Latest News
ਅਸਾਮ 'ਚ ਲੋਕ ਕਰਫਿਊ ਤੋੜ ਕੇ ਸੜਕਾਂ 'ਤੇ

Published on 12 Dec, 2019 10:12 AM.


ਗੁਹਾਟੀ : ਨਾਗਰਿਕਤਾ ਸੋਧ ਬਿੱਲ ਵਿਰੁੱਧ ਉੱਤਰ-ਪੂਰਬ ਵਿਚ ਗੁੱਸਾ ਵੀਰਵਾਰ ਵੀ ਜਾਰੀ ਰਿਹਾ। ਕਰਫਿਊ ਦੇ ਬਾਵਜੂਦ ਅਸਾਮ ਦੀ ਰਾਜਧਾਨੀ ਗੁਹਾਟੀ ਵਿਚ ਲੋਕਾਂ ਨੇ ਵੱਡਾ ਇਕੱਠ ਕਰਕੇ ਅੰਦੋਲਨ ਜਾਰੀ ਰੱਖਣ ਦਾ ਪ੍ਰਣ ਕੀਤਾ। ਅਸਾਮ ਵਿਚ ਇਕ ਵਿਧਾਇਕ ਦਾ ਘਰ ਸਾੜ ਦਿੱਤਾ ਗਿਆ, ਵਾਹਨਾਂ ਨੂੰ ਅੱਗ ਲਾਉਣ ਤੋਂ ਇਲਾਵਾ ਇਕ ਸਰਕਲ ਦਫਤਰ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ। ਲੋਕਾਂ ਨੇ ਗੁਹਾਟੀ ਵਿਚ ਅਸਾਮ ਗਣ ਪ੍ਰੀਸ਼ਦ ਦੇ ਹੈੱਡਕੁਆਰਟਰ 'ਤੇ ਵੀ ਹਮਲਾ ਕੀਤਾ ਹੈ। ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਤੇ ਕੇਂਦਰੀ ਮੰਤਰੀ ਰਮੇਸ਼ਵਰ ਤੇਲੀ ਦੇ ਘਰਾਂ ਨੂੰ ਵੀ ਲੋਕਾਂ ਨੇ ਨਿਸ਼ਾਨਾ ਬਣਾਇਆ। ਤੇਜਪੁਰ ਵਿਚ ਭਾਜਪਾ ਦੇ ਦਫਤਰ ਅਤੇ ਡਿਬਰੂਗੜ੍ਹ, ਸਾਧਾ ਤੇ ਤੇਜਪੁਰ ਵਿਚ ਆਰ ਐਸ ਐਸ ਦੇ ਦਫਤਰਾਂ 'ਤੇ ਵੀ ਹਮਲੇ ਹੋਏ ਹਨ। ਸਰਕਾਰ ਨੇ ਗੁਹਾਟੀ ਦੇ ਪੁਲਸ ਕਮਿਸ਼ਨਰ ਸਣੇ ਦੋ ਵੱਡੇ ਪੁਲਸ ਅਫਸਰ ਬਦਲ ਦਿੱਤੇ। ਦੀਪਕ ਕੁਮਾਰ ਦੀ ਥਾਂ ਮੁੰਨਾ ਪ੍ਰਸਾਦ ਗੁਪਤਾ ਨੂੰ ਨਵਾਂ ਪੁਲਸ ਕਮਿਸ਼ਨਰ ਲਾਇਆ ਗਿਆ ਹੈ ਜਦਕਿ ਮੁਕੇਸ਼ ਅਗਰਵਾਲ ਦੀ ਥਾਂ ਜੀ ਪੀ ਸਿੰਘ ਨੂੰ ਨਵਾਂ ਐਡੀਸ਼ਨਲ ਡਾਇਰੈਕਟਰ ਜਨਰਲ (ਲਾਅ ਐਂਡ ਆਰਡਰ) ਨਿਯੁਕਤ ਕੀਤਾ ਗਿਆ ਹੈ। ਸੂਬੇ ਭਰ ਵਿਚ ਵਿਦਿਅਕ ਅਦਾਰੇ ਬੰਦ ਹਨ। ਅਸਾਮ ਤੇ ਤ੍ਰਿਪੁਰਾ ਵੱਲ ਕਈ ਉਡਾਣਾਂ ਤੇ ਟਰੇਨਾਂ ਰੱਦ ਕਰਨੀਆਂ ਪਈਆਂ ਹਨ। ਅਸਾਮ ਦੇ 10 ਜ਼ਿਲ੍ਹਿਆਂ ਵਿਚ ਇੰਟਰਨੈੱਟ ਸੇਵਾ 'ਤੇ ਰੋਕ ਵਧਾ ਦਿੱਤੀ ਗਈ ਹੈ।
ਰੋਸਕਾਰੀਆਂ ਨੇ ਚਬੁਆ ਵਿਚ ਵਿਧਾਇਕ ਬਿਨੋਦ ਹਜ਼ਾਰਿਕਾ ਦੇ ਘਰ ਨੂੰ ਅੱਗ ਲਾਈ। ਕਰਫਿਊ ਤੋੜ ਕੇ ਹਜ਼ਾਰਾਂ ਲੋਕ ਗੁਹਾਟੀ ਦੀਆਂ ਸੜਕਾਂ 'ਤੇ ਆ ਗਏ। ਪੁਲਸ ਨੇ ਉਨ੍ਹਾਂ ਨੂੰ ਖਿੰਡਾਉਣ ਲਈ ਫਾਇਰਿੰਗ ਵੀ ਕੀਤੀ। ਪੁਲਸ ਦਾ ਦਾਅਵਾ ਹੈ ਕਿ ਗੁਹਾਟੀ ਦੇ ਲਾਲੁੰਗ ਗਾਓਂ ਇਲਾਕੇ ਵਿਚ ਪਥਰਾਅ ਤੋਂ ਬਾਅਦ ਫਾਇਰਿੰਗ ਕੀਤੀ ਗਈ। ਅੰਦੋਲਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਦੇ 4 ਸਾਥੀ ਜ਼ਖਮੀ ਹੋ ਗਏ। ਪੁਲਸ ਨੇ ਗੁਹਾਟੀ-ਸ਼ਿਲਾਂਗ ਰੋਡ ਸਮੇਤ ਕਈ ਹੋਰ ਇਲਾਕਿਆਂ ਵਿਚ ਹਵਾਈ ਫਾਇਰਿੰਗ ਕੀਤੀ। ਗੁਹਾਟੀ-ਸ਼ਿਲਾਂਗ ਰੋਡ ਜੰਗ ਦਾ ਮੈਦਾਨ ਬਣ ਗਈ। ਅੰਦੋਲਨਕਾਰੀਆਂ ਨੇ ਕਈ ਦੁਕਾਨਾਂ ਤੇ ਇਮਾਰਤਾਂ ਦੀ ਭੰਨਤੋੜ ਕੀਤੀ ਤੇ ਪੁਲਸ ਨਾਲ ਝੜਪਾਂ ਲਈਆਂ। ਗੁਹਾਟੀ-ਸ਼ਿਲਾਂਗ ਰੋਡ 'ਤੇ ਕ੍ਰਿਸਚੀਅਨ ਬਸਤੀ ਕੋਲ ਅਸਾਮ ਪੁਲਸ ਦੇ ਮੁਖੀ ਭਾਸਕਰ ਦੇ ਕਾਫਲੇ 'ਤੇ ਵੀ ਪਥਰਾਅ ਕੀਤਾ ਗਿਆ।
ਵਿਦਿਆਰਥੀ ਜਥੇਬੰਦੀ ਆਲ ਆਸਾਮ ਸਟੂਡੈਂਟਸ ਯੂਨੀਅਨ (ਆਸੂ) ਤੇ ਕਿਸਾਨ ਜਥੇਬੰਦੀ ਕੇ ਐਮ ਐਸ ਐਸ ਦੇ ਸੱਦੇ 'ਤੇ ਲਤਾਸ਼ੀਲ ਮੈਦਾਨ ਵਿਚ ਸੱਦੇ ਗਏ ਇਕੱਠ ਵਿਚ ਸੈਂਕੜੇ ਲੋਕ ਸ਼ਾਮਲ ਹੋਏ। ਰੋਕਾਂ ਦੇ ਬਾਵਜੂਦ ਇਸ ਇਕੱਠ ਵਿਚ ਜ਼ੁਈਨ ਗਰਗ ਸਮੇਤ ਫਿਲਮ ਤੇ ਸੰਗੀਤ ਜਗਤ ਦੀਆਂ ਨਾਮੀ ਹਸਤੀਆਂ ਤੋਂ ਇਲਾਵਾ ਕਾਲਜਾਂ ਤੇ ਯੂਨੀਵਰਸਿਟੀ ਦੇ ਵਿਦਿਆਰਥੀ ਪੁੱਜੇ। ਆਸੂ ਦੇ ਸਲਾਹਕਾਰ ਸਮੁਜਲ ਭੱਟਾਚਾਰੀਆ ਨੇ ਇਕੱਠ ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਬਿੱਲ ਪਾਸ ਕਰਕੇ ਅਸਾਮ ਦੇ ਲੋਕਾਂ ਨਾਲ ਦਗਾ ਕੀਤਾ ਹੈ। ਆਸੂ ਤੇ ਨਾਰਥ ਈਸਟ ਸਟੂਡੈਂਟਸ ਆਰਗੇਨਾਈਜ਼ੇਸ਼ਨ (ਨੇਸੋ) ਦੇ ਆਗੂਆਂ ਨੇ ਕਿਹਾ ਕਿ ਬਿੱਲ ਵਿਰੁੱਧ ਹਰ ਸਾਲ 12 ਦਸੰਬਰ ਨੂੰ ਕਾਲਾ ਦਿਨ ਮਨਾਇਆ ਜਾਵੇਗਾ। ਕਾਮਰੂਪ ਜ਼ਿਲ੍ਹੇ ਵਿਚ ਦਫਤਰ, ਸਕੂਲ ਤੇ ਕਾਲਜ ਮੁਕੰਮਲ ਬੰਦ ਰਹੇ। ਦੁਕਾਨਾਂ ਵੀ ਨਹੀਂ ਖੁੱਲ੍ਹੀਆਂ ਅਤੇ ਨੈਸ਼ਨਲ ਹਾਈਵੇ 31 ਸਮੇਤ ਪ੍ਰਮੁਖ ਸੜਕਾਂ 'ਤੇ ਮੋਟਰ-ਗੱਡੀਆਂ ਨਹੀਂ ਚੱਲੀਆਂ। ਪੁਲਸ ਨੇ ਕਿਹਾ ਕਿ ਉਸਨੇ ਰੰਗੀਆ ਕਸਬੇ ਵਿਚ ਪਥਰਾਅ ਕਰ ਰਹੇ ਤੇ ਟਾਇਰ ਸਾੜ ਰਹੇ ਲੋਕਾਂ 'ਤੇ ਤਿੰਨ ਗੋਲੀਆਂ ਚਲਾਈਆਂ। ਅੰਦੋਲਨਕਾਰੀਆਂ 'ਤੇ ਕਸਬੇ ਵਿਚ ਕਈ ਥਾਈਂ ਲਾਠੀਆਂ ਵਰ੍ਹਾਈਆਂ ਗਈਆਂ। ਪੁਲਸ ਨੇ ਗੋਲਾਘਾਟ ਜ਼ਿਲ੍ਹੇ ਵਿਚ ਨੈਸ਼ਨਲ ਹਾਈਵੇ 39 ਰੋਕ ਰਹੇ ਲੋਕਾਂ 'ਤੇ ਵੀ ਫਾਇਰਿੰਗ ਕੀਤੀ। ਚਾਹ ਬਾਗਾਨ ਦੇ ਵਰਕਰਾਂ ਨੇ ਲਖੀਮਪੁਰ ਤੇ ਚਾਰੈਦਿਓ ਜ਼ਿਲ੍ਹਿਆਂ ਅਤੇ ਗੋਲਾਘਾਟ ਦੇ ਨੁਮਾਲੀਗੜ੍ਹ ਤੇ ਤਿਨਸੁਕੀਆ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿਚ ਕੰਮ ਬੰਦ ਕਰ ਦਿੱਤਾ ਹੈ। ਸੂਬੇ ਵਿਚ ਕਈ ਥਾਈਂ ਫੌਜ ਲਾ ਦਿੱਤੀ ਗਈ ਹੈ ਅਤੇ ਉਹ ਗੁਹਾਟੀ, ਤਿਨਸੁਕੀਆ, ਜੋਰਹਾਟ ਤੇ ਡਿਬਰੂਗੜ੍ਹ ਵਿਚ ਫਲੈਗ ਮਾਰਚ ਕਰ ਰਹੀ ਸੀ। ਨਾਗਾਲੈਂਡ ਸਰਕਾਰ ਨੇ ਲੋਲੇਂਗ ਤੋਂ ਵਾਇਆ ਅਸਾਮ ਆਉਣ ਵਾਲੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।

568 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper