਮਾਗਮ ਕੀਤੇ ਜਾ ਰਹੇ ਹਨ। ਬਾਦਲ ਦਲ ਦੇ ਆਗੂਆਂ ਨੇ ਬੁੱਧਵਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਦੇ ਗੁਰਦੁਆਰੇ ਵਿਖੇ ਅਖੰਡ ਪਾਠ ਦੀ ਆਰੰਭਤਾ ਕਰਵਾਈ ਅਤੇ ਸੰਗਤਾਂ ਦੇ ਜੋੜੇ ਝਾੜਣ ਤੇ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਕੀਤੀ ਜਦ ਕਿ ਪਾਰਟੀ ਦੇ ਆਦੇਸ਼ ਹੋਣ ਦੇ ਬਾਵਜੂਦ ਵੀ ਕਈ ਵੱਡੇ ਨੇਤਾ ਗੈਰ ਹਾਜ਼ਰ ਰਹੇ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਸੀ ਕਿ ਅਕਾਲੀ ਦਲ ਦਾ 99 ਸਥਾਪਨਾ ਦਿਵਸ ਸ਼੍ਰੋਮਣੀ ਕਮੇਟੀ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਮਨਾਇਆ ਜਾਵੇਗਾ ਤੇ ਉਪਰੰਤ ਡੈਲੀਗੇਟ ਇਜਲਾਸ ਵਿੱਚ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ ਜਿਸ ਵਿੱਚ ਕਰੀਬ 500 ਡੈਲੀਗੇਟ ਭਾਗ ਲੈਣਗੇ। ਇਹ ਪਵਿੱਤਰ ਕਾਰਜ ਕਰਨ ਤੋਂ ਪਹਿਲਾਂ 12 ਦਸੰਬਰ ਨੂੰ ਸ੍ਰੀ ਅਖੰਡ ਪਾਠ ਦਾ ਆਰੰਭ ਕੀਤਾ ਜਾਵੇਗਾ ਤੇ 14 ਨੂੰ ਭੋਗ ਪਾਇਆ ਜਾਵੇਗਾ। ਬਾਦਲ ਦਲ ਨਾਲ ਸਬੰਧਿਤ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ, ਵਿਧਾਇਕਾਂ , ਸਾਬਕਾ ਵਿਧਾਇਕਾਂ, ਮੈਂਬਰ ਪਾਰਲੀਮੈਂਟ, ਸਾਬਕਾ ਮੈਂਬਰ ਪਾਰਲੀਮੈਂਟ, ਜ਼ਿਲ੍ਹਾ ਜਥੇਦਾਰਾਂ ਆਦਿ ਨੂੰ ਆਦੇਸ਼ ਦਿੱਤੇ ਗਏ ਸਨ ਕਿ ਉਹ 12 ਦਸੰਬਰ ਨੂੰ ਅੰਮ੍ਰਿਤਸਰ ਪੁੱਜਣ ਤਾਂ ਕਿ ਅਖੰਡ ਪਾਠ ਸਾਹਿਬ ਦੇ ਆਰੰਭ ਉਪਰੰਤ ਸੰਗਤੀ ਰੂਪ ਵਿੱਚ ਵੱਖ-ਵੱਖ ਜੋੜਾਂ ਘਰਾਂ ਵਿੱਚ ਸੰਗਤਾਂ ਦੇ ਜੋੜੇ ਝਾੜੇ ਜਾਣ ਤੇ ਲੰਗਰ ਵਿੱਚ ਸੰਗਤਾਂ ਦੇ ਜੂਠੇ ਬਰਤਨਾਂ ਦੀ ਸਫਾਈ ਦੀ ਸੇਵਾ ਕੀਤੀ ਜਾ ਸਕੇ। ਅਖੰਡ ਪਾਠ ਦੇ ਆਰੰਭ ਕਰਨ ਸਮੇਂ ਵਿਧਾਇਕ, ਸਾਬਕਾ ਵਿਧਾਇਕ ਤੇ ਬਹੁਤ ਸਾਰੇ ਸ਼੍ਰੋਮਣੀ ਕਮੇਟੀ ਮੈਂਬਰ ਗਾਇਬ ਰਹੇ। ਸੁਖਬੀਰ ਸਿੰਘ ਦੇ ਨਾਲ ਉਨ੍ਹਾ ਦੀ ਧਰਮ ਪਤਨੀ ਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਆਦਿ ਹੀ ਨਜ਼ਰ ਆਏ। ਸੁਖਬੀਰ ਸਿੰਘ ਬਾਦਲ ਨਾਲ ਪ੍ਰਛਾਵੇਂ ਦੀ ਤਰ੍ਹਾਂ ਰਹਿਣ ਵਾਲੇ ਡਾ. ਦਲਜੀਤ ਸਿੰਘ ਚੀਮਾ ਵੀ ਜੋੜੇ ਝਾੜਣ ਵੇਲੇ ਬੜੇ ਹੀ ਧਿਆਨ ਨਾਲ ਸੁਖਬੀਰ ਸਿੰਘ ਬਾਦਲ ਨੂੰ ਜੁੱਤੇ ਫੜਾ ਰਹੇ ਸਨ ਤਾਂ ਕਿ ਪਿਛਲੀ ਵਾਰੀ ਵਾਂਗ ਇਸ ਵਾਰੀ ਵੀ ਕਿਤੇ ਉਹ ਸਪੋਰਟਸ ਸ਼ੂ ਹੀ ਨਾ ਸਾਫ ਕਰਕੇ ਹਾਸੋਹੀਣੀ ਕਰਾਉਣ। ਸੁਖਬੀਰ ਸਿੰਘ ਬਾਦਲ ਨੇ ਸਾਥੀਆਂ ਨਾਲ ਪੌਣਾ ਘੰਟਾ ਜੋੜੇ ਸਾਫ ਕੀਤੇ ਤੇ ਪੌਣਾ ਘੰਟਾ ਜੂਠੇ ਬਰਤਨ ਸਾਫ ਕੀਤੇ। ਇਸ ਸਮੇਂ ਸਾਬਕਾ ਪਾਰਲੀਮੈਂਟ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਤੇ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਤੋਤਾ ਸਿੰਘ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਸਾਬਕਾ ਮੰਤਰੀ ਬੀਬੀ ਉਪਿੰਦਰਜੀਤ ਕੌਰ ਤੇ ਬਾਦਲ ਪਰਿਵਾਰ ਦੇ ਬਹੁਤ ਨੇੜਲੇ ਮੈਂਬਰ ਬਲਵਿੰਦਰ ਸਿੰਘ ਭੂੰਦੜ ਵੀ ਗੈਰ ਹਾਜ਼ਰ ਰਹੇ। ਸੇਵਾ ਕਰਨ ਉਪਰੰਤ ਸੁਖਬੀਰ ਸਿੰਘ ਬਾਦਲ ਤਾਜ ਹੋਟਲ ਵਿੱਚ ਅਰਾਮ ਕਰਨ ਲਈ ਪੁੱਜ ਗਏ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼ੁੱਕਰਵਾਰ ਅਕਾਲੀ ਦਲ ਬਾਦਲ ਦੀ ਵਰਕਰਜ਼ ਕਮੇਟੀ ਦੀ ਮੀਟਿੰਗ ਹੈ ਜਿਸ ਵਿੱਚ ਬਾਕੀ ਲੀਡਰਾਂ ਵੱਲੋ ਸ਼ਮੂਲੀਅਤ ਕੀਤੇ ਜਾਣ ਦੀ ਸੰਭਾਵਨਾ ਹੈ। ਬਿਕਰਮ ਸਿੰਘ ਮਜੀਠੀਆ ਆਪਣੇ ਪੂਰੇ ਲਾਮ ਲਸ਼ਕਰ ਸਮੇਤ ਪੁੱਜੇ।ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ, ਅਕਾਲੀ ਦਲ 1920, ਲੋਕ ਇਨਸਾਫ ਪਾਰਟੀ ਦੇ ਬੈਂਸ ਬ੍ਰਦਰਜ਼, ਜਾਗੋ ਪਾਰਟੀ ਦਿੱਲੀ, ਸ਼੍ਰੋਮਣੀ ਅਕਾਲੀ ਦਲ ਦਿੱਲੀ, ਸੁਖਪਾਲ ਸਿੰਘ ਖਹਿਰਾ ਆਦਿ ਨੂੰ ਲਾਮਬੰਦ ਕਰਕੇ ਸੁਖਦੇਵ ਸਿੰਘ ਢੀਂਡਸਾ ਵੀ ਬਰਾਬਰ ਦਾ ਇੱਕ ਸਮਾਗਮ ਅੰਮ੍ਰਿਤਸਰ ਵਿੱਚ ਕਰ ਰਹੇ ਹਨ। ਇਸ ਵਿੱਚ ਸ਼ਾਮਲ ਹੋਣ ਲਈ ਸੱਦਾ ਤਾਂ ਨਵਜੋਤ ਸਿੰਘ ਸਿੱਧੂ ਨੂੰ ਵੀ ਦਿੱਤਾ ਗਿਆ ਹੈ ਪਰ ਉਹ ਕਾਂਗਰਸ ਦੇ ਆਦੇਸ਼ਾਂ ਨੂੰ ਪਹਿਲ ਦੇਣਗੇ। ਜਾਣਕਾਰੀ ਮੁਤਾਬਕ ਢੀਂਡਸਾ ਵੱਲਂੋ ਸਾਰੇ ਹੀ ਨਾਰਾਜ਼ ਘਰਾਂ ਵਿੱਚ ਬੈਠੇ ਅਕਾਲੀ ਆਗੂਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ ਕਿ ਉਹ ਵੱਡੀ ਗਿਣਤੀ ਵਿੱਚ ਇਸ ਸਮਾਗਮ ਵਿੱਚ ਪੁੱਜਣ । ਉਨ੍ਹਾ ਨੂੰ ਆਸ ਵੀ ਹੈ ਕਿ ਉਸ ਦਿਨ ਉਹ ਮੂਰਤਾਂ ਵੀ ਬਾਗੀ ਖੇਮੇ ਵਿੱਚ ਬੈਠੀਆਂ ਵੇਖਣ ਨੂੰ ਮਿਲਣਗੀਆਂ ਜਿਨ੍ਹਾਂ ਬਾਰੇ ਕਿਆਸ-ਅਰਾਈਆਂ ਲਗਾਈਆਂ ਜਾ ਸਕਦੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਅਕਾਲੀ ਦਲ ਦੀ ਸਥਾਪਨਾ 1920 ਵਿੱਚ ਕੀਤੀ ਗਈ ਸੀ ਤੇ ਇਸ ਦਾ ਪ੍ਰਧਾਨ ਹਮੇਸ਼ਾ ਹੀ ਅੰਮ੍ਰਿਤਧਾਰੀ ਤੇ ਗਾਤਰਾ ਉਪਰ ਦੀ ਪਾਉਂਦਾ ਸੀ ਪਰ ਜਦੋਂ ਦੀ ਇਹ ਕਮਾਂਡ ਬਾਦਲ ਪਰਿਵਾਰ ਨੇ ਸੰਭਾਲੀ ਹੈ ਉਨ੍ਹਾਂ ਨੇ ਇਨ੍ਹਾਂ ਸਿਧਾਂਤਾਂ ਨਾਲ ਖਿਲਵਾੜ ਕੀਤਾ ਹੈ।
ਉਨ੍ਹਾ ਕਿਹਾ ਕਿ ਅਕਾਲੀ ਦਲ ਦਾ ਭੋਗ ਤਾਂ ਬਾਦਲ ਪਰਿਵਾਰ ਨੇ 1995 ਵਿੱਚ ਹੋਈ ਮੋਗਾ ਕਨਵੈਨਸ਼ਨ ਦੌਰਾਨ ਪਾ ਦਿੱਤਾ ਸੀ ਜਦੋਂ ਪਾਰਟੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਸਟੇਜ ਤਂੋ ਐਲਾਨ ਕਰ ਦਿੱਤਾ ਸੀ ਕਿ ਅਕਾਲੀ ਦਲ ਹੁਣ ਪੰਥਕ ਪਾਰਟੀ ਨਹੀਂ ਰਹੀ ਸਗੋ ਪੰਜਾਬੀ ਪਾਰਟੀ ਬਣ ਗਈ ਹੈ। ਉਸ ਤਂੋ ਬਾਅਦ ਸੁਖਬੀਰ ਸਿੰਘ ਬਾਦਲ ਨੇ 31 ਜਨਵਰੀ 2008 ਵਿਚ ਪ੍ਰਧਾਨਗੀ ਸੰਭਾਲੀ। ਇਸ ਤਰ੍ਹਾਂ ਪਿਤਾ-ਪੁਰਖੀ ਪ੍ਰਧਾਨਗੀ ਆਰੰਭ ਹੋਈ ਜਦ ਕਿ ਇਸ ਤੋਂ ਪਹਿਲਾਂ ਲਿਆਕਤ ਤੇ ਸੀਨੀਆਰਤਾ ਨੂੰ ਮੁੱਖ ਰੱਖਿਆ ਜਾਂਦਾ ਸੀ। ਸੁਖਬੀਰ ਸਿੰਘ ਬਾਦਲ ਦੇ ਪ੍ਰਧਾਨਗੀ ਸੰਭਾਲਦਿਆਂ ਹੀ ਚਿੰਟੂ ਮਿੰਟੂ ਆਹੁਦੇਦਾਰ ਬਨਣ ਲੱਗ ਪਏ ਤੇ ਜਥੇਦਾਰ ਨਰਿੰਦਰ ਕੁਮਾਰ ਜੈਨ ਜਿਲ੍ਹਾ ਪ੍ਰਧਾਨ, ਜਥੇਦਾਰ ਇਜ਼ਹਾਰ ਆਲਮ ਵਰਗੇ ਪੁਲਸ ਅਫਸਰ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਬਨਣ ਲੱਗ ਪਏ। ਉਨ੍ਹਾ ਕਿਹਾ ਕਿ ਜ਼ਿਲ੍ਹਾ ਜਥੇਦਾਰਾਂ ਦੀ ਤਾਂ ਬਾਦਲ ਪਰਿਵਾਰ ਨੇ ਰੂਪ ਰੇਖਾ ਹੀ ਵਿਗਾੜ ਦਿੱਤੀ ਹੈ। ਮੁੱਖ ਰੂਪ ਵਿੱਚ 14 ਤਰੀਕ ਨੂੰ ਹੋਣ ਵਾਲੇ ਪੰਥ ਦੇ ਨਾਮ 'ਤੇ ਦੋ ਸਮਾਗਮ ਫੈਸਲਾ ਕਰਨਗੇ ਕਿ ਭਵਿੱਖ ਵਿੱਚ ਪੰਥ ਦੀ ਅਗਵਾਈ ਕਿਸ ਨੇ ਕਿਸ ਤਰ੍ਹਾਂ ਕਰਨੀ ਹੈ। ਢੀਂਡਸਾ ਹਰ ਕਦਮ ਫੂਕ ਫੂਕ ਕੇ ਰੱਖ ਰਹੇ ਹਨ ਜਦ ਕਿ ਸੁਖਬੀਰ ਸਿੰਘ ਬਾਦਲ ਨੂੰ ਅਗਵਾਈ ਆਪਣੇ ਆਪ ਨੂੰ ਸਿਆਸਤ ਦਾ ਡਾਕਟਰ ਅਖਵਾਉਣ ਵਾਲੇ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀ ਮਿਲ ਰਹੀ ਹੈ। ਢੀਂਡਸਾ ਬਾਰੇ ਇਹ ਵੀ ਚਰਚਾ ਹੈ ਕਿ ਉਨ੍ਹਾ ਨੂੰ ਦਿੱਲੀ ਦੇ ਹਾਕਮਾਂ ਦਾ ਵੀ ਅਸ਼ੀਰਵਾਦ ਹਾਸਲ ਹੈ ਤੇ ਭਵਿੱਖ ਵਿੱਚ ਲੀਕ ਖਿੱਚ ਕੇ ਬਾਦਲ ਦਾ ਮੁਕਾਬਲਾ ਕਰਨ 'ਤੇ ਉਨ੍ਹਾ ਨੂੰ ਹਰਸਿਮਰਤ ਕੌਰ ਬਾਦਲ ਦੀ ਥਾਂ 'ਤੇ ਕੇਂਦਰੀ ਮੰਤਰੀ ਵੀ ਬਣਾਇਆ ਜਾ ਸਕਦਾ ਹੈ।

360 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper