Latest News
ਯੋਗੀ ਦਾ ਵਿਰੋਧ ਕਰਨ ਵਾਲੇ ਡਾ. ਕਫੀਲ ਖਾਨ 'ਤੇ ਐੱਨ ਐੱਸ ਏ ਲਾਇਆ

Published on 14 Feb, 2020 11:27 AM.



ਲਖਨਊ : ਯੂ ਪੀ ਸਰਕਾਰ ਨੇ ਡਾਕਟਰ ਕਫੀਲ ਖਾਨ 'ਤੇ ਨੈਸ਼ਨਲ ਸਕਿਓਰਿਟੀ ਐਕਟ (ਐੱਨ ਐੱਸ ਏ) ਲਾ ਦਿੱਤਾ ਹੈ। ਉਨ੍ਹਾ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ਖਿਲਾਫ ਦਸੰਬਰ ਵਿਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਭਾਸ਼ਣ ਕਰਨ 'ਤੇ ਗ੍ਰਿਫਤਾਰ ਕੀਤਾ ਗਿਆ ਸੀ। ਜ਼ਮਾਨਤ ਮਿਲਣ ਦੇ ਬਾਵਜੂਦ ਉਨ੍ਹਾ ਨੂੰ ਮਥੁਰਾ ਜੇਲ੍ਹ ਵਿਚੋਂ ਨਹੀਂ ਛੱਡਿਆ ਗਿਆ ਤੇ ਹੁਣ ਐੱਨ ਐੱਸ ਏ ਲਾ ਦਿੱਤਾ ਗਿਆ ਹੈ। ਜੇ ਸਰਕਾਰ ਨੂੰ ਲੱਗੇ ਕਿ ਫਲਾਣਾ ਬੰਦਾ ਕੌਮੀ ਸੁਰੱਖਿਆ ਲਈ ਖਤਰਾ ਹੈ ਤਾਂ ਇਸ ਕਾਨੂੰਨ ਤਹਿਤ ਉਸ ਨੂੰ ਮਹੀਨਿਆਂ-ਬੱਧੀ ਅੰਦਰ ਰੱਖਿਆ ਜਾ ਸਕਦਾ ਹੈ। ਅਲੀਗੜ੍ਹ ਦੇ ਐੱਸ ਐੱਸ ਪੀ ਆਕਾਸ਼ ਕੁਲਹਰੀ ਨੇ ਦੱਸਿਆ ਕਿ ਡਾ. ਖਾਨ ਜੇਲ੍ਹ ਵਿਚ ਹੀ ਰਹਿਣਗੇ।
12 ਦਸੰਬਰ ਦੇ ਭਾਸ਼ਣ ਦੇ ਸੰਬੰਧ ਵਿਚ ਯੂ ਪੀ ਦੇ ਸਪੈਸ਼ਲ ਟਾਸਕ ਫੋਰਸ ਨੇ ਡਾ. ਖਾਨ ਨੂੰ 29 ਜਨਵਰੀ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਸੀ। ਉਨ੍ਹਾ ਵਿਰੁੱਧ ਅਲੀਗੜ੍ਹ ਦੇ ਸਿਵਲ ਲਾਈਨਜ਼ ਥਾਣੇ ਵਿਚ ਵੱਖ-ਵੱਖ ਧਰਮਾਂ ਦੇ ਲੋਕਾਂ ਵਿਚਾਲੇ ਦਵੈਤ ਪੈਦਾ ਕਰਨ ਦਾ ਦੋਸ਼ ਲਾਇਆ ਗਿਆ ਸੀ। ਗ੍ਰਿਫਤਾਰੀ ਤੋਂ ਬਾਅਦ ਉਨ੍ਹਾ ਨੂੰ ਅਲੀਗੜ੍ਹ ਲਿਆਂਦਾ ਗਿਆ ਤੇ ਫਿਰ ਤੁਰੰਤ ਮਥੁਰਾ ਜੇਲ੍ਹ ਸ਼ਿਫਟ ਕਰ ਦਿੱਤਾ ਗਿਆ। ਪੁਲਸ ਨੇ ਕਿਹਾ ਸੀ ਕਿ ਯੂਨੀਵਰਸਿਟੀ ਤੇ ਈਦਗਾਹ ਮੈਦਾਨ ਵਿਚ ਸੀ ਏ ਏ ਖਿਲਾਫ ਪ੍ਰੋਟੈੱਸਟਾਂ ਕਾਰਨ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਦੇ ਡਰ ਕਾਰਨ ਉਨ੍ਹਾ ਨੂੰ ਮਥੁਰਾ ਸ਼ਿਫਟ ਕੀਤਾ ਗਿਆ।
ਡਾ. ਖਾਨ ਨੂੰ ਅਗਸਤ 2017 ਵਿਚ ਗੋਰਖਪੁਰ ਦੇ ਬੀ ਆਰ ਡੀ ਮੈਡੀਕਲ ਕਾਲਜ ਵਿਚ ਇਕ ਹਫਤੇ ਵਿਚ 60 ਤੋਂ ਵੱਧ ਬੱਚਿਆਂ ਦੀਆਂ ਮੌਤਾਂ ਵਿਚ ਉਨ੍ਹਾ ਦੇ ਕਥਿਤ ਰੋਲ ਕਾਰਨ ਵੀ ਗ੍ਰਿਫਤਾਰ ਕੀਤਾ ਗਿਆ ਸੀ। ਮੌਤਾਂ ਲਈ ਚਿਲਡਰਨ ਵਾਰਡ ਵਿਚ ਆਕਸੀਜਨ ਦੀ ਸਪਲਾਈ ਦੀ ਕਮੀ ਨੂੰ ਜ਼ਿੰਮੇਵਾਰ ਮੰਨਿਆ ਗਿਆ ਸੀ।
ਦੋ ਸਾਲ ਬਾਅਦ ਸੂਬਾ ਸਰਕਾਰ ਦੀ ਜਾਂਚ ਵਿਚ ਉਨ੍ਹਾ ਨੂੰ ਸਾਰੇ ਮੁੱਖ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ। ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਗੋਰਖਪੁਰ ਦੇ ਹਨ ਤੇ ਡਾ. ਖਾਨ ਨੇ ਉਨ੍ਹਾ ਨੂੰ ਤੰਗ ਕਰਨ 'ਤੇ ਮੋਦੀ ਸਰਕਾਰ ਤੋਂ ਮੁਆਫੀ ਦੀ ਮੰਗ ਕੀਤੀ ਸੀ।

40 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper