Latest News
ਸੰਵਿਧਾਨ ਦੀ ਰਾਖੀ ਕਰਦੇ ਲੋਕਾਂ ਨੂੰ ਮਾਰਿਆ ਜਾ ਰਿਹੈ : ਕੈਪਟਨ

Published on 14 Dec, 2019 11:18 AM.

ਚੰਡੀਗੜ੍ਹ (ਗੁਰਜੀਤ ਬਿੱਲਾ)
ਨਾਗਰਿਕਤਾ ਸੋਧ ਬਿੱਲ ਦੇ ਸੰਦਰਭ ਵਿੱਚ ਅਫਗਾਨਿਸਤਾਨ ਦੇ ਸਿੱਖਾਂ ਬਾਰੇ ਸੁਖਬੀਰ ਬਾਦਲ ਵੱਲੋਂ ਕੀਤੀ ਟਿੱਪਣੀ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਜਾਪਦਾ ਹੈ, ਜਿਵੇਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੰਵਿਧਾਨਿਕ ਕਦਰਾਂ-ਕੀਮਤਾਂ ਦੀ ਰਾਖੀ ਕਰਨ ਦੀ ਬਜਾਏ ਘਟੀਆ ਸਿਆਸਤ ਖੇਡਣ ਵਿੱਚ ਵਧੇਰੇ ਦਿਲਚਸਪੀ ਰੱਖਦਾ ਹੈ। ਇਸ ਮਸਲੇ 'ਤੇ ਸੁਖਬੀਰ ਬਾਦਲ ਵੱਲੋਂ ਕੀਤੀ ਬਿਆਨਬਾਜ਼ੀ 'ਤੇ ਉਸ ਨੂੰ ਸਵਾਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, 'ਕੀ ਤੁਹਾਨੂੰ ਸ਼ਰਮ ਨਹੀਂ ਆਉਂਦੀ? ਤੁਸੀਂ ਆਪਣੇ ਸੌੜੇ ਸਿਆਸੀ ਮੁਫਾਦਾਂ ਖਾਤਰ ਮੁਲਕ ਦੇ ਧਰਮ-ਨਿਰਪੱਖ ਸਰੂਪ ਨੂੰ ਤਬਾਹ ਕਰਨ 'ਤੇ ਤੁਲੇ ਹੋਏ ਹੋ।'
ਮੁੱਖ ਮੰਤਰੀ ਨੇ ਕਿਹਾ ਕਿ ਮੁਲਕ ਦੇ ਧਰਮ-ਨਿਰਪੱਖ ਚਰਿੱਤਰ ਅਤੇ ਸੰਵਿਧਾਨ ਦੀ ਰਾਖੀ ਖਾਤਰ ਲੜਾਈ ਲੜ ਰਹੇ ਲੋਕ ਮਾਰੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਸੁਖਬੀਰ ਅਜਿਹੀ ਗੰਭੀਰ ਸਥਿਤੀ 'ਤੇ ਹੋਛੀ ਪੱਧਰ ਦੀ ਸਿਆਸਤ ਖੇਡਣ ਵਿੱਚ ਰੁੱਝਿਆ ਹੋਇਆ ਹੈ। ਭਾਰਤ ਦੇ ਜਮਹੂਰੀ ਅਤੇ ਧਰਮ ਨਿਰਪੱਖਤਾ ਦੇ ਵਿਲੱਖਣ ਅਤੇ ਨਿਆਰੇਪਣ ਨੂੰ ਕਾਇਮ ਰੱਖਣ ਲਈ ਸਭ ਕੁਝ ਦਾਅ 'ਤੇ ਲੱਗਾ ਹੋਇਆ ਹੈ।
ਸੁਖਬੀਰ ਨੇ ਇਹ ਸਵਾਲ ਕੀਤਾ ਸੀ ਕਿ ਕੀ ਅਮਰਿੰਦਰ ਸਿੰਘ ਅਫਗਾਨਿਸਤਾਨ ਤੋਂ ਹਿਜ਼ਰਤ ਕਰਨ ਵਾਲੇ ਸਿੱਖਾਂ ਨੂੰ ਭਾਰਤੀ ਨਾਗਰਿਕਤਾ ਮਿਲਣ ਦੇ ਹੱਕ ਵਿੱਚ ਨਹੀਂ, ਜਿਸ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਸਲਾ ਇਸ ਵੇਲੇ ਕਿਸੇ ਖਾਸ ਭਾਈਚਾਰੇ ਨੂੰ ਨਾਗਰਿਕਤਾ ਦੇਣ ਜਾਂ ਨਾ ਦੇਣ ਦਾ ਨਹੀਂ, ਸਗੋਂ ਇਹ ਮਸਲਾ ਕੇਂਦਰ ਸਰਕਾਰ ਵੱਲੋਂ ਸਾਡੇ ਸੰਵਿਧਾਨ ਜੋ ਮੁਲਕ ਦੀ ਹੋਂਦ ਦਾ ਅਧਾਰ ਹੈ, ਨਾਲ ਛੇੜ-ਛਾੜ ਕੀਤੇ ਜਾਣ ਦੀ ਖਤਰਨਾਕ ਕੋਸ਼ਿਸ਼ ਨਾਲ ਜੁੜਿਆ ਹੈ ਅਤੇ ਅਤੇ ਕੇਂਦਰ ਸਰਕਾਰ ਵਿੱਚ ਅਕਾਲੀ ਦਲ ਵੀ ਭਾਈਵਾਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕੀ ਸ਼੍ਰੋਮਣੀ ਅਕਾਲੀ ਦਲ ਨੇ ਇਸ ਬਿੱਲ ਬਾਰੇ ਆਪਣੇ ਮੁੱਢਲੇ ਪ੍ਰਤੀਕ੍ਰਮ ਵਿੱਚ ਇਹ ਨਹੀਂ ਕਿਹਾ ਸੀ ਕਿ ਇਸ ਸੋਧ ਬਿੱਲ ਦਾ ਲਾਭ ਮੁਸਲਮਾਨਾਂ ਨੂੰ ਵੀ ਦਿੱਤਾ ਜਾਣਾ ਚਾਹੀਦਾ ਹੈ? ਉਨ੍ਹਾ ਇਸ ਮਸਲੇ 'ਤੇ ਅਕਾਲੀਆਂ ਵੱਲੋਂ ਯੂ-ਟਰਨ ਲਏ ਜਾਣ 'ਤੇ ਇਸ ਦਾ ਜਵਾਬ ਦੇਣ ਲਈ ਆਖਿਆ। ਉਨ੍ਹਾ ਕਿਹਾ ਕਿ ਸੁਖਬੀਰ ਦੇ ਅੰਤਰ-ਵਿਰੋਧੀ ਬਿਆਨਾਂ ਨਾਲ ਇੱਕ ਵਾਰ ਫਿਰ ਇਹ ਸਿੱਧ ਹੋ ਗਿਆ ਕਿ ਉਹ ਇੱਕ ਅਸੂਲਹੀਣ ਨੇਤਾ ਹੈ, ਜਿਸ ਦੇ ਪੱਲੇ ਨਾ ਤਾਂ ਕਦਰਾਂ-ਕੀਮਤਾਂ ਹਨ ਅਤੇ ਨਾ ਹੀ ਨੈਤਿਕਤਾ ਹੈ। ਉਨ੍ਹਾ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਮਸਲੇ 'ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਆਖਿਆ।
ਕੈਪਟਨ ਨੇ ਕਿਹਾ ਕਿ ਭਾਰਤ ਦੀਆਂ ਧਰਮ-ਨਿਰਪੱਖ ਤੰਦਾਂ ਹਮੇਸ਼ਾ ਹੀ ਇਸ ਦੀਆਂ ਮਜ਼ਬੂਤ ਅਧਾਰ ਰਹੀਆਂ ਹਨ ਅਤੇ ਇਸ ਨਾਲ ਕਿਸੇ ਕਿਸਮ ਦੀ ਛੇੜ-ਛਾੜ ਦੀ ਕਾਂਗਰਸ ਪਾਰਟੀ ਅਤੇ ਦੇਸ਼ ਵਾਸੀ ਡਟ ਕੇ ਮੁਖਾਲਫ਼ਤ ਕਰਨਗੇ। ਅਸਾਮ ਵਿੱਚ ਕਾਰਗਿਲ ਜੰਗ ਦੇ ਇਕ ਯੋਧੇ ਨੂੰ ਵਿਦੇਸ਼ੀ ਦੱਸ ਕੇ ਨਜ਼ਰਬੰਦੀ ਕੇਂਦਰ ਵਿੱਚ ਭੇਜਣ ਦੀ ਤਾਜ਼ਾ ਘਟਨਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਅਤੇ ਉਸ ਦੇ ਭਾਈਵਾਲ ਅਜਿਹੀਆਂ ਖਤਰਨਾਕ ਕਾਰਵਾਈਆਂ ਨਾਲ ਨਿਕਲਣ ਵਾਲੇ ਸਿੱਟਿਆਂ ਨੂੰ ਸੋਚੇ-ਸਮਝੇ ਬਿਨਾਂ ਮੁਲਕ ਦੀਆਂ ਨੀਹਾਂ ਨੂੰ ਕਮਜ਼ੋਰ ਕਰਨ ਲਈ ਪੱਬਾਂ ਭਾਰ ਹੋਏ ਪਏ ਹਨ। ਉਹਨਾ ਕਿਹਾ ਕਿ ਅਸੀਂ ਇਕ ਸੈਨਿਕ ਦੀ ਵਫਾਦਾਰੀ ਅਤੇ ਦੇਸ਼ ਭਗਤੀ 'ਤੇ ਕਿਵੇਂ ਸਵਾਲ ਕਰ ਸਕਦੇ ਹਾਂ, ਜੋ ਆਪਣੇ ਮੁਲਕ ਲਈ ਲੜਿਆ ਹੋਵੇ ਅਤੇ ਸਾਡੀ ਸੁਰੱਖਿਆ ਲਈ ਆਪਣੀ ਜਾਨ ਜੋਖਮ ਵਿੱਚ ਪਾਈ ਹੋਵੇ। ਉਨ੍ਹਾ ਐੱਨ ਡੀ ਏ ਅਤੇ ਉਸ ਦੇ ਭਾਈਵਾਲਾਂ ਨੂੰ ਅਜਿਹੀਆਂ ਕਾਰਵਾਈਆਂ ਦੇ ਖਤਰਨਾਕ ਸਿੱਟਿਆਂ ਵਿਰੁੱਧ ਚੇਤਾਵਨੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਐੱਨ ਡੀ ਏ ਅਤੇ ਉਸ ਦੇ ਅਕਾਲੀ ਦਲ ਵਰਗੇ ਭਾਈਵਾਲ ਭਾਰਤ ਦੀ ਵੰਨ-ਸੁਵੰਨਤਾ ਦੀਆਂ ਮਜ਼ਬੂਤ ਨੀਂਹਾਂ, ਜਿਨ੍ਹਾਂ 'ਤੇ ਸਾਡਾ ਮੁਲਕ ਖੜ੍ਹਾ ਹੈ, ਉਪਰ ਹਮਲਾ ਕਰ ਰਹੇ ਹਨ। ਉਨ੍ਹਾ ਸਪੱਸ਼ਟ ਕੀਤਾ ਕਿ ਨਾ ਤਾਂ ਉਹ ਖੁਦ ਤੇ ਨਾ ਹੀ ਉਹਨਾ ਦੀ ਪਾਰਟੀ ਭਾਰਤ ਦੇ ਧਰਮ-ਨਿਰਪੱਖ ਚਰਿੱਤਰ ਅਤੇ ਸੰਵਿਧਾਨ 'ਤੇ ਅਜਿਹੇ ਕਿਸੇ ਵੀ ਹਮਲੇ ਦੀ ਆਗਿਆ ਦੇਵੇਗੀ।

257 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper