Latest News
ਪੈਡ ਮਿਲਣ 'ਤੇ 68 ਵਿਦਿਆਰਥਣਾਂ ਦੇ ਕੱਪੜੇ ਲੁਹਾਏ

Published on 14 Feb, 2020 11:28 AM.


ਅਹਿਮਦਾਬਾਦ : ਗੁਜਰਾਤ ਦੇ ਭੁੱਜ ਤੋਂ ਹੈਰਾਨ ਕਰਨ ਵਾਲੀ ਖਬਰ ਆਈ ਹੈ। ਉਥੇ ਵੀਰਵਾਰ ਇਕ ਇੰਸਟੀਚਿਊਟ ਦੀ ਪ੍ਰਿੰਸੀਪਲ ਨੇ ਇਹ ਜਾਨਣ ਲਈ 68 ਵਿਦਿਆਰਥਣਾਂ ਦੇ ਕੱਪੜੇ ਲੁਹਾ ਕੇ ਜਾਂਚ ਕੀਤੀ ਕਿ ਸੈਨੇਟਰੀ ਪੈਡ ਕਿਸ ਨੇ ਸੁੱਟਿਆ। ਕੱਛ ਯੂਨੀਵਰਸਿਟੀ ਦੀ ਪੰਜ ਮੈਂਬਰੀ ਕਮੇਟੀ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਘਟਨਾ ਸਵਾਮੀ ਨਾਰਾਇਣ ਸੰਪਰਦਾਇ ਦੇ ਸ੍ਰੀ ਸਹਿਜਾਨੰਦ ਗਰਲਜ਼ ਇੰਸਟੀਚਿਊਟ ਦੀ ਹੈ। ਇਹ ਇੰਸਟੀਚਿਊਟ ਕ੍ਰਾਂਤੀਗੁਰੂ ਸ਼ਿਆਮ ਜੀ ਕ੍ਰਿਸ਼ਨ ਵਰਮਾ ਕੱਛ ਯੂਨੀਵਰਸਿਟੀ ਦੇ ਅੰਡਰ ਹੈ। ਇਥੇ ਜਿਹੜੀ ਕੁੜੀ ਦੇ ਪੀਰੀਅਡ ਆਉਂਦੇ ਹਨ, ਉਸ ਨੂੰ ਹੋਸਟਲ ਦੀ ਥਾਂ ਬੇਸਮੈਂਟ ਵਿਚ ਰਹਿਣਾ ਪੈਂਦਾ ਹੈ। ਉਹ ਰਸੋਈ ਵਿਚ ਨਹੀਂ ਵੜ ਸਕਦੀ ਤੇ ਪੂਜਾ ਵੀ ਨਹੀਂ ਕਰ ਸਕਦੀ। ਪੀਰੀਅਡ ਖਤਮ ਹੋਣ ਤੱਕ ਉਸ ਨੂੰ ਇਕੱਲੇ ਰਹਿਣਾ ਪੈਂਦਾ ਹੈ। ਪੀਰੀਅਡ ਵਾਲੀਆਂ ਕੁੜੀਆਂ ਨੂੰ ਕਲਾਸ ਵਿਚ ਪਿਛਲੇ ਬੈਂਚਾਂ 'ਤੇ ਬੈਠਣਾ ਪੈਂਦਾ ਹੈ।
ਵਿਦਿਆਰਥਣਾਂ ਨੇ ਦੱਸਿਆ ਕਿ ਸੋਮਵਾਰ ਹੋਸਟਲ ਦੇ ਬਾਹਰ ਬਾਗ ਵਿਚ ਸੈਨੇਟਰੀ ਪੈਡ ਮਿਲਣ ਤੋਂ ਬਾਅਦ ਹੋਸਟਲ ਪ੍ਰਸ਼ਾਸਨ ਨੂੰ ਸ਼ੱਕ ਹੋਇਆ ਕਿ ਇਹ ਕਾਲਜ ਦੀ ਹੀ ਕਿਸੇ ਕੁੜੀ ਨੇ ਸੁੱਟਿਆ ਹੈ। ਇਸ ਦਾ ਪਤਾ ਕਰਨ ਲਈ ਵਿਦਿਆਰਥਣਾਂ ਨਾਲ ਅਣਮਨੁੱਖੀ ਸਲੂਕ ਕੀਤਾ ਗਿਆ। ਪੈਡ ਮਿਲਣ ਦੀ ਖਬਰ ਹੋਸਟਲ ਦੀ ਵਾਰਡਨ ਨੇ ਪ੍ਰਿੰਸੀਪਲ ਰਿਤਾ ਰੰਗੀਆ ਨੂੰ ਦਿੱਤੀ। ਉਸ ਦੇ ਹੁਕਮ 'ਤੇ ਕੁੜੀਆਂ ਨੂੰ ਕਾਮਨ ਰੂਮ ਵਿਚ ਸੱਦਿਆ ਗਿਆ। ਫਿਰ ਪ੍ਰਿੰਸੀਪਲ ਤੇ ਹੋਰਨਾਂ ਅਧਿਆਪਕਾਵਾਂ ਨੇ ਇਕ-ਇਕ ਕੁੜੀ ਨੂੰ ਵਾਸ਼ਰੂਮ ਵਿਚ ਸੱਦ ਕੇ ਕੱਪੜੇ ਲੁਹਾ ਕੇ ਚੈੱਕ ਕੀਤਾ ਕਿ ਕਿਹੜੀ ਕੁੜੀ ਨੇ ਪੈਡ ਸੁੱਟਿਆ। ਵਿਦਿਆਰਥਣਾਂ ਨੇ ਦੱਸਿਆ ਕਿ ਪ੍ਰਿੰਸੀਪਲ ਉਨ੍ਹਾਂ ਨਾਲ ਮੰਦਾ ਵੀ ਬੋਲੀ।
ਯੂਨੀਵਰਸਿਟੀ ਦੇ ਐਗਜ਼ੈਕਟਿਵ ਕੌਂਸਲ ਮੈਂਬਰ ਪ੍ਰਵੀਨ ਪਿੰਡੋਰੀਆ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਉਹ ਕਾਨੂੰਨੀ ਕਾਰਵਾਈ ਕਰ ਸਕਦੀਆਂ ਹਨ, ਪਰ ਉਨ੍ਹਾਂ ਨੂੰ ਹੋਸਟਲ ਖਾਲੀ ਕਰਨਾ ਪਵੇਗਾ। ਪਿੰਡੋਰੀਆ ਨੇ ਇਕ ਪੱਤਰ 'ਤੇ ਦਸਤਖਤ ਕਰਵਾਏ ਕਿ ਅਜਿਹੀ ਕੋਈ ਘਟਨਾ ਨਹੀਂ ਹੋਈ। ਕੁੜੀਆਂ ਦੇ ਮਾਂ-ਪਿਓ ਨੇ ਕਿਹਾ ਹੈ ਕਿ ਪ੍ਰਿੰਸੀਪਲ ਦੀ ਇਸ ਹਰਕਤ ਨਾਲ ਉਨ੍ਹਾਂ ਨੂੰ ਮਾਨਸਕ ਪ੍ਰੇਸ਼ਾਨੀ ਹੋਈ ਹੈ। ਉਹ ਪ੍ਰਿੰਸੀਪਲ ਖਿਲਾਫ ਐੱਫ ਆਈ ਆਰ ਦਰਜ ਕਰਾਉਣ ਬਾਰੇ ਸੋਚ ਰਹੇ ਹਨ। ਇੰਸਟੀਚਿਊਟ ਦੇ ਟਰੱਸਟੀ ਪੀ ਐੱਚ ਹਿਰਾਨੀ ਨੇ ਕਿਹਾ ਕਿ ਕੈਂਪਸ ਵਿਚ ਮੰਦਰ ਹੈ ਤੇ ਸੰਪਰਦਾਇ ਦੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਫਿਰ ਵੀ ਵਿਦਿਆਰਥਣਾਂ ਨਾਲ ਜੋ ਹੋਇਆ, ਉਹ ਨਾਵਾਜਬ ਹੈ, ਕਾਰਵਾਈ ਕੀਤੀ ਜਾਵੇਗੀ।

215 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper