Latest News
ਸਮੂਹਿਕ ਖੁਦਕੁਸ਼ੀ ਕਾਂਡ 'ਚ ਸਾਬਕਾ ਡੀ ਆਈ ਜੀ ਕੁਲਤਾਰ ਸਿੰਘ ਸਮੇਤ ਪੰਜ ਨੂੰ 8-8 ਸਾਲ ਦੀ ਸਜ਼ਾ

Published on 19 Feb, 2020 11:52 AM.


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਅੰਮ੍ਰਿਤਸਰ ਸ਼ਹਿਰ ਦੇ ਬਹੁਚਰਚਿਤ ਸਮੂਹਿਕ ਆਤਮ ਹੱਤਿਆ ਕਾਂਡ ਵਿੱਚ ਬੁੱਧਵਾਰ ਅਦਾਲਤ ਨੇ ਸਾਬਕਾ ਡੀ ਆਈ ਜੀ ਕੁਲਤਾਰ ਸਿੰਘ ਸਮੇਤ 6 ਦੋਸ਼ੀਆਂ ਨੂੰ ਸਜ਼ਾ ਸੁਣਾਈ। ਅਦਾਲਤ ਨੇ ਪੰਜ ਦੋਸ਼ੀਆਂ ਨੂੰ ਅੱਠ-ਅੱਠ ਸਾਲ ਤੇ ਇੱਕ ਦੋਸ਼ੀ ਨੂੰ ਚਾਰ ਸਾਲ ਲਈ ਜੇਲ੍ਹ ਯਾਤਰਾ 'ਤੇ ਭੇਜਿਆ ਹੈ, ਜਿਸ ਦੀ ਹੂਕ ਪੂਰੀ ਪੰਜਾਬ ਵਿੱਚ ਸੁਣੀ ਜਾ ਰਹੀ ਹੈ। ਦੋਸ਼ੀਆਂ ਨੂੰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਕੇਂਦਰੀ ਜੇਲ੍ਹ 'ਚ ਪਹੁੰਚਾਇਆ ਗਿਆ। 2004 ਵਿੱਚ ਹਰਦੀਪ ਸਿੰਘ ਦੇ ਪਰਵਾਰ ਨੂੰ ਕਿਸੇ ਹੋਰ ਨੇ ਨਹੀਂ, ਸਗੋਂ ਤੱਤਕਾਲੀ ਐਸ ਐਸ ਪੀ ਕੁਲਤਾਰ ਸਿੰਘ (ਜੋ ਡੀ ਆਈ ਜੀ ਦੇ ਅਹੁਦੇ ਤੋਂ ਰਿਟਾਇਰ ਹੋਏ) ਅਤੇ ਕੁਝ ਲਾਲਚੀ ਰਿਸ਼ਤੇਦਾਰਾਂ ਨੇ ਆਤਮ ਹੱਤਿਆ ਲਈ ਮਜਬੂਰ ਕਰ ਦਿੱਤਾ ਸੀ।
ਸਥਾਨਕ ਚੌਕ ਮੌਨੀ ਵਿੱਚ ਰਹਿਣ ਵਾਲੇ ਕੇਸਰ ਵਪਾਰੀ ਦਾ ਹਰਦੀਪ ਸਿੰਘ ਦਾ ਆਪਣੇ ਪਿਤਾ ਨਾਲ ਮਾਮੂਲੀ ਝਗੜਾ ਹੋ ਗਿਆ ਤਾਂ ਉਸ ਨੇ ਪਿਉ ਨੂੰ ਧੱਕਾ ਮਾਰ ਦਿੱਤਾ ਤੇ ਉਸ ਦਾ ਸਿਰ ਕੰਧ ਨਾਲ ਵੱਜਣ ਕਾਰਨ ਉਸ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਨੂੰ ਟਿਕਾਣੇ ਲਗਾਉਣ ਲਈ ਉਹ ਬਾਹਰ ਲੈ ਕੇ ਜਾ ਰਿਹਾ ਸੀ ਤਾਂ ਉਸ ਦੇ ਸਬਰੀਨ ਨੇ ਉਸ ਨੂੰ ਵੇਖ ਲਿਆ। ਲਾਸ਼ ਤਾਂ ਭਾਵੇਂ ਉਸ ਨੇ ਬਿਲੇ ਲਗਾ ਦਿੱਤੀ, ਪਰ ਸਬਰੀਨ ਨੇ ਆਪਣੇ ਸਹੁਰੇ ਭਾਵ ਹਰਦੀਪ ਦੇ ਤਾਏ ਮਹਿੰਦਰ ਸਿੰਘ ਨੂੰ ਸਭ ਕੁਝ ਦੱਸ ਦਿੱਤਾ, ਜਿਸ ਨੇ ਹਰਦੀਪ ਸਿੰਘ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਕੋਲੋ ਲੱਖਾਂ ਰੁਪਏ ਠੱਗੇ। ਹਰਦੀਪ ਸਿੰਘ ਇੰਨਾ ਤੰਗ ਆ ਗਿਆ ਕਿ ਅਖੀਰ ਉਸ ਆਪਣੇ ਤੇ ਉਸ ਦੀ ਨੂੰਹ ਦੀਆਂ ਮੰਗਾਂ ਨੂੰ ਜਦੋਂ ਅਪ੍ਰਵਾਨ ਕਰ ਦਿੱਤਾ ਤਾਂ ਤਾਏ ਨੇ ਜਾ ਕੇ ਤੱਤਕਾਲੀ ਜ਼ਿਲ੍ਹਾ ਪੁਲਸ ਮੁੱਖੀ ਕੁਲਤਾਰ ਸਿੰਘ ਨੂੰ ਦੱਸ ਦਿੱਤਾ ਅਤੇ ਇਹ ਦੱਸਿਆ ਕਿ ਲਾਸ਼ ਤਾਂ ਖੁਰਦ ਬੁਰਦ ਹੋ ਚੁੱਕੀ ਹੈ, ਪਰ ਸਾਮੀ ਮੋਟੀ ਹੈ ਤੇ ਮੋਟੀ ਰਕਮ ਵੀ ਦੇ ਸਕਦਾ ਹੈ। ਇਸ ਕੰਮ ਲਈ ਐਸ ਐਸ ਪੀ ਨੇ ਏਲਚੀ ਤੱਤਕਾਲੀ ਥਾਣਾ ਸੀ ਡਵੀਜ਼ਨ ਦੇ ਮੁੱਖੀ ਹਰਦੇਵ ਸਿੰਘ ਬੋਪਾਰਾਏ ਨੂੰ ਬਣਾਇਆ ਜਿਸ ਨੇ ਹਰਦੀਪ ਸਿੰਘ ਨਾਲ ਗੱਲਬਾਤ ਕਰਕੇ ਜਿਥੇ ਆਪਣਾ ਜੇਬ ਵੀ ਗਰਮ ਕੀਤੀ ਉਥੇ ਜ਼ਿਲ੍ਹਾ ਪੁਲਸ ਮੁਖੀ ਨਾਲ ਸਮਝੌਤਾ ਕਰਵਾਇਆ ਤੇ ਕਲਤਾਰ ਸਿੰਘ ਨੇ ਪੰਜ ਲੱਖ ਦੀ ਮੰਗ ਕੀਤੀ ਜਿਹੜਾ ਹਰਦੀਪ ਸਿੰਘ ਨੇ ਖੁਸ਼ੀ-ਖੁਸ਼ੀ ਦੇ ਦਿੱਤਾ, ਪਰ ਕੁਝ ਸਮੇਂ ਬਾਅਦ ਪੁਲਸ ਨੇ ਜਦੋਂ ਫਿਰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤਾਂ ਜਿਲ੍ਹਾ ਮੁੱਖੀ ਨੇ ਸੱਤ ਲੱਖ ਦੀ ਹੋਰ ਮੰਗ ਧਰ ਦਿੱਤੀ ਜਿਸ ਨੂੰ ਅਦਾ ਕਰਨ ਤੋਂ ਹਰਦੀਪ ਸਿੰੱਘ ਨੇ ਅਸੱਰਥਾ ਜਤਾਈ, ਪਰ ਕੁਲਤਾਰ ਸਿੰਘ ਨੂੰ ਕਿਹਾ ਕਿ ਉਹ ਅਗਲੇ ਇੱਕ ਹਫਤੇ ਵਿੱਚ ਬੰਦੋਬਸਤ ਕਰ ਦੇਵੇਗਾ। ਇਸ ਦੀ ਸਾਰੀ ਜਾਣਕਾਰੀ ਉਸ ਨੇ ਆਪਣੀ ਘਰਵਾਲੀ ਤੇ ਮਾਂ ਨੂੰ ਜਦੋਂ ਦਿੱਤੀ ਤਾਂ ਉਸ ਦੀ ਘਰ ਵਾਲੀ ਐਸ ਐਸ ਪੀ ਕੋਲ ਗਈ ਤਾਂ ਉਸ ਦੇ ਸੁੰਦਰ ਸਰੀਰ ਨੂੰ ਐਸ ਐਸ ਪੀ ਨੇ ਨਿਗਾਹ ਰਾਹੀਂ ਨਿਹਾਰਿਆ ਤੇ ਉਸ ਨੂੰ ਇੱਕ ਹੋਟਲ ਵਿੱਚ ਲਿਜਾ ਕੇ ਉਸ ਨਾਲ ਬਲਾਤਕਾਰ ਕਰ ਦਿੱਤਾ। ਇਸ ਤੋਂ ਬਾਅਦ ਘਰਵਾਲੀ ਨਾਲ ਸਲਾਹ ਮਸ਼ਵਰਾ ਕਰਕੇ ਦੋਵਾਂ ਨੇ ਆਤਮ ਹੱਤਿਆ ਕਰਨ ਦੀ ਵਿਊਤਬੰਦੀ ਬਣਾਈ। ਪਹਿਲਾਂ ਉਹਨਾਂ ਨੇ ਆਪਣੇ ਦੋ ਬੱਚਿਆਂ ਤੇ ਮਾਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਤੇ ਫਿਰ ਆਪਣੀ ਇਬਾਦਤ ਇੱਕ ਕੰਧ 'ਤੇ ਲਿਖ ਦਿੱਤੀ।
ਇਸ ਤੋਂ ਇਲਾਵਾ ਉਸ ਨੇ ਇੱਕ ਪੱਤਰ ਹਲਕਾ ਕਾਂਗਰਸੀ ਵਿਧਾਇਕ ਹਰਜਿੰਦਰ ਸਿੰਘ ਠੇਕੇਦਾਰ, ਇੱਕ ਪੱਤਰ ਤੇ ਇੱਕ ਬੈਗ ਦੋ ਦਿਨ ਪਹਿਲਾਂ ਆਪਣੇ ਇੱਕ ਟੈਕਸੀ ਚਾਲਕ ਦੋਸਤ ਕੋਲ ਰੱਖ ਦਿੱਤਾ ਤੇ ਉਸ ਕਿਹਾ ਕਿ ਉਹ ਅਗਲੇ ਦਿਨ ਆ ਕੇ ਲਏ ਜਾਵੇਗਾ, ਪਰ ਅਗਲਾ ਦਿਨ ਨਾ ਆਇਆ ਉਸ ਵਿੱਚ ਕੁਝ ਮਾਇਆ ਸ਼ਾਇਦ ਉਹ ਇਸ ਕਰਕੇ ਰੱਖ ਗਿਆ ਸੀ, ਜਿਸ ਵਿੱਚ ਉਸ ਨੇ ਆਪਣੀ ਘਰ ਵਾਲੀ ਨਾਲ ਹੋਏ ਬਲਾਤਕਾਰ ਦਾ ਵੀ ਜ਼ਿਕਰ ਕੀਤਾ, ਪਰ ਪੁਲਸ ਨੇ ਇਹ ਸਾਰਾ ਰਿਕਾਰਡ ਬਰਾਮਦ ਕਰ ਲਿਆ, ਪਰ ਉਸ ਟੈਕਸੀ ਚਾਲਕ ਨੇ ਪੁਲਸ ਤੋਂ ਡਰਦਿਆਂ ਕੋਈ ਗਵਾਹੀ ਨਹੀਂ ਦਿੱਤੀ ਜਿਸ ਕਰਕੇ ਕੁਲਤਾਰ ਸਿੰਘ ਬਲਾਤਕਾਰ ਦੇ ਕੇਸ ਵਿੱਚੋਂ ਬੱਚ ਨਿਕਲਿਆ।
ਇਸੇ ਤਰ੍ਹਾਂ ਹਰਦੀਪ ਸਿੰਘ ਦੇ ਇੱਕ ਲੁਧਿਆਣੇ ਵਿਚਲੇ ਦੋਸਤ ਹਰਵਿੰਦਰਪਾਲ ਸਿੰਘ ਨੂੰ ਇੱਕ ਪੱਤਰ ਮਿਲਿਆ ਜਿਹੜਾ ਪੁਲਸ ਨੇ ਖੁਰਦ ਬੁਰਦ ਦਿੱਤਾ ਤੇ ਇੱਕ ਪੱਤਰ ਜਿਹੜਾ ਹਲਕਾ ਵਿਧਾਇਕ ਵਾਲਾ ਸੀ ਉਸ ਵਿੱਚ ਵੀ ਕੁਲਤਾਰ ਸਿੰਘ ਐਸ ਐਸ ਪੀ ਦਾ ਨਾਂਅ ਦਰਜ ਸੀ ਜਿਸ ਉਪਰ ਪੁਲਸ ਨੇ ਲਕੀਰ ਫੇਰ ਦਿੱਤੀ। ਪੱਤਰ ਵਿੱਚ ਸਬਰੀਨ ਕੌਰ ਦੀ ਤਾਏ ਨੂੰਹ, ਮਹਿੰਦਰ ਸਿੰਘ ਤਾਇਆ ਤੇ ਇਸ ਵੱਗਦੀ ਗੰਗਾ ਵਿੱਚ ਹੱਥ ਧੋਣ ਵਾਲੇ ਹਰਦੀਪ ਦੀ ਭੈਣ ਪਰਮਿੰਦਰ ਕੌਰ ਤੇ ਜੀਜਾ ਪਰਮਿੰਦਰਪਾਲ ਸਿੰਘ ਦਾ ਨਾਂਅ ਵੀ ਸ਼ਾਮਲ ਸੀ ਤੇ ਉਹਨਾਂ ਨੇ ਵੀ ਧਮਕੀ ਦੇ ਕੇ ਹਰਦੀਪ ਨੂੰ ਲੁੱਟਿਆ।2004 ਤੋਂ ਸ਼ੁਰੂ ਹੋਏ ਇਸ ਕੇਸ ਨੂੰ ਆਪਣੀ ਮੰਜ਼ਿਲ ਸਰ ਕਰਦਿਆਂ ਕਰਦਿਆਂ 16 ਸਾਲ ਲੱਗ ਗਏ, ਕਿਉਕਿ 2012 ਵਿੱਚ ਇਸ ਕੇਸ ਦੀਆਂ ਫਾਇਲਾਂ ਹੀ ਅਦਾਲਤ ਵਿੱਚੋਂ ਗੁੰਮ ਕਰਵਾ ਦਿੱਤੀਆ ਗਈਆ ਸਨ ਤੇ ਕੁਝ ਰਿਕਾਰਡ ਨੂੰ ਟੈਂਪਰ ਵੀ ਕੀਤਾ ਗਿਆ। ਬਲਾਤਕਾਰ ਦੇ ਗਵਾਹ ਗੁਰਪ੍ਰੀਤ ਸਿੰਘ ਉਰਫ ਸੋਨੂੰ ਨੂੰ ਗਵਾਹੀ ਤੋਂ ਮੁੱਕਰਾ ਦਿੱਤਾ ਗਿਆ। ਹਾਈਕੋਰਟ ਨੇ ਵੀ ਫਾਇਲਾ ਗੁੰਮ ਹੋਣ ਦਾ ਗੰਭੀਰ ਨੋਟਿਸ ਲਿਆ, ਪਰ ਕਿਸੇ ਵੀ ਦੋਸ਼ੀ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਗਈ।
ਇਸ ਕੇਸ ਨੂੰ ਅੰਜ਼ਾਮ ਤੱਕ ਪਹੁੰਚਾਉਣ ਵਾਲੇ ਤੇ ਹਮੇਸ਼ਾਂ ਹੀ ਚਰਚਾ ਵਿੱਚ ਰਹਿਣ ਵਾਲੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ (ਅਜੀਤ ਸਿੰਘ ਬੈਂਸ) ਨਾਲ ਕੰਮ ਕਰਨ ਵਾਲੇ ਐਡਵੋਕੇਟ ਸਰਬਜੀਤ ਸਿੰਘ ਨੇ ਦੱਸਿਆ ਇਸ ਕੇਸ ਵਿੱਚ ਉਹਨਾਂ ਦੋਸ਼ੀਆ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਜਿਹਨਾਂ ਰਿਕਾਰਡ ਗਾਇਬ ਕੀਤਾ ਤੇ ਟੈਂਪਰ ਕੀਤਾ ਸੀ।
ਉਹਨਾਂ ਕਿਹਾ ਕਿ ਜਸਟਿਸ ਬੈਂਸ ਦਾ ਉਹਨਾਂ ਨੂੰ ਅਸ਼ੀਰਵਾਦ ਹੈ ਕਿ ਕੋਈ ਵੀ ਦੋਸ਼ੀ ਬਖਸ਼ਣਾ ਨਹੀਂ। ਉਹਨਾਂ ਦੱਸਿਆ ਇਸ ਕੇਸ ਨੂੰ 16 ਸਾਲ ਇਸ ਕਰਕੇ ਲੱਗ ਗਏ ਕਿ ਕੁਲਤਾਰ ਸਿੰਘ ਤੇ ਸਾਥੀਆ ਨੇ ਹਰ ਸੰਭਵ ਯਤਨ ਕੀਤੇ ਕਿ ਕਿਸੇ ਤਰੀਕੇ ਨਾਲ ਉਹ ਰਿਕਾਰਡ ਖਤਮ ਕਰ ਦੇਣ, ਪਰ ਉਹ ਹਮੇਸ਼ਾਂ ਹਰ ਬਿਆਨ ਦੀ ਤਸਦੀਕਸ਼ੁਦਾ ਕਾਪੀ ਲੈ ਲੈਂਦੇ ਸਨ, ਕਿਉਕਿ ਉਹਨਾਂ ਨੂੰ ਜਾਣਕਾਰੀ ਸੀ ਕਿ ਇਹ ਲੋਕ ਗੜਬੜ ਜ਼ਰੂਰ ਕਰਨਗੇ।
ਉਹਨਾਂ ਦੱਸਿਆ ਕਿ ਇਸ ਕੇਸ ਵਿੱਚ ਕੁਲਤਾਰ ਸਿੰਘ ਨੂੰ ਸਰਕਾਰ ਨੇ ਕੇਸ ਚੱਲਣ ਦੇ ਬਾਵਜੂਦ ਵੀ ਡੀ ਆਈ ਜੀ ਬਣਾਇਆ ਸੀ ਜਿਸ ਨੂੰ ਉਸ ਦੇ ਸਾਥੀਆਂ ਪਰਮਿੰਦਰ ਕੌਰ, ਪਰਮਿੰਦਰਪਾਲ ਸਿੰਘ, ਮਹਿੰਦਰ ਸਿੰਘ ਤੇ ਸਬਰੀਨ ਕੌਰ ਦੀਆ ਕਰਤੂਤਾਂ ਕਾਰਨ ਵੱਖ-ਵੱਖ ਧਾਰਾਵਾਂ ਤਹਿਤ ਅੱਠ ਸਾਲ ਦੀ ਬਾਮੁਸ਼ੱਕਤ ਸਜਾ ਸੁਣਾਈ ਹੈ ਜਦ ਕਿ ਥਾਣਾ ਮੁੱਖੀ ਤੇ ਤੱਤਕਾਲੀ ਐਸ ਐਚ ਓ ਨੂੰ ਚਾਰ ਸਾਲ ਦੀ ਸਜਾ ਸੁਣਾਈ ਹੈ। ਜਦੋ ਉਹਨਾਂ ਨੂੰ ਜਮਾਨਤ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਸ ਕੇਸ ਵਿੱਚ ਦੋਸ਼ੀ ਤੀਸਰੇ ਹਿੱਸੇ ਸਜ਼ਾ ਭੁਗਤਣ ਉਪਰੰਤ ਹੀ ਜ਼ਮਾਨਤ ਲਗਾ ਸਕਣਗੇ।

223 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper