Latest News
ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਦਾ ਦੌਰਾ ਐਨ ਮੌਕੇ 'ਤੇ ਰੱਦ

Published on 12 Dec, 2019 10:07 AM.


ਢਾਕਾ : ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏ ਕੇ ਅਬਦੁੱਲ ਮੋਮੇਨ ਨੇ ਵੀਰਵਾਰ ਭਾਰਤ ਦਾ ਦੌਰਾ ਕੁਝ ਘੰਟੇ ਪਹਿਲਾਂ ਰੱਦ ਕਰ ਦਿੱਤਾ। ਉਨ੍ਹਾ ਵਿਦੇਸ਼ ਮੰਤਰਾਲੇ ਦੇ ਈਵੈਂਟ 'ਦਿੱਲੀ ਡਾਇਲਾਗ' ਵਿਚ ਹਿੱਸਾ ਲੈਣਾ ਸੀ। ਭਾਰਤੀ ਸੰਸਦ ਵੱਲੋਂ ਮੁਸਲਮ ਬਹੁਗਿਣਤੀ ਵਾਲੇ ਦੇਸ਼ਾਂ ਬੰਗਲਾਦੇਸ਼, ਪਾਕਿਸਤਾਨ ਤੇ ਅਫਗਾਨਿਸਤਾਨ ਵਿਚ ਜ਼ੁਲਮਾਂ ਦਾ ਸ਼ਿਕਾਰ ਹੋਣ ਵਾਲੀਆਂ ਧਾਰਮਿਕ ਘੱਟਗਿਣਤੀਆਂ ਦੇ ਲੋਕਾਂ ਨੂੰ ਨਾਗਰਿਕਤਾ ਦੇਣ ਬਾਰੇ ਪਾਸ ਕੀਤੇ ਗਏ ਬਿੱਲ ਤੋਂ ਬਾਅਦ ਮੋਮੇਨ ਦਾ ਦੌਰਾ ਰੱਦ ਹੋਇਆ ਹੈ।
ਹਾਲਾਂਕਿ ਬੰਗਲਾਦੇਸ਼ ਨੇ ਇਸ ਦਾ ਕਾਰਨ ਨਹੀਂ ਦੱਸਿਆ ਹੈ, ਪਰ ਸੰਕੇਤ ਹਨ ਕਿ ਬੰਗਲਾਦੇਸ਼ ਬਿੱਲ ਪਾਸ ਕਰਾਉਣ ਲਈ ਭਾਰਤ ਸਰਕਾਰ ਵੱਲੋਂ ਦਿੱਤੀ ਦਲੀਲ ਤੋਂ ਨਾਰਾਜ਼ ਹੈ। ਮੋਮੇਨ ਨੇ ਮੰਗਲਵਾਰ ਅਖਬਾਰ ਢਾਕਾ ਟ੍ਰਿਬਿਊਨ ਨਾਲ ਗੱਲਬਾਤ ਵਿਚ ਕਿਹਾ ਸੀ, ''ਉਹ ਬੰਗਲਾਦੇਸ਼ ਵਿਚ ਹਿੰਦੂਆਂ 'ਤੇ ਅੱਤਿਆਚਾਰ ਦੀ ਜਿਹੜੀ ਗੱਲ ਕਹਿ ਰਹੇ ਹਨ, ਉਹ ਸੱਚ ਨਹੀਂ। ਦੁਨੀਆ ਵਿਚ ਕੁਝ ਕੁ ਦੇਸ਼ ਹਨ, ਜਿੱਥੇ ਬੰਗਲਾਦੇਸ਼ ਵਰਗੀ ਫਿਰਕੂ ਇਕਸੁਰਤਾ ਹੈ। ਸਾਡੇ ਕੋਈ ਘੱਟਗਿਣਤੀ ਨਹੀਂ। ਅਸੀਂ ਸਾਰੇ ਬਰਾਬਰ ਹਾਂ। ਜੇ ਉਹ (ਅਮਿਤ ਸ਼ਾਹ) ਬੰਗਲਾਦੇਸ਼ ਵਿਚ ਕੁਝ ਮਹੀਨੇ ਰਹਿੰਦੇ ਤਾਂ ਉਹ ਸਾਡੇ ਦੇਸ਼ ਦੀ ਮਿਸਾਲੀ ਫਿਰਕੂ ਇਕਸੁਰਤਾ ਦੇਖ ਲੈਂਦੇ।'' ਗੈਰਕਾਨੂੰਨੀ ਪ੍ਰਵਾਸ ਨੂੰ ਲੈ ਕੇ ਭਾਜਪਾ ਦੇ ਆਗੂ ਅਕਸਰ ਕਹਿੰਦੇ ਹਨ ਕਿ ਬੰਗਲਾਦੇਸ਼ੀ ਗੈਰਕਾਨੂੰਨੀ ਘੁਸਪੈਠੀਆਂ ਨੂੰ ਬਾਹਰ ਕੱਢ ਦੇਵਾਂਗੇ। ਅਮਿਤ ਸ਼ਾਹ ਨੇ ਝਾਰਖੰਡ ਦੀ ਰੈਲੀ ਵਿਚ ਕਿਹਾ ਸੀ ਕਿ ਇਨ੍ਹਾਂ ਨੂੰ 2024 ਦੀਆਂ ਚੋਣਾਂ ਤੋਂ ਪਹਿਲਾਂ ਕੱਢ ਦੇਣਾ ਹੈ। ਮੋਮੇਨ ਵੱਲੋਂ ਦੌਰਾ ਰੱਦ ਕਰ ਦੇਣ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸਫਾਈ ਦਿੱਤੀ ਹੈ ਕਿ ਦੌਰਾ ਬਿੱਲ ਕਾਰਨ ਅੱਗੇ ਨਹੀਂ ਪਾਇਆ ਗਿਆ। 16 ਦਸੰਬਰ ਨੂੰ ਬੰਗਲਾਦੇਸ਼ ਦੇ ਜੇਤੂ ਦਿਵਸ ਕਾਰਨ ਪਾਇਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਨੇ ਕਦੇ ਨਹੀਂ ਕਿਹਾ ਕਿ ਬੰਗਲਾਦੇਸ਼ ਵਿਚ ਘਟਗਿਣਤੀਆਂ 'ਤੇ ਅਤਿਆਚਾਰ ਵਰਤਮਾਨ ਸਰਕਾਰ ਤਹਿਤ ਹੋਏ ਹਨ।

218 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper