Latest News
ਸੀ ਏ ਏ ਵਾਪਸ ਲਓ ਤੇ ਐੱਨ ਪੀ ਆਰ ਦੀ ਕਸਰਤ ਰੋਕੋ

Published on 13 Jan, 2020 11:34 AM.


ਨਵੀਂ ਦਿੱਲੀ : 20 ਆਪੋਜ਼ੀਸ਼ਨ ਪਾਰਟੀਆਂ ਨੇ ਸੋਮਵਾਰ ਮਤਾ ਪਾਸ ਕਰਕੇ ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ਵਾਪਸ ਲੈਣ ਅਤੇ ਨੈਸ਼ਨਲ ਪਾਪੂਲੇਸ਼ਨ ਰਜਿਸਟਰ (ਐੱਨ ਪੀ ਆਰ) ਦੀ ਦੇਸ਼-ਵਿਆਪੀ ਕਸਰਤ ਤੁਰੰਤ ਰੋਕਣ ਦੀ ਮੰਗ ਕੀਤੀ। ਐੱਨ ਪੀ ਆਰ ਨੂੰ ਪ੍ਰਸਤਾਵਤ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਜ਼ (ਐੱਨ ਆਰ ਸੀ) ਦੀ ਬੁਨਿਆਦ ਦੱਸਦਿਆਂ ਮਤੇ ਵਿਚ ਕਿਹਾ ਗਿਆ ਹੈ ਕਿ ਸੀ ਏ ਏ, ਐੱਨ ਪੀ ਆਰ ਤੇ ਐੱਨ ਆਰ ਸੀ ਦਾ ਪੈਕੇਜ ਅਸੰਵਿਧਾਨਕ ਹੈ, ਜਿਹੜਾ ਖਾਸ ਤੌਰ 'ਤੇ ਗਰੀਬਾਂ, ਦੱਬੇ-ਕੁਚਲਿਆਂ, ਅਨੁਸੂਚਿਤ ਜਾਤਾਂ, ਅਨੁਸੁਚਿਤ ਕਬੀਲਿਆਂ ਅਤੇ ਭਾਸ਼ਾਈ ਤੇ ਧਾਰਮਕ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ। ਮਤੇ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਮੁੱਖ ਮੰਤਰੀਆਂ ਨੇ ਐੱਨ ਆਰ ਸੀ ਨਾ ਲਾਗੂ ਕਰਨ ਦਾ ਐਲਾਨ ਕੀਤਾ ਹੈ, ਉਹ ਐੱਨ ਪੀ ਆਰ ਲਈ ਜਨਗਣਨਾ ਨੂੰ ਮੁਅੱਤਲ ਕਰਨ 'ਤੇ ਜ਼ਰੂਰ ਵਿਚਾਰ ਕਰਨ।
ਮੀਟਿੰਗ ਵਿਚ ਕਾਂਗਰਸ ਦੀ ਅੰਤਰਮ ਪ੍ਰਧਾਨ ਸੋਨੀਆ ਗਾਂਧੀ ਨੇ ਕੇਂਦਰ ਸਰਕਾਰ 'ਤੇ ਸੀ ਏ ਏ ਤੇ ਐੱਨ ਆਰ ਸੀ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ। ਉਨ੍ਹਾ ਕਿਹਾ ਕਿ ਸਰਕਾਰ ਲੋਕਾਂ 'ਤੇ ਅੱਤਿਆਚਾਰ ਕਰ ਰਹੀ ਹੈ ਤੇ ਨਫਰਤ ਫੈਲਾ ਰਹੀ ਹੈ। ਉਹ ਲੋਕਾਂ ਨੂੰ ਧਰਮ ਦੇ ਆਧਾਰ 'ਤੇ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਰਹੀ ਹੈ ਤੇ ਸੰਵਿਧਾਨ ਦੀ ਪਰਵਾਹ ਨਹੀਂ ਕਰ ਰਹੀ। ਨਾਗਰਿਕਤਾ ਸੋਧ ਕਾਨੂੰਨ ਖਿਲਾਫ ਵਿਆਪਕ ਪ੍ਰੋਟੈੱਸਟ ਨੇ ਸਾਫ ਕਰ ਦਿੱਤਾ ਹੈ ਕਿ ਮੋਦੀ-ਸ਼ਾਹ ਸਰਕਾਰ ਚਲਾਉਣ ਦੇ ਲਾਇਕ ਨਹੀਂ।
ਮੀਟਿੰਗ ਵਿਚ ਬਸਪਾ ਪ੍ਰਧਾਨ ਮਾਇਆਵਤੀ, ਸਪਾ ਪ੍ਰਧਾਨ ਅਖਿਲੇਸ਼ ਯਾਦਵ, ਤ੍ਰਿਣਮੂਲ ਕਾਂਗਰਸ ਪ੍ਰਧਾਨ ਮਮਤਾ ਬੈਨਰਜੀ, ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮਹਾਰਾਸ਼ਟਰ ਵਿਚ ਭਾਈਵਾਲ ਸ਼ਿਵ ਸੈਨਾ ਦੇ ਆਗੂ ਨਹੀਂ ਪੁੱਜੇ। ਐੱਨ ਸੀ ਪੀ ਪ੍ਰਧਾਨ ਸ਼ਰਦ ਪਵਾਰ, ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ, ਮਾਰਕਸੀ ਪਾਰਟੀ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ, ਝਾਰਖੰਡ ਮੁਕਤੀ ਮੋਰਚਾ ਦੇ ਪ੍ਰਧਾਨ ਤੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ, ਐੱਲ ਜੇ ਡੀ ਦੇ ਪ੍ਰਧਾਨ ਸ਼ਰਦ ਯਾਦਵ, ਸਮਤਾ ਪਾਰਟੀ ਦੇ ਆਗੂ ਉਪਿੰਦਰ ਕੁਸ਼ਵਾਹਾ, ਆਰ ਜੇ ਡੀ ਆਗੂ ਮਨੋਜ ਝਾਅ, ਨੈਸ਼ਨਲ ਕਾਨਫਰੰਸ ਦੇ ਹਸਨੈਨ ਮਸੂਦੀ, ਆਈ ਯੂ ਐੱਮ ਐੱਲ ਦੇ ਕੇ ਪੀ ਕੁਨਹਾਲੀਕੁੱਟੀ, ਪੀ ਡੀ ਪੀ ਦੇ ਮੀਰ ਮੁਹੰਮਦ ਫੈਯਾਜ਼, ਜਨਤਾ ਦਲ (ਸੈਕੂਲਰ) ਦੇ ਕੇ ਡੀ ਕੁਪੇਂਦਰ ਰੈੱਡੀ, ਹਿੰਦੁਸਤਾਨੀ ਆਵਾਮ ਮੋਰਚਾ ਦੇ ਜੀਤਨ ਰਾਮ ਮਾਂਝੀ, ਰਾਸ਼ਟਰੀ ਲੋਕ ਦਲ ਦੇ ਅਜੀਤ ਸਿੰਘ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਰਾਹੁਲ ਗਾਂਧੀ, ਗੁਲਾਮ ਨਬੀ ਆਜ਼ਾਦ ਤੇ ਅਹਿਮਦ ਪਟੇਲ ਮੀਟਿੰਗ ਵਿਚ ਸ਼ਾਮਲ ਹੋਏ। ਸੋਨੀਆ ਨੇ ਕਿਹਾ ਕਿ ਜੇ ਐੱਨ ਯੂ, ਬੀ ਐੱਚ ਯੂ, ਅਲੀਗੜ੍ਹ ਯੂਨੀਵਰਸਿਟੀ, ਇਲਾਹਾਬਾਦ ਯੂਨੀਵਰਸਿਟੀ ਤੇ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਵਿਚ ਲੋਕਾਂ ਨੇ ਮੋਦੀ-ਸ਼ਾਹ ਦੀ ਦਹਿਸ਼ਤ ਦੇਖੀ ਹੈ। ਮੋਦੀ-ਸ਼ਾਹ ਸਰਕਾਰ ਲੋਕਾਂ ਨੂੰ ਸੁਰੱਖਿਆ ਦੇਣ ਵਿਚ ਨਾਕਾਮ ਰਹੀ ਹੈ।
ਸੀ ਏ ਏ ਖਿਲਾਫ ਦੇਸ਼-ਭਰ ਵਿਚ ਲੋਕਾਂ ਨੇ ਮੁਜ਼ਾਹਰੇ ਕੀਤੇ ਹਨ। ਉਨ੍ਹਾਂ ਨੂੰ ਦਬਾਉਣ ਲਈ ਯੂ ਪੀ ਤੇ ਦਿੱਲੀ ਵਿਚ ਪੁਲਸ ਦੀ ਕਾਰਵਾਈ ਬਹੁਤ ਹੀ ਅਜੀਬ ਸੀ।

245 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper