Latest News
ਮੋਦੀ ਤੇ ਸ਼ਾਹ ਦੀ ਆਪਸੀ ਲੜਾਈ ਨੇ ਮੁਲਕ ਨੂੰ ਚੱਕਰਾਂ 'ਚ ਪਾਇਆ : ਬਘੇਲ

Published on 17 Jan, 2020 11:21 AM.


ਰਾਇਪੁਰ : ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਸ਼ੁੱਕਰਵਾਰ ਕਿਹਾ ਕਿ ਅੱਜ ਅਮਿਤ ਸ਼ਾਹ ਦਾ ਜ਼ਮਾਨਾ ਹੈ, ਨਰਿੰਦਰ ਮੋਦੀ ਦਾ ਨਹੀਂ ਅਤੇ ਇਨ੍ਹਾਂ ਦੇ ਅੰਦਰੂਨੀ ਖਹਿਬਾਜ਼ੀ ਨਾਲ ਦੇਸ਼ ਦੇ ਲੋਕ ਦੁਖੀ ਹੋ ਰਹੇ ਹਨ।
ਨਵੇਂ ਚੁਣੇ ਕਾਰਪੋਰੇਟਰਾਂ ਤੇ ਮੇਅਰਾਂ ਦੇ ਸਨਮਾਨ ਵਿਚ ਕਾਂਗਰਸ ਵੱਲੋਂ ਆਯੋਜਿਤ ਸਮਾਗਮ ਵਿਚ ਬਘੇਲ ਨੇ ਕਿਹਾ ਕਿ ਪਿਛਲੇ ਪੰਜ ਸਾਲ ਨਰਿੰਦਰ ਮੋਦੀ ਦੇ ਸਨ, ਜਿਸ ਦੌਰਾਨ ਨੋਟਬੰਦੀ ਤੇ ਜੀ ਐੱਸ ਟੀ ਲਾਗੂ ਕੀਤੇ ਗਏ, ਪਰ ਭਾਜਪਾ ਸਰਕਾਰ ਦੇ ਹੁਣ ਵਾਲੇ ਸੱਤ ਮਹੀਨੇ ਅਮਿਤ ਸ਼ਾਹ ਦੇ ਰਹੇ, ਜਿਨ੍ਹਾ ਸੰਸਦ ਵਿਚ ਧਾਰਾ 370 ਲਿਆਂਦੀ, ਸੀ ਏ ਏ ਤੇ ਐੱਨ ਆਰ ਸੀ ਲਿਆਂਦੀ। ਇਹ ਦੋਨੋਂ ਸਮੁੱਚੇ ਦੇਸ਼ ਨੂੰ ਅੰਗਰੇਜ਼ੀ ਪੜ੍ਹਾ ਰਹੇ ਹਨ। ਸ਼ਾਹ ਦੇ ਰਾਜ ਵਿਚ ਪਿਛਲੇ ਸੱਤ ਮਹੀਨਿਆਂ ਤੋਂ ਲੋਕ ਸੜਕਾਂ 'ਤੇ ਹਨ। ਉਨ੍ਹਾ ਕਿਹਾ, 'ਇਕ ਪਾਸੇ ਸ਼ਾਹ ਸੀ ਏ ਏ, ਐੱਨ ਆਰ ਸੀ ਤੇ ਐੱਨ ਪੀ ਆਰ ਦੀਆਂ ਗੱਲਾਂ ਕਰ ਰਹੇ ਹਨ, ਦੂਜੇ ਪਾਸੇ ਮੋਦੀ ਕਹਿ ਰਹੇ ਹਨ ਕਿ ਐੱਨ ਆਰ ਸੀ ਲਾਗੂ ਨਹੀਂ ਕਰਾਂਗੇ। ਇਨ੍ਹਾਂ ਵਿਚੋਂ ਸੱਚ ਕੌਣ ਬੋਲ ਰਿਹਾ? ਲੱਗਦਾ ਹੈ ਕਿ ਮੋਦੀ ਤੇ ਸ਼ਾਹ ਵਿਚਾਲੇ ਆਪਸੀ ਟਕਰਾਅ ਹੈ, ਜਿਸ ਕਰਕੇ ਦੇਸ਼ ਦੁਖੀ ਹੈ।
ਉਨ੍ਹਾ ਕਿਹਾ ਕਿ ਲੋਕ ਨੋਟ ਪਸਾਰੇ, ਗਰੀਬੀ ਤੇ ਬੇਰੁਜ਼ਗਾਰੀ ਤੋਂ ਦੁਖੀ ਹਨ, ਪਰ ਸੱਤਾਧਾਰੀ ਇਨ੍ਹਾਂ ਮੁੱਦਿਆਂ 'ਤੇ ਨਹੀਂ ਬੋਲ ਰਹੇ। ਉਹ ਨਾਗਰਿਕਤਾ ਦਾ ਮੁੱਦਾ ਚੁੱਕ ਕੇ ਲੋਕਾਂ ਨੂੰ ਚੱਕਰਾਂ ਵਿਚ ਪਾ ਰਹੇ ਹਨ।
ਜੇ ਕੋਈ ਤੁਹਾਨੂੰ ਭਾਰਤੀ ਨਾਗਰਿਕਤਾ ਸਾਬਤ ਕਰਨ ਲਈ ਕਹਿੰਦਾ ਹੈ ਤਾਂ ਕਿਸੇ ਨੂੰ ਜ਼ਲੀਲ ਕਰਨ ਵਾਲੀ ਇਸ ਤੋਂ ਘਟੀਆ ਗੱਲ ਕੋਈ ਨਹੀਂ ਹੋ ਸਕਦੀ। ਉਨ੍ਹਾ ਕਿਹਾ, 'ਮੇਰੇ ਸੂਬੇ ਵਿਚ ਲੱਗਭੱਗ 40 ਫੀਸਦੀ ਲੋਕ ਗਰੀਬੀ ਰੇਖਾ ਤੋਂ ਹੇਠਾਂ ਹਨ ਤੇ ਬਹੁਤੇ ਬੇਜ਼ਮੀਨੇ ਹਨ, ਉਹ ਨਾਗਰਿਕਤਾ ਕਿਵੇਂ ਸਾਬਤ ਕਰਨਗੇ? '

164 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper